ਪੰਜਾਬੀਆਂ ਲਈ ਵੱਡੀ ਰਾਹਤ ਦੀ ਖ਼ਬਰ! ਪਹਾੜਾਂ ਦੀ ਬਰਫ਼ਬਾਰੀ ਨੇ ਸਾਫ਼ ਕੀਤੀ ਆਬੋ-ਹਵਾ
Saturday, Nov 14, 2026 - 08:32 PM (IST)
ਚੰਡੀਗੜ੍ਹ, (ਵੈੱਬ ਡੈਸਕ) : ਗੁਆਂਢੀ ਪਹਾੜੀ ਸੂਬਿਆਂ ਵਿੱਚ ਹੋਈ ਬਾਰਿਸ਼ ਤੇ ਬਰਫ਼ਬਾਰੀ ਅਤੇ ਪੰਜਾਬ ਵਿੱਚ ਪਿਛਲੇ 48 ਘੰਟਿਆਂ ਤੋਂ ਛਾਈ ਬੱਦਲਵਾਈ ਕਾਰਨ ਸੂਬੇ ਦੇ ਹਵਾ ਗੁਣਵੱਤਾ ਸੂਚਕ ਅੰਕ (AQI) ਵਿੱਚ ਵੱਡਾ ਸੁਧਾਰ ਦਰਜ ਕੀਤਾ ਗਿਆ ਹੈ। ਤਾਜ਼ਾ ਅੰਕੜਿਆਂ ਅਨੁਸਾਰ ਸੂਬੇ ਦੇ ਛੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਹੁਣ ਸਿਰਫ਼ ਦੋ ਸ਼ਹਿਰ ਹੀ 'ਮਾੜੀ' ਸ਼੍ਰੇਣੀ ਵਿੱਚ ਰਹਿ ਗਏ ਹਨ, ਜਦਕਿ ਬਾਕੀ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ 'ਦਰਮਿਆਨੀ' ਸ਼੍ਰੇਣੀ ਵਿੱਚ ਆ ਗਈ ਹੈ।
ਸ਼ਨੀਵਾਰ ਦੁਪਹਿਰ ਦੇ ਅੰਕੜਿਆਂ ਮੁਤਾਬਕ ਪਟਿਆਲਾ ਵਿੱਚ ਸਭ ਤੋਂ ਘੱਟ 144 ਏ.ਕਿਊ.ਆਈ. ਦਰਜ ਕੀਤਾ ਗਿਆ, ਜਿਸ ਨਾਲ ਇਹ ਸੂਬੇ ਦਾ ਸਭ ਤੋਂ ਸਾਫ਼ ਸ਼ਹਿਰ ਰਿਹਾ। ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ, ਜੋ ਪਿਛਲੇ ਹਫ਼ਤੇ 'ਮਾੜੀ' ਸ਼੍ਰੇਣੀ ਵਿੱਚ ਸੀ, ਦੀ ਹਵਾ ਵਿੱਚ ਸੁਧਾਰ ਹੋਇਆ ਹੈ ਅਤੇ ਇੱਥੇ ਏ.ਕਿਊ.ਆਈ. 188 ਦਰਜ ਕੀਤਾ ਗਿਆ। ਹੋਰਨਾਂ ਸ਼ਹਿਰਾਂ ਵਿੱਚ ਲੁਧਿਆਣਾ ਦਾ ਏ.ਕਿਊ.ਆਈ. 151 ਅਤੇ ਖੰਨਾ ਦਾ ਏ.ਕਿਊ.ਆਈ. 155 ਦਰਜ ਕੀਤਾ ਗਿਆ, ਜੋ ਸ਼ੁੱਕਰਵਾਰ ਦੇ 235 ਤੋਂ ਘਟ ਕੇ ਕਾਫ਼ੀ ਹੇਠਾਂ ਆਇਆ ਹੈ। ਦੂਜੇ ਪਾਸੇ, ਅੰਮ੍ਰਿਤਸਰ 225 ਅਤੇ ਬਠਿੰਡਾ 210 ਏ.ਕਿਊ.ਆਈ. ਨਾਲ ਅਜੇ ਵੀ 'ਮਾੜੀ' ਸ਼੍ਰੇਣੀ ਵਿੱਚ ਬਣੇ ਹੋਏ ਹਨ।
ਪਰਾਲੀ ਸਾੜਨ ਦੇ ਮਾਮਲੇ ਤੇ ਮਾਹਿਰਾਂ ਦੀ ਰਾਏ
ਹਵਾ ਵਿੱਚ ਸੁਧਾਰ ਦੇ ਬਾਵਜੂਦ ਪਰਾਲੀ ਸਾੜਨ ਦੇ ਮਾਮਲੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਸ਼ੁੱਕਰਵਾਰ ਨੂੰ 200 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੂਬੇ ਵਿੱਚ ਪਰਾਲੀ ਸਾੜਨ ਦਾ ਕੁੱਲ ਅੰਕੜਾ 5,800 ਤੋਂ ਪਾਰ ਪਹੁੰਚ ਗਿਆ ਹੈ। ਕਰੋੜਾਂ ਰੁਪਏ ਖਰਚਣ ਅਤੇ ਸੈਂਕੜੇ ਅਧਿਕਾਰੀ ਤਾਇਨਾਤ ਕਰਨ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ ਵਿੱਚ ਦੇਸ਼ ਭਰ ਨਾਲੋਂ ਸਭ ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ ਹਨ।
ਵਾਤਾਵਰਨ ਮਾਹਿਰਾਂ ਅਨੁਸਾਰ ਤੇਜ਼ ਹਵਾਵਾਂ ਚੱਲਣ ਕਾਰਨ ਪ੍ਰਦੂਸ਼ਣ ਦੇ ਕਣ ਖਿੰਡ ਗਏ ਹਨ, ਜਿਸ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਤੇਜ਼ ਹਵਾਵਾਂ ਨਾਲ ਮੀਂਹ ਪੈਂਦਾ ਹੈ ਤਾਂ ਹਵਾ ਹੋਰ ਸਾਫ਼ ਹੋ ਜਾਵੇਗੀ। ਪਰਾਲੀ ਸਾੜਨ ਦਾ ਸੀਜ਼ਨ ਖ਼ਤਮ ਹੋਣ ਦੇ ਨੇੜੇ ਹੋਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਪੂਰੇ ਉੱਤਰੀ ਭਾਰਤ ਦੀ ਹਵਾ ਵਿੱਚ ਸੁਧਾਰ ਆਉਣ ਦੀ ਉਮੀਦ ਹੈ।
ਹਵਾ ਗੁਣਵੱਤਾ ਸੂਚਕ ਅੰਕ (AQI) ਦੀਆਂ ਸ਼੍ਰੇਣੀਆਂ
-0 ਤੋਂ 50: ਚੰਗਾ
-51 ਤੋਂ 100: ਤਸੱਲੀਬਖ਼ਸ਼
-101 ਤੋਂ 200: ਦਰਮਿਆਨਾ
-301 ਤੋਂ 400: ਬਹੁਤ ਮਾੜਾ
-401 ਤੋਂ 500: ਗੰਭੀਰ
