ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜਾਬ ਰਾਜ ਮਹਿਲਾ ਗੱਤਕਾ ਚੈਂਪੀਅਨਸ਼ਿਪ ਦੀ ਸ਼ੁਰੂਆਤ
Saturday, Dec 03, 2022 - 05:56 PM (IST)
ਕੋਟਕਪੂਰਾ (ਗਰੇਵਾਲ)- ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ ਗੱਤਕਾ ਐਸੋਸੀਏਸ਼ਨ ਆਫ਼ ਪੰਜਾਬ ਦੇ ਸਹਿਯੋਗ ਨਾਲ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਆਫ਼ ਫਰੀਦਕੋਟ ਵੱਲੋਂ ਬਾਬਾ ਫਰੀਦ ਕਾਲਜ ਆਫ਼ ਨਰਸਿੰਗ ਕੋਟਕਪੂਰਾ ਵਿਖੇ ਕਰਵਾਈ ਜਾ ਰਹੀ ਦਸਵੀਂ ਦੋ ਰੋਜਾ ਪੰਜਾਬ ਰਾਜ ਗੱਤਕਾ (ਮਹਿਲਾ) ਚੈਂਪੀਅਨਸ਼ਿਪ ਦੀ ਸ਼ੁਰੂਆਤ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਕੀਤੀ । ਇਸ ਦੌਰਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅੱਜ ਸਿੱਖ ਵਿਰਾਸਤ ਦੀ ਪੁਰਾਤਨ ਗੱਤਕਾ ਕਲਾ ਕੌਮਾਂਤਰੀ ਖੇਡ ਬਣਨ ਲਈ ਤੱਤਪਰ ਹੈ, ਜਿਸ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਵੱਡੇ ਉਪਰਾਲੇ ਜਾਰੀ ਹਨ। ਸਪੀਕਰ ਸੰਧਵਾਂ ਨੇ ਗੁਰਇਤਿਹਾਸ, ਭਾਰਤੀ ਸੱਭਿਆਚਾਰ, ਸਿੱਖ ਵਿਰਾਸਤ, ਰਵਾਇਤੀ ਕਲਾ, ਸਿੱਖ ਸ਼ਸ਼ਤਰ ਵਿਦਿਆ ਵਰਗੀਆਂ ਅਨੇਕਾਂ ਉਦਾਹਰਣ ਦਿੰਦਿਆਂ ਕਿਹਾ ਕਿ ਹਰ ਵਿਦਿਆਰਥੀ ਨੂੰ ਸਵੈ ਰੱਖਿਆ ਲਈ ਇਸ ਵਿਰਾਸਤੀ ਖੇਡ ਨੂੰ ਅਪਨਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਆਈ. ਐੱਸ. ਆਈ. ਜੰਮੂ-ਕਸ਼ਮੀਰ ਤੋਂ ਬਾਅਦ ਪੰਜਾਬ ਨੂੰ ਬਣਾ ਰਿਹਾ ਆਪਣਾ ਟਾਰਗੇਟ: ਮਨਿੰਦਰਜੀਤ ਸਿੰਘ ਬਿੱਟਾ
ਉਨ੍ਹਾਂ ਗੱਤਕਾ ਐਸੋਸੀਏਸ਼ਨਾਂ ਦੇ ਕੌਮੀ ਅਤੇ ਸੂਬਾਈ ਅਹੁਦੇਦਾਰਾਂ ਕ੍ਰਮਵਾਰ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਪੰਕਜ ਧਮੀਜਾ, ਹਰਬੀਰ ਸਿੰਘ ਦੁੱਗਲ, ਸਿਮਰਨਜੀਤ ਸਿੰਘ ਚੰਡੀਗੜ੍ਹ, ਕਮਲਪਾਲ ਸਿੰਘ ਫਿਰੋਜਪੁਰ ਅਤੇ ਤਲਵਿੰਦਰ ਸਿੰਘ ਦੀ ਹਾਜਰੀ ਵਿੱਚ ਗੁਰਦਾਸਪੁਰ ਅਤੇ ਬਠਿੰਡਾ ਦੀਆਂ ਲੜਕੀਆਂ ਦੀਆਂ ਟੀਮਾਂ ਦੇ ਮੁਕਾਬਲੇ ਵੀ ਸ਼ੁਰੂ ਕਰਵਾਏ, ਜਿਸ ਵਿੱਚੋਂ ਬਠਿੰਡਾ ਦੀ ਟੀਮ ਜੇਤੂ ਰਹੀ।
ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਕਰਾਉਣ ਲਈ ਜ਼ਿਲ੍ਹਾ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਸਮੇਤ ਸਮੁੱਚੀ ਜਿਲਾ ਗੱਤਕਾ ਐਸੋਸੀਏਸ਼ਨ ਟੀਮ ਵਧਾਈ ਦੀ ਹੱਕਦਾਰ ਹੈ ਅਤੇ ਉਨ੍ਹਾਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਜ਼ਿਲ੍ਹਾ ਐਸੋਸੀਏਸ਼ਨ ਨੂੰ ਇਕ ਲੱਖ ਰੁਪਏ ਅਖਤਿਆਰੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ। ਸਪੀਕਰ ਸੰਧਵਾਂ ਨੇ ਇਸ ਮੌਕੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਪ੍ਰਕਾਸ਼ਿਤ ਗੱਤਕਾ ਪੱਤਰਿਕਾ (ਬਰੋਸ਼ਰ) ਨੂੰ ਵੀ ਰਿਲੀਜ ਕੀਤਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਸਪੀਕਰ ਸੰਧਵਾਂ ਸਮੇਤ ਸਾਰੇ ਮਹਿਮਾਨਾ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਪੰਜਾਬ ਭਰ ਦੇ 16 ਜ਼ਿਲ੍ਹਿਆਂ ਵਿੱਚੋਂ 400 ਦੇ ਲਗਭਗ ਲੜਕੀਆਂ ਇਸ ਦੋ ਰੋਜਾ ਟੂਰਨਾਮੈਂਟ ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲਿਆਂ ਵਿੱਚ ਭਾਗ ਲੈ ਰਹੀਆਂ ਹਨ। ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਮੁਤਾਬਕ ਇਸ ਸੂਬਾਈ ਚੈਂਪੀਅਨਸ਼ਿਪ ਦੌਰਾਨ ਡਾ. ਪ੍ਰੀਤਮ ਸਿੰਘ ਛੌਕਰ, ਹਰਪ੍ਰੀਤ ਸਿੰਘ ਢਿੱਲੋਂ, ਬਲਜੀਤ ਸਿੰਘ ਖੀਵਾ, ਪੱਪੂ ਲਹੌਰੀਆ, ਗੁਰਪ੍ਰੀਤ ਸਿੰਘ ਕਾਕਾ, ਯੂਨਾਈਟਡ ਸ਼ੋਸ਼ਲ ਆਰਗੇਨਾਈਜੇਸ਼ਨ ਅਤੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਸਮੇਤ ਹੋਰ ਵੀ ਵੱਖ-ਵੱਖ ਸੰਸਥਾਵਾਂ ਤੇ ਜਥੇਬੰਦੀਆਂ ਦਾ ਭਰਪੂਰ ਸਹਿਯੋਗ ਰਿਹਾ। ਰੈਫਰੀ ਅਤੇ ਕੁਮੈਂਟਰੀ ਵਿੱਚ ਕ੍ਰਮਵਾਰ ਨਰਿੰਦਰਪਾਲ ਸਿੰਘ ਪਾਰਸ, ਯੋਗਰਾਜ ਸਿੰਘ, ਹਰਦੇਵ ਸਿੰਘ, ਕਰਮਜੀਤ ਸਿੰਘ, ਸੁਖਦੀਪ ਸਿੰਘ, ਹਰਦੀਪ ਸਿੰਘ ਅਤੇ ਗੁਰਦੇਵ ਸਿੰਘ ਸ਼ੰਟੀ ਨੇ ਵਧੀਆ ਸੇਵਾਵਾਂ ਨਿਭਾਈਆਂ।
ਇਹ ਵੀ ਪੜ੍ਹੋ : ਨਸ਼ੇ ਦੇ ਖ਼ਿਲਾਫ਼ ਮਿਸਾਲ ਬਣ ਕੇ ਉਭਰਿਆ ਜਲੰਧਰ ਦਾ ਪਿੰਡ ਰਾਣੀ ਭੱਟੀ, ਹੋ ਰਹੀਆਂ ਨੇ ਹਰ ਪਾਸੇ ਤਾਰੀਫ਼ਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।