ਕੇਂਦਰ ਤੋਂ ਹੋਰ ਜ਼ਿਆਦਾ ਆਕਸੀਜਨ ਟੈਂਕਰਾਂ ਦੀ ਮੰਗ ਕਰੇਗੀ ਪੰਜਾਬ ਸਰਕਾਰ : ਮੁੱਖ ਸਕੱਤਰ

Sunday, May 16, 2021 - 01:50 AM (IST)

ਕੇਂਦਰ ਤੋਂ ਹੋਰ ਜ਼ਿਆਦਾ ਆਕਸੀਜਨ ਟੈਂਕਰਾਂ ਦੀ ਮੰਗ ਕਰੇਗੀ ਪੰਜਾਬ ਸਰਕਾਰ : ਮੁੱਖ ਸਕੱਤਰ

ਚੰਡੀਗੜ੍ਹ, (ਰਮਨਜੀਤ)- ਮੈਡੀਕਲ ਆਕਸੀਜਨ ਦੀ ਵਧਦੀ ਮੰਗ ਅਤੇ ਪੂਰਤੀ ਵਿਚਲੇ ਗੈਪ ਨੂੰ ਭਰਨ ਲਈ ਪੰਜਾਬ ਸਰਕਾਰ ਕੇਂਦਰ ਤੋਂ ਹੋਰ ਜ਼ਿਆਦਾ ਆਕਸੀਜਨ ਟੈਂਕਰਾਂ ਦੀ ਮੰਗ ਕਰੇਗੀ ਤਾਂ ਜੋ ਜ਼ਿੰਦਗੀ ਬਚਾਊ ਇਸ ਗੈਸ ਦੀ ਲੋੜੀਂਦੀ ਸਪਲਾਈ ਪੰਜਾਬ ਨੂੰ ਮਿਲਦੀ ਰਹੇ। ਇਸ ਤੋਂ ਇਲਾਵਾ ਆਪਣੇ ਪੱਧਰ ’ਤੇ ਪੰਜਾਬ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਆਕਸੀਜਨ ਟੈਂਕਰ ਲਿਆਉਣ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਅੱਜ ਸੂਬੇ ’ਚ ਆਕਸੀਜਨ ਦੀ ਉਪਲੱਬਧਤਾ, ਲੋੜ ਤੇ ਵੰਡ ਅਤੇ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਪੀੜਤਾਂ ਦੇ ਇਲਾਜ ਸਬੰਧੀ ਸੂਬੇ ’ਚ ਚੱਲ ਰਹੇ ਕੰਮਾਂ ਸਬੰਧੀ ਇਕ ਆਨਲਾਈਨ ਉੱਚ ਪੱਧਰੀ ਰੀਵਿਊ ਮੀਟਿੰਗ ਦੌਰਾਨ ਕੀਤਾ।

ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਕਸੀਜਨ ਦੀ ਸਪਲਾਈ ਪੰਜਾਬ ਲਿਆਉਣ ਸਬੰਧੀ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ. ਸ਼ਿਵਾ ਪ੍ਰਸਾਦ ਨੇ ਮੁੱਖ ਸਕੱਤਰ ਨੂੰ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੈਲਜੀਅਮ ਅਤੇ ਆਸਟ੍ਰੇਲੀਆ ਤੋਂ ਵੀ ਆਕਸੀਜਨ ਦੇ ਟੈਂਕਰ ਪੰਜਾਬ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਜਲਦ ਹੀ ਬੈਲਜੀਅਮ ਅਤੇ ਆਸਟ੍ਰੇਲੀਆ ਤੋਂ ਵੀ ਆਕਸੀਜਨ ਦੇ ਟੈਂਕਰ ਪੰਜਾਬ ਪੁੱਜ ਜਾਣਗੇ।


author

Bharat Thapa

Content Editor

Related News