ਪੰਜਾਬ ਟੂਡੇ ਗਰੁੱਪ ਦੇ ਚੇਅਰਮੈਨ JK ਜੈਨ ਦਾ ਦਾਅਵਾ, ਜਾਅਲੀ ਪਰਚੀਆਂ ਰਾਹੀਂ ਰੇਤ ਮਾਈਨਿੰਗ ’ਚ ਹੋ ਰਿਹੈ ਅਰਬਾਂ ਦਾ ਘਪਲਾ

Tuesday, Jan 18, 2022 - 08:40 PM (IST)

ਜਲੰਧਰ (ਜਗਬਾਣੀ ਵੈੱਬ)-ਪੰਜਾਬ ਟੂਡੇ ਗਰੁੱਪ ਦੇ ਚੇਅਰਮੈਨ ਜੇ. ਕੇ. ਜੈਨ ਨੇ ਰੇਤ ਮਾਈਨਿੰਗ ’ਚ ਹੋ ਰਹੇ ਅਰਬਾਂ ਰੁਪਏ ਦੇ ਵੱਡੇ ਘਪਲੇ ਦਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲ੍ਹਾ ਪਠਾਨਕੋਟ, ਰੋਪੜ ਤੇ ਨਵਾਂਸ਼ਹਿਰ ’ਚ ਰੇਤ ਮਾਈਨਿੰਗ ਦੇ ਠੇਕੇਦਾਰ ਅਰਬਾਂ ਰੁਪਏ ਦਾ ਘਪਲਾ ਕਰ ਰਹੇ ਹਨ। ਸਰਕਾਰ ਨੇ ਇਨ੍ਹਾਂ ਨੂੰ ਜਿੰਨੇ ਫੁੱਟ ਤੱਕ ਰੇਤਾ ਕੱਢਣ ਲਈ ਠੇਕਾ ਦਿੱਤਾ ਸੀ, ਇਹ ਉਸ ਤੋਂ ਕਈ ਗੁਣਾ ਜ਼ਿਆਦਾ ਰੇਤਾ ਕੱਢ ਚੁੱਕੇ ਹਨ। ਜੈਨ ਨੇ ਕਿਹਾ ਕਿ ਜਿਹੜੇ ਲੋਕ ਪ੍ਰਾਈਵੇਟ ਮਾਈਨਿੰਗ ਕਰ ਰਹੇ ਹਨ, ਉਨ੍ਹਾਂ ਨੇ ਗ਼ੈਰ-ਕਾਨੂੰਨੀ ਤੌਰ ’ਤੇ 20 ਤੋਂ 30 ਫੁੱਟ ਤਕ ਜ਼ਿਆਦਾ ਮਾਈਨਿੰਗ ਕਰ ਲਈ ਹੈ, ਜੋ ਕਿ ਸ਼ਰੇਆਮ ਭਾਰਤ ਸਰਕਾਰ ਦੇ ਨਿਯਮਾਂ ਦੇ ਖ਼ਿਲਾਫ਼ ਹੈ।ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਸਭ ਕੁਝ ਜ਼ਿਲ੍ਹਾ ਮਾਈਨਿੰਗ ਅਫ਼ਸਰ ਦੀ ਨਿਗਰਾਨੀ ’ਚ ਹੋ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਘਪਲੇ ਵਿੱਚ ਜਾਅਲੀ ਪਰਚੀਆਂ ਦੇ ਕੇ ਰੋਜ਼ ਦੇ ਕਰੋੜਾਂ ਰੁਪਏ ਵਸੂਲੇ ਜਾ ਰਹੇ ਹਨ। ਕੋਰੋਨਾ ਕਾਲ ਦੌਰਾਨ ਇਨ੍ਹਾਂ ਠੇਕੇਦਾਰਾਂ ਨੇ ਸਰਕਾਰ ਵੱਲੋਂ ਕਈ ਸੌ ਕਰੋੜ ਰੁਪਿਆ ਇਹ ਕਹਿ ਕਿ ਛੁਡਵਾ ਲਿਆ ਕਿ ਰੇਤ ਮਾਈਨਿੰਗ ਦਾ ਕੰਮ ਬੰਦ ਹੈ ਜਦਕਿ ਅਸਲੀਅਤ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ।ਇਸ ਤਰ੍ਹਾਂ ਠੇਕੇਦਾਰਾਂ ਨੇ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਦਾ ਚੂਨਾ ਲਗਾਇਆ ਹੈ।

ਇਹ ਵੀ ਪੜ੍ਹੋ : ਮਾਣ ਵਾਲੀ ਗੱਲ : ਨਿਊਜ਼ੀਲੈਂਡ ਦੀ ਡਿਸਟ੍ਰਿਕਟ ਹਾਈਕੋਰਟ ’ਚ ਟੈਰੇਂਸ ਸਿੰਘ ਬਣੇ ਪਹਿਲੇ ਪੰਜਾਬੀ ਜੱਜ

ਉਨ੍ਹਾਂ ਵੱਡੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਇਸ ਘਪਲੇ ’ਚ ਹੇਠਾਂ ਤੋਂ ਲੈ ਕੇ ਉਪਰ ਤੱਕ ਸਾਰੇ ਅਫ਼ਸਰ ਮਿਲੇ ਹੋਏ ਹਨ। ਪਿਛਲੇ ਸਾਢੇ ਚਾਰ ਸਾਲ ਤੋਂ 25 ਤੋਂ 30 ਰੁਪਏ ਫੁੱਟ ਰੇਤਾ ਵਿਕ ਰਹੀ ਹੈ ਜਿਸ ਕਾਰਨ ਵੱਡਾ ਘਪਲਾ ਹੋਇਆ ਹੈ।  ਉਨ੍ਹਾਂ ਕਿਹਾ ਕਿ ਬਾਹਰਲੇ ਸੂਬਿਆਂ ਜਿਵੇਂ ਜੰਮੂ-ਕਸ਼ਮੀਰ ਜਾਂ ਹਿਮਾਚਲ ਤੋਂ ਆਉਣ ਵਾਲੇ ਰੇਤਾ ਦੇ ਟਰੱਕਾਂ  ਕੋਲੋਂ ਵੀ ਗੁੰਡਾ ਟੈਕਸ ਉਗਰਾਹਿਆ ਜਾ ਰਿਹਾ ਹੈ ਪੰਜਾਬ ਪੁਲਸ ਇਸ ਗੁੰਡਾ ਟੈਕਸ ਵਿੱਚ ਠੇਕੇਦਾਰਾਂ ਦੀ ਮਦਦ ਕਰਦੀ ਹੈ। ਕਾਨੂੰਨੀ ਤੌਰ ’ਤੇ ਰੇਤਾ ਦੇ ਟਰੱਕ ਟੈਕਸ ਅਦਾ ਕਰਨ ਮਗਰੋਂ ਕਿਸੇ ਵੀ ਸੂਬੇ ਵਿੱਚ ਜਾ ਸਕਦੇ ਹਨ ਪਰ ਕਾਨੂੰਨ ਨੂੰ ਛਿੱਕੇ ਟੰਗ ਕੇ ਠੇਕੇਦਾਰ ਇਹ ਗ਼ੈਰ-ਕਾਨੂੰਨੀ ਕੰਮ ਵੀ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਰੇਤਾ-ਰੋੜੀ ਦੀਆਂ ਕੀਮਤਾਂ ਹੇਠਾਂ ਨਾ ਆਉਣ ਦਾ ਸਭ ਤੋਂ ਵੱਡਾ ਕਾਰਨ ਵੀ ਇਹੀ ਹੈ। ਜੈਨ ਨੇ ਕਿਹਾ ਕਿ ਨਵੇਂ ਵਿਅਕਤੀ ਨੂੰ ਉਥੇ ਕ੍ਰੈਸ਼ਰ ਲਾਉਣ ਦੀ ਸਰਕਾਰ ਆਗਿਆ ਨਹੀਂ ਦਿੰਦੀ ਤੇ ਕਹਿੰਦੀ ਹੈ ਕਿ ਇਸ ’ਤੇ ਰੋਕ ਲਾਈ ਹੋਈ ਹੈ। ਸਰਕਾਰ ਨੇ ਇਸ ਨੂੰ ਪੈਸੇ ਖਾਣ ਦਾ ਇਕ ਜ਼ਰੀਆ ਬਣਾਇਆ ਹੋਇਆ ਹੈ। ਜੇ ਦੂਜੇ ਸੂਬਿਆਂ ਤੋਂ ਆ ਕੇ ਪੰਜਾਬ ’ਚ ਮਾਲ ਵਿਕੇਗਾ ਤਾਂ ਹੀ ਭਾਅ ਘਟਣਗੇ ਕਿਉਂਕਿ ਇਨ੍ਹਾਂ ਦੇ ਮੁਕਾਬਲੇ ’ਚ ਉਹ ਸਸਤਾ ਰੇਤਾ ਵੇਚਣਗੇ। ਨਵਾਂਸ਼ਹਿਰ ’ਚ ਰੋਜ਼ਾਨਾ ਦੌ ਤਿੰਨ ਸੌ ਟਰੱਕ ਭਰਵਾ ਕੇ ਠੇਕੇਦਾਰ ਆਪਣੀ ਮਨਮਰਜ਼ੀ ਦੇ ਵੈਸੇ ਵਸੂਲਦੇ ਹਨ।

ਇਹ ਵੀ ਪੜ੍ਹੋ : ਰਾਣਾ ਗੁਰਜੀਤ ਖ਼ਿਲਾਫ਼ ਕਾਂਗਰਸੀਆਂ ਨੇ ਖੋਲ੍ਹਿਆ ਮੋਰਚਾ, ਇਨ੍ਹਾਂ ਵਿਧਾਇਕਾਂ ਨੇ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ

ਉਨ੍ਹਾਂ ਦੀ ਕੋਈ ਵੀ ਚੈਕਿੰਗ ਕਰਨ ਵਾਲਾ ਨਹੀਂ ਹੈ। ਇਸ ਦੌਰਾਨ ਉਨ੍ਹਾਂ ਖ਼ੁਲਾਸਾ ਕੀਤਾ ਕਿ ਜਦੋਂ ਇਹ ਠੇਕੇ ਅਲਾਟ ਹੋਏ ਸਨ ਤਾਂ ਭਾਰਤ ਸਰਕਾਰ ਦੀ ਪਾਲਿਸੀ ਅਨੁਸਾਰ ਇਨਵਾਇਰਨਮੈਂਟ ਕਲੀਅਰੈਂਸ ਵੀ ਨਹੀਂ ਲਈ ਗਈ, ਜਿਸ ਵਿਚ ਵੀ ਅਰਬਾਂ ਰੁਪਏ ਦਾ ਘਪਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਪੂਰਾ ਸਿਸਟਮ ਇਕ ਚੇਨ ਵਾਂਗ ਮਿਲ ਕੇ ਕੰਮ ਕਰ ਰਿਹਾ ਹੈ ਜਿਸ ਵਿੱਚ ਸਿਆਸੀ ਲੋਕਾਂ ਦੀ ਵੱਡੀ ਸ਼ਮੂਲੀਅਤ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਅਰਬਾਂ ਰੁਪਏ ਦੇ ਘਪਲੇ ਨੂੰ ਲੈ ਕੇ ਸੀ. ਬੀ. ਆਈ. ਇਕ ਕੇਸ ਰਜਿਸਟਰ ਕਰੇ ਤੇ ਇਨ੍ਹਾਂ ਦਾ ਪਰਦਾਫਾਸ਼ ਕਰਨ ਉਪਰੰਤ ਦੋਸ਼ੀ ਜੇਲ੍ਹ ਭੇਜੇ ਜਾਣ। ਉਨ੍ਹਾਂ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਕੇਂਦਰ ਦੇ ਵਾਤਾਵਰਨ ਪ੍ਰਦੂਸ਼ਣ ਕੰਟਰੋਲ ਵਿਭਾਗ ਨੂੰ ਬੇਨਤੀ ਵੀ ਕੀਤੀ ਕਿ ਉਹ ਆਪਣੀ ਟੀਮ ਭੇਜੇ ਤੇ ਇਹ ਗੈਰ-ਕਾਨੂੰਨੀ ਮਾਈਨਿੰਗ ਬੰਦ ਕਰਵਾਈ ਜਾਵੇ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


Manoj

Content Editor

Related News