ਹੜ੍ਹ ਪ੍ਰਭਾਵਿਤ ਪਿੰਡਾਂ ’ਚ ਸਥਿਤੀ ਹਾਲੇ ਵੀ ਗੰਭੀਰ, ਲੋਕਾਂ ਨੇ ਖੁੱਲ੍ਹੇ ਅਸਮਾਨ ਹੇਠ ਘਰਾਂ ਦੀਆਂ ਛੱਤਾਂ ’ਤੇ ਕੱਟੀ ਰਾਤ

Thursday, Jul 13, 2023 - 03:16 PM (IST)

ਹੜ੍ਹ ਪ੍ਰਭਾਵਿਤ ਪਿੰਡਾਂ ’ਚ ਸਥਿਤੀ ਹਾਲੇ ਵੀ ਗੰਭੀਰ, ਲੋਕਾਂ ਨੇ ਖੁੱਲ੍ਹੇ ਅਸਮਾਨ ਹੇਠ ਘਰਾਂ ਦੀਆਂ ਛੱਤਾਂ ’ਤੇ ਕੱਟੀ ਰਾਤ

ਸੁਲਤਾਨਪੁਰ ਲੋਧੀ (ਧੀਰ)- ਬੀਤੇ ਦਿਨੀਂ ਪਿੰਡ ਮੰਡਾਲਾ ਤੋਂ ਟੁੱਟੇ ਬੰਨ੍ਹ ਨੇ ਜੋ ਹਲਕਾ ਸੁਲਤਾਨਪੁਰ ਲੋਧੀ ਵਿਚ ਹੜ੍ਹ ਦੀ ਲਪੇਟ ਵਿਚ 30 ਪਿੰਡ ਲੈ ਲਏ ਸਨ, ਉਨ੍ਹਾਂ ਪਿੰਡਾਂ ’ਚ ਬੀਤੇ ਦਿਨ ਤੋਂ ਵੀ ਖ਼ਤਰਨਾਕ ਹਾਲਾਤ ਪੈਦਾ ਹੋ ਗਏ ਹਨ। ਉਸ ’ਚ ਪਾਣੀ ਨੇ ਹੋਰ ਰੁਦਰ ਰੂਪ ਧਾਰ ਕਰ ਲਿਆ ਹੈ ਅਤੇ ਪਾਣੀ ਬੀਤੇ ਦਿਨ ਤੋਂ 5 ਤੋਂ 6 ਫੁੱਟ ਤੱਕ ਹੋਰ ਵਧਿਆ ਹੈ, ਜਿਸ ਨਾਲ ਪਾਣੀ ਕਈ ਹੋਰ ਪਿੰਡਾਂ ’ਚ ਦਾਖ਼ਲ ਹੋ ਗਿਆ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਸੁਰੱਖਿਅਤ ਬਚਾਉਣ ਲਈ ਪ੍ਰਸ਼ਾਸਨ ਪੱਬਾਂ ਭਾਰ ਬੈਠਾ ਹੈ। ਬੀਤੇ ਦਿਨ ਪਾਣੀ ਉਫਾਨ ’ਤੇ ਸੀ ਅਤੇ ਉਸ ਨੇ 4-5 ਨਾਲ ਲੱਗਦੇ ਪਿੰਡ ਸ਼ੇਰਪੁਰ ਸੱਧਾ, ਸ਼ਾਹ ਵਾਲਾ ਅੰਦਰੀਸਾ, ਭਾਗੋਅਰਾਈਆਂ ਆਦਿ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਉਧਰ ਪਿੰਡਾਂ ’ਚ ਹੜ੍ਹ ਆਉਣ ਕਾਰਨ ਪ੍ਰਭਾਵਿਤ ਲੋਕਾਂ ਨੇ ਖੁੱਲ੍ਹੇ ਅਸਮਾਨ ਹੇਠ ਬੱਚਿਆਂ ਨਾਲ ਘਰਾਂ ਦੀਆਂ ਛੱਤਾਂ ’ਤੇ ਬੜੀ ਮੁਸ਼ਕਲ ਨਾਲ ਰਾਤ ਕੱਟੀ। ਇਸ ਦੌਰਾਨ ਰਾਤ ਨੂੰ ਮੱਛਰਾਂ-ਭਮੱਕੜਾਂ ਤੋਂ ਇਲਾਵਾ ਪਾਣੀ ਦੀ ਹੁੰਮਸ ਤੇ ਬਦਬੂ ਨੇ ਉਨ੍ਹਾਂ ਦਾ ਸਾਹ ਲੈਣਾ ਔਖਾ ਕਰੀ ਰੱਖਿਆ। ਲੋਕਾਂ ਨੇ ਦੋਸ਼ ਲਾਇਆ ਕਿ ਖਾਣ-ਪੀਣ ਲਈ ਪ੍ਰਸ਼ਾਸਨ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੇ ਘਰਾਂ ’ਚ ਪਿਆ ਰਾਸ਼ਨ ਸਾਰਾ ਕੁਝ ਪਾਣੀ ’ਚ ਰੁੜ੍ਹ ਗਿਆ ਹੈ ਸਿਰਫ ਸਮਾਜ ਸੇਵੀ ਸੰਸਥਾਵਾਂ, ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਤੇ ਉਨ੍ਹਾਂ ਦੇ ਸੇਵਾਦਾਰ ਦਿਨ-ਰਾਤ ਲਗਾਤਾਰ ਲੋਕਾਂ ਦੀ ਸੇਵਾ ’ਚ ਲੱਗੇ ਹੋਏ ਹਨ।

ਪਾਣੀ ਦੇ ਵਧਣ-ਘਟਣ ਦੌਰਾਨ ਸੋਸ਼ਲ ਮੀਡੀਆ ’ਤੇ ਉਠ ਰਹੀਆਂ ਖ਼ਤਰਨਾਕ ਅਫ਼ਵਾਹਾਂ ਨਾਲ ਲੋਕਾਂ ’ਚ ਸਹਿਮ ਦਾ ਮਾਹੌਲ ਪੈਦਾ ਹੋਇਆ ਹੈ। ਪ੍ਰਸ਼ਾਸਨ ਵੱਲੋਂ ਇਨ੍ਹਾਂ ਅਫਵਾਹਾਂ ਤੋਂ ਦੂਰ ਹੱਟ ਕੇ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਸੰਪਰਕ ਕਰਨ ਨੂੰ ਕਿਹਾ ਹੈ। ਪਾਣੀ ਵਿਚ ਘਿਰੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਜਿੱਥੇ ਪ੍ਰਸ਼ਾਸਨ ਵੱਲੋਂ ਐੱਨ. ਡੀ. ਆਰ. ਐੱਫ਼. ਅਤੇ ਐੱਸ. ਡੀ. ਆਰ. ਐੱਫ਼. ਦੀਆਂ ਟੀਮਾਂ ਨਾਲ ਤਾਲਮੇਲ ਰਾਹੀਂ ਪੂਰਾ ਜ਼ੋਰ ਲਗਾਇਆ ਹੋਇਆ ਹੈ, ਉੱਥੇ ਪਿੰਡ ਵਾਸੀ ਵੀ ਇਕ-ਦੂਜੇ ਦੀ ਮਦਦ ਲਈ ਆਪ ਮੁਹਾਰੇ ਅੱਗੇ ਆ ਰਹੇ ਹਨ।

ਇਹ ਵੀ ਪੜ੍ਹੋ- ਟਾਂਡਾ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਨਕਾਬਪੋਸ਼ ਲੁਟੇਰਿਆਂ ਨੇ ਦੁਕਾਨਦਾਰ ਤੋਂ ਲੁੱਟੀ ਲੱਖਾਂ ਦੀ ਨਕਦੀ

ਫ਼ੌਜ ਨੇ ਵੀ ਸੰਭਾਲਿਆ ਮੋਰਚਾ, ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਰੈਸਕਿਊ ਆਪ੍ਰੇਸ਼ਨ ਜਾਰੀ
ਹੜ੍ਹ ਦੀ ਖ਼ਤਰਨਾਕ ਸੂਰਤ ਨੂੰ ਵੇਖਦਿਆਂ ਸਰਕਾਰ ਵੱਲੋਂ ਫ਼ੌਜ ਦੀ ਵੀ ਮਦਦ ਲਈ ਗਈ ਹੈ, ਜਿਸ ਦੌਰਾਨ ਫ਼ੌਜ ਦੀਆਂ ਟੀਮਾਂ ਵੀ ਹੜ੍ਹ ਨਾਲ ਘਿਰੇ ਪਿੰਡਾਂ ਵਿਚ ਲੋਕਾਂ ਨੂੰ ਬਚਾਉਣ ਲਈ ਜੀਅ ਜਾਨ ਨਾਲ ਜੁਟ ਗਏ ਹਨ। ਫ਼ੌਜ ਦੇ ਜਵਾਨਾਂ ਵੱਲੋਂ ਹੜ੍ਹ ਨਾਲ ਪੀੜਤ ਲੋਕਾਂ ਲਈ ਫ੍ਰੀ ਮੈਡੀਕਲ ਕੈਂਪ ਲਾਏ ਹਨ ਅਤੇ ਉੱਥੇ ਮਰੀਜ਼ ਨੂੰ ਹਰੇਕ ਤਰ੍ਹਾਂ ਦੀ ਦਵਾਈ ਤੇ ਸੁਵਿਧਾ ਦਿੱਤੀ ਜਾ ਰਹੀ ਹੈ। ਸਿੱਖ ਰੈਜੀਮੈਂਟ ਦੇ ਜਵਾਨ ਬਲਕਾਰ ਸਿੰਘ ਨੇ ਕਿਹਾ ਕਿ ਸਾਡੇ ਲਈ ਦੇਸ਼ ਸੇਵਾ ਤੇ ਲੋਕ ਸੇਵਾ ਸਭ ਤੋਂ ਉੱਪਰ ਹੈ। ਮੁਸੀਬਤ ਦੀ ਇਸ ਘੜੀ ਵਿਚ ਸਾਡਾ ਮਨੁੱਖੀ ਜ਼ਿੰਦਗੀ ਨੂੰ ਬਚਾਉਣਾ ਪਹਿਲਾਂ ਧਰਮ ਹੈ।

ਸਮਾਜ ਸੇਵੀ ਸੰਸਥਾਵਾਂ ਕਰ ਰਹੀਆਂ ਲੰਗਰ-ਪਾਣੀ ਦੀ ਸੇਵਾ
ਸਮਾਜ ਸੇਵੀ ਸੰਸਥਾਵਾਂ ਲੰਗਰ-ਪਾਣੀ ਦੀ ਸੇਵਾ ਕਰ ਰਹੀਆਂ ਹਨ ਅਤੇ ਜ਼ਰੂਰਤਮੰਦਾਂ ਨੂੰ ਤਰਪਾਲਾਂ, ਰਾਸ਼ਨ-ਪਾਣੀ ਅਤੇ ਹੋਰ ਘਰ ਦਾ ਜ਼ਰੂਰੀ ਸਾਮਾਨ ਦਿੱਤਾ ਜਾ ਰਿਹਾ ਹੈ। ਪਾਣੀ ਨਾਲ ਘਿਰੇ ਹੋਏ ਕਾਫੀ ਪਿੰਡਾਂ ਨੂੰ ਤਾਂ ਖਾਲੀ ਕਰਵਾ ਲਿਆ ਅਤੇ ਕਈ ਆਪਣੇ ਰਿਸ਼ਤੇਦਾਰਾਂ ਦੇ ਕੋਲ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਹਨ।

ਇਹ ਵੀ ਪੜ੍ਹੋ- ਪਾਤੜਾਂ 'ਚ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਮਗਰੋਂ ਕਤਲ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ, ਸਾਹਮਣੇ ਆਈ ਇਹ ਗੱਲ

ਮਿੱਟੀ ਨਾਲ ਪਾੜ ਪੂਰਨ ਲਈ ਡਟੇ ਲੋਕ
ਪਿੰਡੋਵਾਲ ਦੇ ਸਰਪੰਚ ਗੁਰਮੁਖ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਸੜਕ ਕਿਨਾਰੇ ਪਏ ਵੱਡੇ ਪਾੜ ਨੂੰ ਭਰਨ ਲਈ ਮਿੱਟੀ ਦੇ ਬੋਰਿਆਂ ਨਾਲ ਭਰ ਕੇ ਪਾਣੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਖੁਦ ਹੀ ਗਰਾਊਂਡ ਲੈਵਲ ’ਤੇ ਜਾ ਕੇ ਮੋਰਚਾ ਸੰਭਾਲ ਲਿਆ ਹੈ। ਸਰਪੰਚ ਗੁਰਮੁਖ ਸਿੰਘ ਦਾ ਕਹਿਣਾ ਹੈ ਕਿ ਪਾਣੀ ਦਾ ਇਹ ਮੰਜ਼ਰ ਅਸੀਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਦੇਖਿਆ ਹੈ। ਪਾਣੀ ਪਹਿਲਾਂ ਹੀ ਕਾਫ਼ੀ ਪਿੰਡਾਂ ਨੂੰ ਨੁਕਸਾਨ ਪਹੁੰਚਾ ਚੁਕਾ ਹੈ ਅਤੇ ਹੋਰ ਪਿੰਡ ਵਾਸੀਆਂ ਨੂੰ ਬਚਾਉਣ ਲਈ ਅਸੀਂ ਖ਼ੁਦ ਅੱਗੇ ਆਏ ਹਾਂ ਕਿਉਂਕਿ ਇਹ ਸਮਾਂ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਉੱਪਰ ਉੱਠ ਕੇ ਮਦਦ ਕਰਨਾ ਹੈ।

PunjabKesari

ਜੇ ਪ੍ਰਸ਼ਾਸਨ ਪਹਿਲਾਂ ਸੁਚੇਤ ਹੁੰਦਾ ਤਾਂ ਖਤਰਨਾਕ ਸਥਿਤੀ ਤੋਂ ਕੀਤਾ ਜਾ ਸਕਦੈ ਸੀ ਬਚਾਅ
ਪਿੰਡਾਂ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਹੁਣ ਜਦੋਂ ਪੂਰਾ ਹਲਕਾ ਹੜ੍ਹ ਦੀ ਲਪੇਟ ਹੇਠ ਆਇਆ ਹੈ ਅਤੇ ਵੱਡੀ ਪੱਧਰ ਤੇ ਫ਼ਸਲ ਦਾ ਨੁਕਸਾਨ ਵੀ ਹੋ ਚੁੱਕਾ ਹੈ ਪਰ ਜੇ ਇਹ ਕਦਮ ਸਰਕਾਰ ਜਾਂ ਪ੍ਰਸ਼ਾਸਨ ਨੇ ਸਮੇਂ ਤੋਂ ਪਹਿਲਾਂ ਚੁੱਕ ਕੇ ਧੁੱਸੀ ਬੰਨ੍ਹ ਦੀ ਮੁਰੰਮਤ, ਡਰੇਨਾਂ ਦੀ ਸਫ਼ਾਈ, ਨਿਕਾਸੀ ਬੰਦ ਪਈਆਂ ਪੁਲੀਆਂ ਨੂੰ ਚਾਲੂ ਕਰਵਾਇਆ ਹੁੰਦਾ ਤਾਂ ਅਜਿਹੇ ਹਾਲਾਤ ਪੈਦਾ ਹੋਣ ਤੋਂ ਬਚਿਆ ਜਾ ਸਕਦਾ ਸੀ। ਪ੍ਰਸ਼ਾਸਨ ਵੀ ਫੋਟੋਆਂ ਖਿਚਾ ਕੇ ਹੜ੍ਹ ਮਾਰੇ ਕਿਸਾਨਾਂ ਦੀ ਮਦਦ ਕਰਨ ਦੇ ਦਾਅਵੇ ਕਰਦਾ ਥੱਕਦਾ ਨਹੀਂ ਹੈ। ਹੜ੍ਹ ਤੋਂ ਬਚਾਓ ਲਈ ਕਈ ਲੋਕ ਆਪਣੇ ਮਾਲ ਡੰਗਰ ਨਾਲ ਬੰਨ੍ਹ ਉਪਰ ਸੜਕ ਦੇ ਕਿਨਾਰੇ ਹੀ ਬੈਠੇ ਹੋਏ ਹਨ ਅਤੇ ਕਈ ਲੋਕਾਂ ਨੇ ਸਰਕਾਰ ਵੱਲੋਂ ਬਣਾਏ ਰਾਹਤ ਕੇਂਦਰਾਂ ਦਾ ਆਸਰਾ ਲਿਆ ਹੈ। ਲੋਕ ਮਕਾਨਾਂ ਅਤੇ ਹੋਰ ਸਾਮਾਨ ਨੂੰ ਬਚਾਉਣ ਲਈ ਰਾਤ-ਦਿਨ ਪਹਿਰਾ ਦੇ ਰਹੇ ਹਨ।

ਇਹ ਵੀ ਪੜ੍ਹੋ-  ਧੁੱਸੀ ਬੰਨ੍ਹ ਟੁੱਟਣ ਕਾਰਨ ਦਰਜਨਾਂ ਪਿੰਡਾਂ 'ਚ ਹਾਲਾਤ ਬਦਤਰ, ਲੋਕਾਂ ਦੇ ਘਰ-ਖੇਤ ਪਾਣੀ ’ਚ ਡੁੱਬੇ

ਰਾਜ ਸਭਾ ਮੈਂਬਰ ਸੰਤ ਸੀਚੇਵਾਲ ਲਗਾਤਾਰ ਮਨੁੱਖੀ ਸੇਵਾ ’ਚ ਜੁਟੇ
ਟੁੱਟੇ ਹੋਏ ਬੰਨ੍ਹ ਨੂੰ ਪੂਰਨ ਲਈ ਜਦੋਂ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੁਟੇ ਹੋਏ ਹਨ, ਉੱਥੇ ਉਨ੍ਹਾਂ ਵੱਲੋਂ ਸਤਲੁਜ ਦਰਿਆ ਕਿਨਾਰੇ ਕਾਰ ਸੇਵਾ ਲਈ ਬਣਾਈ ਕੁਟੀਆ ਰਾਹੀਂ ਫੌਜੀ ਜਵਾਨਾਂ, ਹੜ੍ਹ ਪੀੜਤ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਦੇ ਕੇ ਮਨੁੱਖੀ ਸੇਵਾ ਦੀ ਅਦੁਤੀ ਮਿਸਾਲ ਪੇਸ਼ ਕੀਤੀ ਹੋਈ ਹੈ। ਸੰਤ ਸੀਚੇਵਾਲ ਦੇ ਸੇਵਾਦਾਰਾਂ ਦੋ ਹੋਰ ਟੀਮਾਂ ਕਿਸ਼ਤੀਆਂ ਰਾਹੀ ਰਾਹਤ ਸਮੱਗਰੀਆਂ ਪਹੁੰਚਦੀਆਂ ਰਹੀਆਂ, ਉੱਥੇ ਹੀ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੇ ਕਾਰਜ ਨਿਰੰਤਰ ਕਰਦੀਆਂ ਰਹੀਆਂ।

ਰੇਲਵੇ ਟ੍ਰੈਕ ’ਤੇ ਭਰਿਆ ਪਾਣੀ, ਜਲੰਧਰ ਵਾਇਆ ਲੋਹੀਆਂ ਤੇ ਸੁਲਤਾਨਪੁਰ ਲੋਧੀ ਸਾਰੀਆਂ ਗੱਡੀਆਂ ਰੱਦ
ਸਤਲੁਜ ਦੀ ਮਾਰ ਨਾਲ ਪੈਦਾ ਹੋਈ ਹੜ੍ਹ ਦੀ ਸਥਿਤੀ ਨੇ ਜਿੱਥੇ ਪੂਰਾ ਜਨ-ਜੀਵਨ ਅਸਤ-ਵਿਅਸਤ ਕੀਤਾ ਹੋਇਆ ਹੈ, ਉੱਥੇ ਰੇਲ ਆਵਾਜਾਈ ’ਚ ਵੀ ਵਿਘਨ ਪਾਇਆ ਹੈ। ਹੜ੍ਹ ਨਾਲ ਜਿੱਥੇ ਉੱਤਰ ਰੇਲਵੇ ਡਿਵੀਜ਼ਨ ਫਿਰੋਜ਼ਪੁਰ ਵੱਲੋਂ ਕਈ ਮਹੱਤਵਪੂਰਨ ਦੂਰੀ ਦੀਆਂ ਰੇਲ ਗੱਡੀਆਂ ਨੂੰ ਰੱਦ ਕੀਤਾ ਹੈ, ਉੱਥੇ ਫਿਰੋਜ਼ਪੁਰ ਜਲੰਧਰ ਰੇਲਵੇ ਲਾਇਨ ’ਤੇ ਸਥਿਤ ਗਿੱਦੜਪਿੰਡੀ ਰੇਲਵੇ ਸਟੇਸ਼ਨ ਤੋਂ ਜਲੰਧਰ ਵਾਇਆ ਲੋਹੀਆਂ ਤੇ ਸੁਲਤਾਨਪੁਰ ਲੋਧੀ ਸਾਰੀਆਂ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਰੇਲਵੇ ਸਟੇਸ਼ਨ ਗਿੱਦੜ ਪਿੰਡੀ ਦੇ ਰੇਲਵੇ ਟ੍ਰੈਕ ’ਤੇ ਪਾਣੀ ਬਹੁਤ ਹੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਰੇਲਵੇ ਟ੍ਰੈਕ ਪੂਰੀ ਤਰ੍ਹਾਂ ਪਾਣੀ ਨਾਲ ਡੁੱਬ ਚੁੱਕੇ ਹਨ ਅਤੇ ਪਾਣੀ ਨੇ ਰੇਲਵੇ ਪਲੇਟ ਫਾਰਮ ਅਤੇ ਰੇਲ ਸੰਮਤੀ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਹੈ। ਰੇਲ ਗੱਡੀਆਂ ਦੇ ਰੱਦ ਹੋਣ ਕਾਰਨ ਸਭ ਤੋਂ ਜ਼ਿਆਦਾ ਮੁਸ਼ਕਲ ਰੋਜ਼ਾਨਾ ਸਵਾਰੀਆਂ ਨੂੰ ਆ ਰਹੀ ਹੈ, ਜੋ ਰੋਜ਼ਾਨਾ ਰੇਲ ਗੱਡੀ ਰਾਹੀਂ ਆਪਣੇ ਕੰਮ ਕਾਜ ’ਤੇ ਜਾਂਦੇ ਸਨ। ਫਿਰੋਜ਼ਪੁਰ ਰੇਲਵੇ ਲਾਈਨ ’ਤੇ ਚੱਲਣ ਵਾਲੀ ਅਹਿਮਦਾਬਾਦ ਜੰਮੂ ਤਵੀ ਟ੍ਰੇਨ ਦੇ ਵੀ ਰੱਦ ਹੋਣ ’ਤੇ ਅਮਰਨਾਥ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ। ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੇ ਮੁੱਖ ਸੁਪਰੀਡੈਂਟ ਟਾਈਗਰ ਰਾਜਬੀਰ ਸਿੰਘ ਦਾ ਕਹਿਣਾ ਹੈ ਕਿ ਰੇਲਵੇ ਡਿਵੀਜ਼ਨ ਫਿਰੋਜ਼ਪੁਰ ਵੱਲੋਂ ਬੀਤੇ ਦੋ ਦਿਨਾਂ ਤੋਂ ਹੜ੍ਹ ਦੀ ਸਥਿਤੀ ਨੂੰ ਵੇਖਦਿਆਂ ਪੈਸੰਜਰ ਅਤੇ ਐਕਸਪ੍ਰੈੱਸ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਤੋਂ ਸਿਰਫ਼ ਟ੍ਰੇਨ ਸਰਬੱਤ ਦਾ ਭਲਾ ਦਿੱਲੀ ਲਈ ਜਾ ਰਹੀ ਹੈ ਬਾਕੀ ਸਾਰੀਆਂ ਟਰੇਨਾਂ ਰੱਦ ਹਨ। ਉਨ੍ਹਾਂ ਕਿਹਾ ਕਿ ਜਦੋਂ ਹੜ੍ਹ ਦੀ ਸਥਿਤੀ ਠੀਕ ਹੋ ਜਾਵੇਗੀ ਤਾਂ ਰੇਲ ਟ੍ਰੈਕ ਦੀ ਜਾਂਚ ਕਰਕੇ ਟਰੇਨਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।

ਮੰਡਾਲਾ ਛੰਨਾ ਨੇੜੇ ਪਏ ਪਾੜ ਨੂੰ ਪੂਰਨ ਦਾ ਕੰਮ ਦੂਜੇ ਦਿਨ ਵੀ ਜਾਰੀ
ਮੰਡਾਲਾ ਛੰਨਾ ਨੇੜੇ ਪਏ ਪਾੜ ਨੂੰ ਪੂਰਨ ਦਾ ਕੰਮ ਦੂਜੇ ਦਿਨ ਵੀ ਜੰਗੀ ਪੱਧਰ ’ਤੇ ਜਾਰੀ ਰਿਹਾ ਹੈ। ਇਲਾਕੇ ਦੇ ਲੋਕ ਵਿਚ ਵੱਡੀ ਗਿਣਤੀ ਵਿਚ ਆ ਕੇ ਮਿੱਟੀ ਦੇ ਬੋਰੇ ਭਰਦੇ ਰਹੇ ਤੇ ਲੋਹੇ ਦੇ ਕਰੇਟ ਬਣਾ ਕੇ ਪਾੜ ਵਾਲੀ ਥਾਂ ਤੇ ਰਿੰਗ ਬੰਨ੍ਹ ਬਣਾਉਣ ਲਈ ਵਿਚ ਲੱਗੇ ਰਹੇ। ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਉਨ੍ਹਾਂ ਦੇ ਸੇਵਾਦਾਰਾਂ ਵੱਲੋਂ ਬੰਨ੍ਹ ਦੇ ਪਾੜ ਨੂੰ ਰੋਕਣ ਲਈ ਜੀਅ ਜਾਨ ਨਾਲ ਮਿਹਨਤ ਕੀਤੀ ਜਾ ਰਹੀ ਹੈ। ਸੰਤ ਸੁਖਜੀਤ ਸਿੰਘ ਸੀਚੇਵਾਲ ਦਾ ਕਹਿਣਾ ਹੈ ਕਿ ਪਾਣੀ ਜਲਦ ਹੀ ਘਟੇਗਾ ਪਰ ਸਹੀ ਅਰਥਾਂ ’ਤੇ ਜ਼ਿੰਦਗੀ ਨੂੰ ਪੱਟੜੀ ’ਤੇ ਆਉਣ ਲਈ ਘੱਟ ਤੋਂ ਘੱਟ 2 ਮਹੀਨੇ ਲੱਗ ਜਾਣਗੇ।

ਇਹ ਵੀ ਪੜ੍ਹੋ- ਹੜ੍ਹਾਂ ਦੇ ਹਾਲਾਤ 'ਚ ਲੋਕਾਂ ਦੇ ਬਚਾਅ ਕਾਰਜਾਂ ਲਈ ਡੀ. ਸੀ. ਕਪੂਰਥਲਾ ਵੱਲੋਂ ਉੱਚ ਅਧਿਕਾਰੀਆਂ ਦੇ ਨੰਬਰ ਜਾਰੀ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


author

shivani attri

Content Editor

Related News