ਕੈਪਟਨ ਵੱਲੋਂ ''ਮਜੀਠੀਆ ਵਿਰੁੱਧ ਕੋਈ ਸਬੂਤ ਨਹੀਂ'' ਦੇ ਬਿਆਨ ਨਾਲ ਦੁੱਧ ਅਤੇ ਪਾਣੀ ਦਾ ਨਿਤਾਰਾ ਹੋ ਗਿਆ: ਰਘੁਵੀਰ, ਰਾੜਾ

Monday, Jul 09, 2018 - 10:20 PM (IST)

ਕੈਪਟਨ ਵੱਲੋਂ ''ਮਜੀਠੀਆ ਵਿਰੁੱਧ ਕੋਈ ਸਬੂਤ ਨਹੀਂ'' ਦੇ ਬਿਆਨ ਨਾਲ ਦੁੱਧ ਅਤੇ ਪਾਣੀ ਦਾ ਨਿਤਾਰਾ ਹੋ ਗਿਆ: ਰਘੁਵੀਰ, ਰਾੜਾ

ਬੁਢਲਾਡਾ (ਮਨਜੀਤ)— ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਅਤੇ ਆਪ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰੀ ਨੇਤਾ ਬਿਕਰਮਜੀਤ ਸਿੰਘ ਮਜੀਠੀਆ 'ਤੇ ਨਸ਼ਾ ਤਸਕਰਾਂ ਨਾਲ ਸੰਬੰਧ ਹੋਣ ਦਾ ਕੀਤਾ ਗਿਆ ਝੂਠਾ ਪ੍ਰਚਾਰ ਅੱਜ ਦੋਵੇਂ ਹੀ ਪਾਰਟੀਆਂ ਨੂੰ ਸਿਆਸੀ ਤੌਰ 'ਤੇ ਮਹਿੰਗਾ ਪੈ ਰਿਹਾ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਪੰਜਾਬ ਸਰਕਾਰ ਕੋਲ ਮਜੀਠੀਆ ਵਿਰੁੱਧ ਕੋਈ ਵੀ ਸਬੂਤ ਨਹੀਂ ਹਨ। ਕੈਪਟਨ ਸਰਕਾਰ ਵੱਲੋਂ ਦਿੱਤੇ ਗਏ ਇਸ ਬਿਆਨ ਨੂੰ ਲੈ ਕੇ ਸ਼੍ਰੋਮਣੀ ਯੂਥ ਅਕਾਲੀ ਦਲ ਮਾਲਵਾ ਜੋਨ ਦੇ ਜਰਨਲ ਸਕੱਤਰ ਰਘੁਵੀਰ ਸਿੰਘ ਮਾਨਸਾ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਅਵਤਾਰ ਸਿੰਘ ਰਾੜਾ ਨੇ ਕਿਹਾ ਕਿ ਵੋਟਾਂ ਦੀ ਖਾਤਰ ਪੰਜਾਬ ਨੂੰ 70 ਫੀਸਦੀ ਨਸ਼ੇੜੀ ਅਤੇ ਨੌਜਵਾਨ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਵਿਰੁੱਧ ਕੀਤੇ ਗਏ ਝੂਠੇ ਪ੍ਰਚਾਰ ਦੀਆਂ ਪੰਡਾਂ ਲੋਕ ਕਚਹਿਰੀ 'ਚ ਖੁੱਲ੍ਹਣੀਆਂ ਆਰੰਭ ਹੋ ਗਈਆਂ ਹਨ। ਆਪ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮਜੀਠਆ ਵਿਰੁੱਧ ਲਾਏ ਦੋਸ਼ਾਂ ਦੀ ਮੁਆਫੀ ਅਦਾਲਤ 'ਚ ਮੰਗ ਕੇ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਬਿਆਨ ਕਿ ਮਜੀਠੀਆ ਵਿਰੁੱਧ ਸਾਡੇ ਕੋਲ ਕੋਈ ਵੀ ਸਬੂਤ ਨਹੀਂ ਹਨ, ਇਹ ਸਾਬਿਤ ਕਰਦਾ ਹੈ ਕਿ ਦੋਵਾਂ ਪਾਰਟੀਆਂ ਵਲੋਂ ਇਹ ਸਭ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਕੁਰਸੀ ਦੇ ਲਾਲਚ 'ਚ ਖਰਾਬ ਕਰਨ ਲਈ ਕੀਤਾ ਗਿਆ ਸੀ। ਅੱਜ ਲੋਕ ਕਚਹਿਰੀ 'ਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਹੈ।
ਉਕਤ ਆਗੂਆਂ ਨੇ ਸਪੱਸ਼ਟ ਕਿਹਾ ਕਿ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਬਿਆਨ ਨੂੰ ਮੁੱਖ ਰੱਖ ਕੇ ਸ੍ਰੀ ਦਰਬਾਰ ਸਾਹਿਬ ਜਾ ਕੇ ਮਜੀਠੀਆ ਵਿਰੁੱਧ ਕੀਤੇ ਝੂਠੇ ਪ੍ਰਚਾਰ ਦੀ ਮੁਆਫੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੰਗਣੀ ਚਾਹੀਦੀ ਹੈ। ਇਸ ਮੌਕੇ ਦਰਸ਼ਨ ਸਿੰਘ ਮੰਡੇਰ, ਸਰਪੰਚ ਗੁਰਜਿੰਦਰ ਸਿੰਘ ਬੱਗਾ, ਹਰਮਨਜੀਤ ਸਿੰਘ ਭੰਮਾ, ਅਮਨਦੀਪ ਸਿੰਘ ਭੈਣੀਬਾਘਾ, ਹਰਬੰਸ ਗੋਲੂ, ਗੁਰਵਿੰਦਰ ਸਿੰਘ ਤਲਵੰਡੀ ਅਕਲੀਆ, ਜੱਗ ਸਿੰਘ ਬਰਨਾਲਾ, ਸੋਹਣਾ ਸਿੰਘ ਕਲੀਪੁਰ, ਬਿੰਦਰ ਸਿੰਘ ਮੰਘਾਣੀਆਂ ਆਦਿ ਵੀ ਮੋਜੂਦ ਸਨ।


Related News