ਪਟਾਕਿਆਂ ਦੇ ਧੂੰਏਂ ਕਾਰਨ ਗੁਰਦਾਸਪੁਰ ਦਾ AQI ਬੇਹੱਦ ਖ਼ਤਰਨਾਕ ਪੱਧਰ ’ਤੇ ਪਹੁੰਚਿਆ
Tuesday, Nov 10, 2026 - 01:14 PM (IST)
ਗੁਰਦਾਸਪੁਰ (ਹਰਮਨ, ਵਿਨੋਦ) : ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਭੂਗੋਲਿਕ ਅਤੇ ਵਾਤਾਵਰਣਕ ਕਾਰਨਾਂ ਕਰ ਕੇ ਜ਼ਿਲਾ ਗੁਰਦਾਸਪੁਰ ’ਚ ਹਵਾ ਦੀ ਗੁਣਵੱਤਾ ਵਿਚ ਲਗਾਤਾਰ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਸੀ। ਪ੍ਰੰਤੂ ਦੀਵਾਲੀ ਦੀ ਰਾਤ ਵੱਡੀ ਮਾਤਰਾ ’ਚ ਚਲਾਏ ਗਏ ਪਟਾਕਿਆਂ ਦੇ ਜ਼ਹਿਰੀਲੇ ਧੂੰਏਂ ਨੇ ਹਵਾ ਦੀ ਗੁਣਵੱਤਾ ਨੂੰ ਬੁਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ। ਹਾਲਾਤ ਇਹ ਬਣੇ ਕਿ ਗੁਰਦਾਸਪੁਰ ਵਿਚ ਹਵਾ ਦਾ ਗੁਣਵੱਤਾ ਸੂਚਕ ਅੰਕ ( ਏ.ਕਿਊ.ਆਈ.) ਰਾਤ ਸਮੇਂ 1100 ਦੇ ਖ਼ਤਰਨਾਕ ਅੰਕੜੇ ਤੱਕ ਪਹੁੰਚ ਗਿਆ, ਜਦਕਿ ਅਗਲੀ ਸਵੇਰ 9 ਨਵੰਬਰ ਨੂੰ ਵੀ ਇਹ 577 ਦੇ ਅਤਿ-ਗੰਭੀਰ ਪੱਧਰ ’ਤੇ ਦਰਜ ਕੀਤਾ ਗਿਆ। ਇਸ ਤਰ੍ਹਾਂ ਦੀਵਾਲੀ ਤੋਂ ਬਾਅਦ ਅਗਲੀ ਸਵੇਰ ਤੱਕ ਵੀ ਹਵਾ ਦੀ ਗੁਣਵੱਤਾ ’ਚ ਸੁਧਾਰ ਨਹੀਂ ਆਇਆ, ਜਿਸ ਕਾਰਨ ਆਮ ਲੋਕਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਨੂੰ ਲੈ ਕੇ ਵੱਡੀ ਚਿੰਤਾ ਪੈਦਾ ਹੋ ਗਈ ਹੈ।
ਇਹ ਵੀ ਪੜ੍ਹੋ-ਵੱਡੀ ਵਾਰਦਾਤ: ਪੰਜਾਬ ਪੁਲਸ ਦੇ ਸਾਹਮਣੇ ਚੱਲੀਆਂ ਤਾਬੜਤੋੜ ਗੋਲੀਆਂ, ਇਕ ਨੌਜਵਾਨ ਦੀ ਮੌਤ, ASI ਸਣੇ 3 ਜ਼ਖ਼ਮੀ
ਗੁਰਦਾਸਪੁਰ ਦੀ ਹਵਾ ਗੁਣਵੱਤਾ ਦੇ ਸਰਕਾਰੀ ਗ੍ਰਾਫ਼ ਅਨੁਸਾਰ 8 ਨਵੰਬਰ ਨੂੰ ਸਵੇਰੇ 11 ਵਜੇ ਦੇ ਕਰੀਬ ਏ.ਕਿਊ.ਆਈ. ਲਗਭਗ 330 ਸੀ, ਜੋ ਦਿਨ ਦੇ ਸਮੇਂ ਕੁਝ ਘਟ ਕੇ 160 ਤੋਂ 180 ਦੇ ਵਿਚਕਾਰ ਆ ਗਿਆ ਸੀ। ਪ੍ਰੰਤੂ ਸ਼ਾਮ ਹੁੰਦੇ ਹੀ ਪਟਾਕੇ ਚੱਲਣ ਨਾਲ ਇਸ ’ਚ ਮੁੜ ਤੇਜ਼ੀ ਨਾਲ ਵਾਧਾ ਹੋਣਾ ਸ਼ੁਰੂ ਹੋ ਗਿਆ। ਰਾਤ ਸਮੇਂ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧਦਾ ਹੋਇਆ ਅੱਧੀ ਰਾਤ ਦੇ ਕਰੀਬ 1100 ਦੇ ਰਿਕਾਰਡ ਪੱਧਰ ਤੱਕ ਪਹੁੰਚ ਗਿਆ। ਇਸ ਤੋਂ ਬਾਅਦ ਸੂਚਕ ਅੰਕ ਵਿੱਚ ਕੁਝ ਕਮੀ ਜ਼ਰੂਰ ਆਈ, ਪਰ 9 ਨਵੰਬਰ ਦੀ ਸਵੇਰ ਵੀ ਇਹ 400 ਤੋਂ 500 ਦੇ ਵਿਚਕਾਰ ਬਣਿਆ ਰਿਹਾ। ਇਸੇ ਦੌਰਾਨ ਸਵੇਰੇ 10 ਵੱਜ ਕੇ 51 ਮਿੰਟ ’ਤੇ ਜਾਰੀ ਲਾਈਵ ਰੀਡਿੰਗ ’ਚ ਏ.ਕਿਊ.ਆਈ. 577 ਦਰਜ ਕੀਤਾ ਗਿਆ। ਇਸੇ ਰੀਡਿੰਗ ਵਿੱਚ ਹਵਾ ਅੰਦਰ ਮੌਜੂਦ ਪੀ. ਐੱਮ. 2.5 ਦੀ ਮਾਤਰਾ 364 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਅਤੇ PM 10 ਦੀ ਮਾਤਰਾ 441 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦਰਜ ਕੀਤੀ ਗਈ। ਇਸ ਸਮੇਂ ਤਾਪਮਾਨ 26 ਡਿਗਰੀ ਸੈਲਸੀਅਸ, ਹਵਾ ਦੀ ਰਫ਼ਤਾਰ 5.8 ਕਿਲੋਮੀਟਰ ਪ੍ਰਤੀ ਘੰਟਾ ਅਤੇ ਨਮੀ 29 ਫ਼ੀਸਦੀ ਦਰਜ ਕੀਤੀ ਗਈ। ਮੌਸਮ ਵਿਭਾਗ ਵੱਲੋਂ ਵਾਤਾਵਰਣ ਨੂੰ ‘ਸਮੌਕੀ ਹੇਜ਼’ ਅਰਥਾਤ ਧੂੰਏਂ ਅਤੇ ਧੁੰਦ ਨਾਲ ਭਰਿਆ ਦਰਸਾਇਆ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ, ਉਲੰਘਣਾ ਕਰਨ ਵਾਲਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ
ਪਟਾਕਿਆਂ ਦੇ ਧੂੰਏਂ ਤੋਂ ਇਲਾਵਾ ਵਾਹਨ ਅਤੇ ਪਰਾਲੀ ਵੀ ਮੁੱਖ ਕਾਰਨ
ਵਾਤਾਵਰਣ ਮਾਹਿਰਾਂ ਅਨੁਸਾਰ ਹਵਾ ’ਚ ਪ੍ਰਦੂਸ਼ਣ ਵਧਣ ਪਿੱਛੇ ਕਈ ਸਹਾਇਕ ਕਾਰਨ ਕੰਮ ਕਰਦੇ ਹਨ। ਦੀਵਾਲੀ ਮੌਕੇ ਵੱਡੀ ਗਿਣਤੀ ਵਿੱਚ ਚਲਾਏ ਗਏ ਪਟਾਕਿਆਂ ’ਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ, ਰਸਾਇਣਕ ਪਦਾਰਥ ਅਤੇ ਬਰੀਕ ਕਣ ਹਵਾ ਦੀ ਗੁਣਵੱਤਾ ਨੂੰ ਅਚਾਨਕ ਖ਼ਰਾਬ ਕਰ ਦਿੰਦੇ ਹਨ। ਇਸ ਤੋਂ ਇਲਾਵਾ ਝੋਨੇ ਦੇ ਸੀਜ਼ਨ ਦੌਰਾਨ ਖੇਤਾਂ ’ਚ ਪਰਾਲੀ ਸਾੜਨ ਨਾਲ ਨਿਕਲਣ ਵਾਲਾ ਧੂੰਆਂ, ਵਾਹਨਾਂ ਦੀਆਂ ਜ਼ਹਿਰੀਲੀਆਂ ਗੈਸਾਂ, ਸੜਕਾਂ ਦੀ ਧੂੜ, ਉਸਾਰੀ ਕਾਰਜਾਂ ਅਤੇ ਉਦਯੋਗਿਕ ਇਕਾਈਆਂ ਦਾ ਧੂੰਆਂ ਵੀ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ। ਜਦੋਂ ਹਵਾ ਦੀ ਰਫ਼ਤਾਰ ਧੀਮੀ ਹੁੰਦੀ ਹੈ, ਤਾਂ ਇਹ ਪ੍ਰਦੂਸ਼ਣਕਾਰੀ ਕਣ ਵਾਤਾਵਰਣ ਵਿੱਚ ਹੀ ਜਮ੍ਹਾਂ ਹੋ ਜਾਂਦੇ ਹਨ, ਜਿਸ ਨਾਲ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ।
ਇਹ ਵੀ ਪੜ੍ਹੋ-ਪੰਜਾਬ : ਬੇਕਾਬੂ ਕਾਰ ਨੇ ਝੁੱਗੀਆਂ ’ਚ ਮਚਾਇਆ ਕਹਿਰ, ਸੁੱਤੇ ਪਿਓ-ਧੀ ਨੂੰ ਦਰੜਿਆ
ਪੀ. ਐੱਮ. 2.5 ਦੇ ਬਰੀਕ ਕਣ ਫੇਫੜਿਆਂ ਅਤੇ ਦਿਲ ਲਈ ਸਭ ਤੋਂ ਵੱਧ ਨੁਕਸਾਨਦੇਹ
ਮਾਹਿਰਾਂ ਅਨੁਸਾਰ ਹਵਾ ’ਚ ਮੌਜੂਦ ਪੀ. ਐੱਮ. 2.5 ਅਤੇ ਪੀ. ਐੱਮ. 10 ਵਰਗੇ ਬਰੀਕ ਕਣ ਮਨੁੱਖੀ ਸਿਹਤ ਲਈ ਗੰਭੀਰ ਖ਼ਤਰਾ ਬਣਦੇ ਹਨ। ਪੀ. ਐੱਮ. 2.5 ਦੇ ਕਣ ਇੰਨੇ ਛੋਟੇ ਹੁੰਦੇ ਹਨ ਕਿ ਸਾਹ ਰਾਹੀਂ ਸਿੱਧੇ ਫੇਫੜਿਆਂ ਦੇ ਅੰਦਰਲੇ ਹਿੱਸਿਆਂ ਤੱਕ ਪਹੁੰਚ ਜਾਂਦੇ ਹਨ। ਇਨ੍ਹਾਂ ਦੀ ਵਧੇਰੇ ਮਾਤਰਾ ਕਾਰਨ ਅੱਖਾਂ ’ਚ ਜਲਣ, ਗਲੇ ਵਿੱਚ ਖਰਾਸ਼, ਲਗਾਤਾਰ ਖੰਘ, ਸਾਹ ਲੈਣ ਵਿਚ ਦਿੱਕਤ ਅਤੇ ਛਾਤੀ ਵਿੱਚ ਭਾਰੀਪਣ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਦਮੇ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀਆਂ ਮੁਸ਼ਕਲਾਂ ਵਧਣ ਦੇ ਨਾਲ-ਨਾਲ ਲੰਬੇ ਸਮੇਂ ਤੱਕ ਅਜਿਹੇ ਪ੍ਰਦੂਸ਼ਣ ਵਿੱਚ ਰਹਿਣ ਨਾਲ ਦਿਲ ਅਤੇ ਫੇਫੜਿਆਂ ਦੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।
ਇਹ ਵੀ ਪੜ੍ਹੋ-ਦਾਦੀ ਦੇ ਅੰਤਿਮ ਸੰਸਕਾਰ ਲਈ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਲਈ ਅਦਾਲਤ 'ਚ ਪਟੀਸ਼ਨ ਦਾਇਰ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਹਵਾ ਗੁਣਵੱਤਾ ਮਾਪਦੰਡ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹਵਾ ਦੀ ਗੁਣਵੱਤਾ ਨੂੰ ਛੇ ਸ਼੍ਰੇਣੀਆਂ ’ਚ ਵੰਡਿਆ ਗਿਆ ਹੈ: 0 ਤੋਂ 50 (ਚੰਗੀ), 51 ਤੋਂ 100 (ਤਸੱਲੀਬਖ਼ਸ਼), 101 ਤੋਂ 200 (ਦਰਮਿਆਨੀ), 201 ਤੋਂ 300 (ਮਾੜੀ), 301 ਤੋਂ 400 (ਬਹੁਤ ਮਾੜੀ) ਅਤੇ 401 ਤੋਂ 500 (ਗੰਭੀਰ)। ਗੁਰਦਾਸਪੁਰ ਦਾ AQI ਗੰਭੀਰ ਸ਼੍ਰੇਣੀ ਤੋਂ ਵੀ ਉੱਪਰ ਲੰਘ ਗਿਆ ਹੈ, ਜੋ ਸਿਹਤਮੰਦ ਵਿਅਕਤੀਆਂ ਲਈ ਵੀ ਬੇਹੱਦ ਖ਼ਤਰਨਾਕ ਹੈ।
ਇਹ ਵੀ ਪੜ੍ਹੋ- ਲਕਸ਼ਮੀ ਦੇ ਰੂਪ 'ਚ ਜਨਮੀ ਧੀ ਨੇ ਬਣਾ'ਤਾ ਕਰੋੜ ਪਤੀ, 200 ਰੁਪਏ ਨੇ ਕਰ'ਤਾ ਮਾਲੋ-ਮਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
