ਪੰਜਾਬ ਦੇ ਸਕੂਲਾਂ 'ਚ ਹੁਣ ਨਹੀਂ ਦਿਖਣਗੇ ਟੁੱਟੇ ਫਰਸ਼ ਤੇ ਬਾਥਰੂਮ, ਮੰਗੀ ਗਈ ਰਿਪੋਰਟ

Saturday, Feb 25, 2023 - 10:50 AM (IST)

ਪੰਜਾਬ ਦੇ ਸਕੂਲਾਂ 'ਚ ਹੁਣ ਨਹੀਂ ਦਿਖਣਗੇ ਟੁੱਟੇ ਫਰਸ਼ ਤੇ ਬਾਥਰੂਮ, ਮੰਗੀ ਗਈ ਰਿਪੋਰਟ

ਲੁਧਿਆਣਾ (ਵਿੱਕੀ) : ਸੂਬੇ ਦੀ ਸਿੱਖਿਆ ’ਚ ਸੁਧਾਰ ਲਿਆਉਣ ਦੇ ਮਕਸਦ ਨਾਲ ਕਦਮ ਵਧਾ ਰਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੱਥੇ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਹੈ, ਉੱਥੇ ਇਸ ਤਰ੍ਹਾਂ ਦੇ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਦੀ ਕਵਾਇਦ ਸ਼ੁਰੂ ਹੋਈ ਹੈ, ਜਿਨ੍ਹਾਂ ਦੀ ਹਾਲਤ ਪਿਛਲੇ ਲੰਮੇ ਸਮੇਂ ਤੋਂ ਖ਼ਸਤਾ ਹੈ। ਸਰਕਾਰ ਨੇ ਇਸ ਤਰ੍ਹਾਂ ਦੇ ਸਕੂਲਾਂ ’ਚ ਵਿਜ਼ਿਟ ਕਰ ਕੇ ਸਕੂਲ ਦੀ ਦੁਰਦਸ਼ਾ ਨੂੰ ਬਿਆਨ ਕਰਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕਰ ਕੇ ਅਗਲੇ 6 ਮਹੀਨੇ ’ਚ ਇਨ੍ਹਾਂ ਸਕੂਲਾਂ ਨੂੰ ਹਾਈਟੈੱਕ ਸਹੂਲਤਾਵਾਂ ਨਾਲ ਲੈਸ ਕਰ ਕੇ ਦੁਬਾਰਾ ਫੋਟੋਜ਼ ਸ਼ੇਅਰ ਕਰਨ ਦਾ ਦਾਅਵਾ ਕੀਤਾ ਸੀ। ਮੰਤਰੀ ਹਰਜੋਤ ਸਿੰਘ ਬੈਂਸ ਦੇ ਦੌਰੇ ਤੋਂ ਬਾਅਦ ਪੰਜਾਬ ਦੇ ਉਨ੍ਹਾਂ ਸਕੂਲਾਂ 'ਚ ਵੀ ਸੁਧਾਰ ਦੀ ਉਮੀਦ ਜਾਗੀ ਹੈ, ਜੋ ਪਿਛਲੇ ਲੰਮੇ ਸਮੇਂ ਤੋਂ ਖੰਡਰ ਹਾਲਤ ’ਚ ਹਨ ਅਤੇ ਸਕੂਲ ਦੀ ਬਾਊਂਡਰੀ ਵਾਲ ਦੇ ਇੰਤਜ਼ਾਰ 'ਚ ਹਨ।

ਇਹ ਵੀ ਪੜ੍ਹੋ : ਖ਼ੁਦ ਨੂੰ CIA ਸਟਾਫ ਦੱਸ ਨੌਜਵਾਨ ਨੂੰ ਕੀਤਾ ਅਗਵਾ, ਸ਼ਮਸ਼ਾਨਘਾਟ ’ਚ ਲਿਜਾ ਚੁੱਕਿਆ ਖ਼ੌਫ਼ਨਾਕ ਕਦਮ

ਮੰਤਰੀ ਦੇ ਹੁਕਮਾਂ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਡਿਸਟ੍ਰਿਕਟ ਸਮਾਰਟ ਸਕੂਲ ਮੈਂਟਰਾਂ ਨੂੰ ਇਸ ਤਰ੍ਹਾਂ ਦੇ ਸਕੂਲਾਂ ਦੀ ਪਛਾਣ ਕਰ ਕੇ ਰਿਪੋਰਟ ਗੂਗਲ ਰਿਸਪਾਂਸ ਸ਼ੀਟ ’ਤੇ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਸਿੱਖਿਆ ਵਿਭਾਗ ਵਲੋਂ ਜਾਰੀ ਇਕ ਸੰਦੇਸ਼ ’ਚ ਇਸ ਤਰ੍ਹਾਂ ਦੇ ਸਕੂਲਾਂ ਦੀ ਡਿਟੇਲ ਮੰਗੀ ਗਈ ਹੈ, ਜਿਨ੍ਹਾਂ ਦੀ ਹਾਲਤ ਤਰਸਯੋਗ ਹੋ ਚੁੱਕੀ ਹੈ। ਦੱਸ ਦੇਈਏ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕਿਸੇ ਵੀ ਜ਼ਿਲ੍ਹੋਂ ’ਚੋਂ ਲੰਘਦੇ ਹੋਏ ਅਚਾਨਕ ਹੀ ਸਰਕਾਰੀ ਸਕੂਲ ’ਚ ਪੁੱਜ ਜਾਂਦੇ ਹਨ ਅਤੇ ਉੱਥੇ ਸਭ ਤੋਂ ਪਹਿਲਾਂ ਕਲਾਸਾਂ 'ਚ ਮੌਜੂਦ ਵਿਦਿਆਰਥੀਆਂ ਤੋਂ ਸਕੂਲ ਦੀ ਕਮੀਆਂ ਅਤੇ ਲੋੜਾਂ ਬਾਰੇ ਜਾਣ ਕੇ ਤੁਰੰਤ ਹੀ ਅਗਲੀ ਕਾਰਵਾਈ ਨੂੰ ਅਮਲੀਜਾਮਾ ਪਹਿਨਾਉਂਦੇ ਹਨ। ਪਿਛਲੇ ਕਈ ਮਹੀਨਿਆਂ ਤੋਂ ਇਸ ਤਰ੍ਹਾਂ ਦੇ ਕਈ ਸਕੂਲ ਹਨ, ਜਿਨ੍ਹਾਂ ਦੀਆਂ ਲੋੜਾਂ ਮੰਤਰੀ ਦੇ ਦੌਰੇ ਤੋਂ ਕੁੱਝ ਦਿਨਾਂ ਬਾਅਦ ਹੀ ਵਿਭਾਗ ਨੇ ਪੂਰੀਆਂ ਕਰ ਦਿੱਤੀਆਂ।

ਇਹ ਵੀ ਪੜ੍ਹੋ : ਕੰਮ ਤੋਂ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, 2 ਘਰਾਂ ਦੇ ਬੁਝੇ ਚਿਰਾਗ
ਪਹਿਲੀ ਵਾਰ ਕਿਸੇ ਮੰਤਰੀ ਨੇ ਮੰਗੀ ਇਸ ਤਰ੍ਹਾਂ ਦੀ ਰਿਪੋਰਟ
ਹੁਣ ਸਿੱਖਿਆ ਵਿਭਾਗ ਵਲੋਂ ਡਿਸਟ੍ਰਿਕਟ ਸਮਾਰਟ ਸਕੂਲ ਮੈਂਟਰ ਅਤੇ ਅਸਿਸਟੈਂਟ ਕੋ-ਆਰਡੀਨੇਟਰ ਤੋਂ ਖੰਡਰ ਦਾ ਰੂਪ ਧਾਰ ਚੁੱਕੇ ਸਰਕਾਰੀ ਸਕੂਲਾਂ ਦੀ ਸੂਚਨਾ ਮੰਗੀ ਗਈ ਹੈ। ਵਿਭਾਗ 'ਚ ਚਰਚਾ ਹੈ ਕਿ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਿਸੇ ਸਿੱਖਿਆ ਮੰਤਰੀ ਨੇ ਸਕੂਲਾਂ ’ਚ ਇਸ ਤਰ੍ਹਾਂ ਢਾਂਚਾਗਤ ਸੁਧਾਰਾਂ ਲਈ ਕਦਮ ਵਧਾਇਆ ਹੈ, ਹਾਲਾਂਕਿ ਪੰਜਾਬ ’ਚ ਇਸ ਤਰ੍ਹਾਂ ਦੇ ਸਕੂਲਾਂ ਦੀ ਗਿਣਤੀ ਬਹੁਤ ਹੀ ਘੱਟ ਹੋਣ ਦਾ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ। ਜੇਕਰ ਵਿਭਾਗ ਵਲੋਂ ਮੰਗੀ ਗਈ ਉਕਤ ਜਾਣਕਾਰੀ ’ਤੇ ਕਾਰਵਾਈ ਹੁੰਦੀ ਹੈ ਤਾਂ ਜਲਦ ਹੀ ਇਸ ਤਰ੍ਹਾਂ ਦੇ ਸਕੂਲਾਂ ਦੀ ਕਾਇਆ-ਕਲਪ ਹੋ ਸਕਦੀ ਹੈ। ਜਲਦ ਹੀ ਇਨ੍ਹਾਂ ਸਕੂਲਾਂ ’ਚ ਸ਼ਾਨਦਾਰ ਇਮਾਰਤ ਅਤੇ ਹੋਰ ਸਾਜੋ-ਸਾਮਾਨ ਮੁਹੱਈਆ ਹੋਵੇਗਾ। ਸਕੂਲ ਦੀ ਹਾਲਤ ਖ਼ਸਤਾ ਹੋਣ ਕਾਰਨ ਇਨ੍ਹਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਬਹੁਤ ਘੱਟ ਦੇਖੀ ਗਈ ਹੈ। ਇਸ ਤਰ੍ਹਾਂ ਨਵੀਂ ਇਮਾਰਤ ਅਤੇ ਹੋਰ ਸਾਜੋ-ਸਮਾਨ ਉਪਲੱਬਧ ਹੋਣ ਨਾਲ ਵਿਦਿਆਰਥੀਆਂ ਦੀ ਗਿਣਤੀ ਵੀ ਵਧੇਗੀ।
ਸਕੂਲ ਖੰਡਰ ਕਿਵੇਂ ਹੋਇਆ ’ਤੇ ਵੀ ਦੇਣੀ ਹੋਵੇਗੀ ਟਿੱਪਣੀ
ਵਿਭਾਗ ਵਲੋਂ ਜਾਰੀ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਡਿਸਟ੍ਰਿਕਟ ਸਮਾਰਟ ਸਕੂਲ ਮੈਂਟਰ (ਡੀ. ਐੱਸ. ਐੱਮ.) ਆਪਣੇ ਜ਼ਿਲ੍ਹੇ ਦੇ ਖੰਡਰ ਸਕੂਲ ਦੀ ਚੋਣ ਕਰਨਗੇ। ਸਕੂਲਾਂ ਦੀ ਗਿਣਤੀ ਉਨ੍ਹਾਂ ਦੇ ਵਿਜ਼ਨ ਅਤੇ ਗਿਣਤੀ ਉਨ੍ਹਾਂ ਦੀ ਮਰਜ਼ੀ ਦੇ ਅਨੁਸਾਰ ਤੈਅ ਹੋ ਸਕਦੀ ਹੈ ਪਰ ਸਕੂਲਾਂ ਲਈ ਪਹਿਲ ਸੈੱਟ ਕਰਨੀ ਹੋਵੇਗੀ। ਅਤਿਅੰਤ ਖੰਡਰ ਨੂੰ ਇਕ ਨੰਬਰ, ਉਸ ਤੋਂ ਘੱਟ ਨੂੰ 2 ਨੰਬਰ ਅਤੇ ਇਸ ਤੋਂ ਅੱਗੇ ਕ੍ਰਮ ’ਚ ਰੱਖਿਆ ਜਾਵੇਗਾ। ਇਹ ਸੂਚਨਾ ਗੂਗਲ ਸੀਟ ’ਚ ਭਰ ਕੇ ਦਿੱਤੀ ਜਾਵੇਗੀ। ਸਕੂਲ ਦੀ ਹਾਲਤ ਦੇ ਸਬੰਧ ਵਿਚ ਇਕ ਟਿੱਪਣੀ ਵੀ ਦੇਣੀ ਹੋਵੇਗੀ ਕਿ ਸਕੂਲ ਕਿਵੇਂ ਖੰਡਰ ਹੋਇਆ ਹੈ।
ਕੀ ਹੋਵੇਗਾ ਖੰਡਰ ਸਕੂਲ ਜਾਂਚਣ ਦਾ ਪੈਮਾਨਾ
ਸਕੂਲ ਦੀ ਜ਼ਮੀਨ ਆਪਣੀ ਹੋਵੇ, ਕਿਰਾਏ ਦੀ ਜਗ੍ਹਾ ਵਾਲਾ ਸਕੂਲ ਨਾ ਹੋਵੇ
ਖੰਡਰ ਮਤਲਬ ਸਕੂਲ ਦੀ ਇਮਾਰਤ ਖ਼ਸਤਾ ਹਾਲਤ ’ਚ ਹੋਵੇ।
ਬਾਊਂਡਰੀ ਵਾਲ, ਸਕੂਲ ਦਾ ਗੇਟ ਨਾ ਹੋਵੇ।
ਫਰਸ਼ ਟੁੱਟੇ ਹੋਣ, ਕਮਰੇ ਡਿੱਗਣ ਦੀ ਹਾਲਤ ’ਚ ਹੋਣ।
ਵਾਸ਼ਰੂਮ ਦੀ ਹਾਲਤ ਬਦਤਰ ਹੋਵੇ, ਪਾਣੀ ਖੜ੍ਹਾ ਰਹਿੰਦਾ ਹੋਵੇ।
ਪੂਰੇ ਸਕੂਲ ਦੀ ਹਾਲਤ ਬਦਤਰ ਹੋਵੇ ਅਤੇ ਦੇਖਣ ’ਚ ਸਕੂਲ ਬਹੁਤ ਹੀ ਗੰਦਾ ਲੱਗ ਰਿਹਾ ਹੋਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News