ਮੰਤਰੀ ਆਸ਼ੂ ਕਰਨਗੇ ਪੰਜਾਬ ਸਟੇਟ ਖੇਡਾਂ ਦਾ ਆਗਾਜ਼, 3 ਹਜ਼ਾਰ ਖਿਡਾਰੀ ਲੈਣਗੇ ਹਿੱਸਾ

Wednesday, Aug 21, 2019 - 01:49 PM (IST)

ਮੰਤਰੀ ਆਸ਼ੂ ਕਰਨਗੇ ਪੰਜਾਬ ਸਟੇਟ ਖੇਡਾਂ ਦਾ ਆਗਾਜ਼, 3 ਹਜ਼ਾਰ ਖਿਡਾਰੀ ਲੈਣਗੇ ਹਿੱਸਾ

ਲੁਧਿਆਣਾ (ਵਿੱਕੀ) : ਖੇਡ ਵਿਭਾਗ ਪੰਜਾਬ ਵਲੋਂ ਮਿਸ਼ਨ ਸਿਹਤਮੰਦ ਪੰਜਾਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਟੇਟ ਖੇਡਾਂ 21 ਤੋਂ 23 ਅਗਸਤ ਤੱਕ ਲੁਧਿਆਣਾ 'ਚ ਕਰਵਾਈਆਂ ਜਾ ਰਹੀਆਂ ਹਨ। ਜਾਣਕਾਰੀ ਦਿੰਦਿਆਂ ਜ਼ਿਲਾ ਖੇਡ ਅਧਿਕਾਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਅੰਡਰ-14 ਵਰਗ ਦੀਆਂ ਇਨ੍ਹਾਂ ਖੇਡਾਂ ਦਾ ਉਦਘਾਟਨ ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਸਵੇਰੇ 11 ਵਜੇ ਗੁਰੂ ਨਾਨਕ ਸਟੇਡੀਅਮ 'ਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ 'ਚ ਰਾਜ ਦੇ ਸਾਰੇ ਜ਼ਿਲਿਆਂ ਦੇ 3000 ਤੋਂ ਜ਼ਿਆਦਾ ਖਿਡਾਰੀ ਅਤੇ 300 ਤੋਂ ਜ਼ਿਆਦਾ ਅਫੀਸ਼ੀਅਲ ਹਿੱਸਾ ਲੈਣਗੇ।

ਇਹ ਖੇਡ ਗੁਰੂ ਨਾਨਕ ਸਟੇਡੀਅਮ, ਮਲਟੀਪਰਪਜ਼ ਹਾਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਬੀ. ਵੀ. ਐਮ. ਸਕੂਲ, ਲਈਅਰ ਵੈਲੀ ਕਲੱਬ, ਖਾਲਸਾ ਕਾਲਜ (ਲੜਕੀਆਂ) ਅਤੇ ਜੀ. ਐੱਚ. ਜੀ. ਖਾਲਸਾ ਕਾਲਜ ਗੁਰੂਸਰ ਸੁਧਾਰ ਦੇ ਖੇਡ ਮੈਦਾਨਾਂ 'ਚ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਦੌਰਾਨ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਟੈਬਲ ਟੈਨਿਸ, ਬਾਕਸਿੰਗ, ਕੁਸ਼ਤੀ, ਜਿਮਨਾਸਟਿਕ, ਵਾਲੀਬਾਲ, ਖੋ-ਖੋ, ਹਾਕੀ, ਹੈਂਡਬਾਲ, ਫੁੱਟਬਾਲ, ਤੈਰਾਕੀ, ਜੁੱਡੋ, ਚੈੱਸ, ਰੋਲਰ ਸਕੇਟਿੰਗ, ਫੈਂਸਿੰਗ, ਕਬੱਡੀ ਨੈਸ਼ਨਲ ਸਟਾਈਲ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਜ਼ਿਲਿਆਂ ਤੋਂ ਆਉਣ ਵਾਲੇ ਖਿਡਾਰੀ ਅਤੇ ਅਧਿਕਾਰੀਆਂ ਦੇ ਰਹਿਣ, ਖਾਣ-ਪੀਣ ਅਤੇ ਆਵਾਜਾਈ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਖੇਡਾਂ ਦੌਰਾਨ ਖੇਡ ਭਾਵਨਾ ਨਾਲ ਖੇਡਣ ਤਾਂ ਜੋ ਖੇਡਾਂ ਦੇ ਖੇਤਰ 'ਚ ਸੂਬੇ ਦਾ ਨਾਂ ਉੱਚਾ ਕੀਤਾ ਜਾ ਸਕੇ। 


author

Babita

Content Editor

Related News