ਨਿੱਜੀ ਸਕੂਲਾਂ ਦੇ ਮੁਕਾਬਲੇ ਛੇਤੀ ਵਿਕਸਿਤ ਹੋ ਰਹੇ ਹਨ ਸਰਕਾਰੀ ਸਕੂਲਾਂ ਦੇ ਖੇਡ ਮੈਦਾਨ
Monday, Apr 05, 2021 - 02:02 PM (IST)
ਜਲੰਧਰ— ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੂਰੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਖੇਡ ਮੈਦਾਨਾਂ ਨੂੰ ਸਮਾਰਟ ਬਣਾਇਆ ਜਾ ਰਿਹਾ ਹੈ। ਤਕਨੀਕੀ ਖ਼ਾਮੀਆਂ ਨੂੰ ਦੂਰ ਕਰਕੇ ਤੇ ਪੇਂਟ ਕਰਕੇ ਖੇਡ ਮੈਦਾਨਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਜਿਸ ਨਾਲ ਖਿਡਾਰੀਆਂ ’ਚ ਖੇਡਣ ਦਾ ਜੋਸ਼ ਤੇ ਜਨੂੰਨ ਵੱਧ ਰਿਹਾ ਹੈ ਤੇ ਪ੍ਰਾਈਵੇਟ ਸਕੂਲਾਂ ਦੀ ਤਰਜ਼ ’ਤੇ ਹੀ ਖੇਡ ਮੈਦਾਨਾਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਪੰਜਾਬ ਸਕੂਲ ਸਿੱਖਿਾਆ ਬੋਰਡ ਵੱਲੋਂ ਸੂਬੇ ਦੇ ਸੈਂਕੜੇ ਸਕੂਲਾਂ ’ਚ ਕਰੋੜਾਂ ਰੁਪਏ ਦਾ ਫੰਡ ਵੀ ਜਾਰੀ ਕੀਤਾ ਗਿਆ ਹੈ, ਜੋ ਕਿ ਸਿਰਫ਼ ਖੇਡ ਮੈਦਾਨ ਤੇ ਖੇਡ ਦੇ ਬੁਨਿਆਦੀ ਢਾਂਚੇ ’ਤੇ ਹੀ ਖ਼ਰਚ ਕੀਤਾ ਜਾ ਰਿਹਾ ਹੈ। ਜ਼ਿਲੇ ਦੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਖੇਡ ਦੇ ਮੈਦਾਨਾਂ ਨੂੰ ਸਮਾਰਟ ਬਣਾਉਣ ਲਈ ਜੂਨ ਦਾ ਟੀਚਾ ਰਖਿਆ ਗਿਆ ਹੈ। ਜ਼ਿਲੇ ’ਚ 164 ਮਿਡਲ ਸਕੂਲ, 121 ਹਾਈ ਸਕੂਲ ਤੇ 152 ਸੀਨੀਅਰ ਸੈਕੰਡਰੀ ਸਕੂਲ ਹਨ, ਜਿਸ ’ਚੋਂ 23 ਮਿਡਲ, 26 ਹਾਈ ਤੇ 64 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਮਾਰਟ ਬਣਾਇਆ ਜਾ ਚੁੱਕਾ ਹੈ। ਕੋਵਿਡ-19 ਦੇ ਕਾਰਨ ਅਜੇ ਸਕੂਲ ਬੰਦ ਚਲ ਰਹੇ ਹਨ ਪਰ ਖੇਡ ਮੈਦਾਨ ਬਣਾਉਣ ਦਾ ਕੰਮ ਜਾਰੀ ਹੈ।
ਇਹ ਵੀ ਪੜ੍ਹੋ : ਜਨਮ ਤੋਂ ਨਹੀਂ ਹੈ ਖੱਬਾ ਹੱਥ, ਇਕ ਹੱਥ ਨੂੰ ਬਣਾਇਆ ਤਾਕਤ, ਦੁਬਈ ਪੈਰਾ ਬੈਡਮਿੰਟਨ 'ਚ ਪਲਕ ਨੇ ਮਾਰੀ ਬਾਜ਼ੀ
ਸ਼ਹਿਰ ਦੇ ਜ਼ਿਆਦਾਤਰ ਸਕੂਲਾਂ ਕੋਲ ਕਾਫ਼ੀ ਵੱਡੇ ਖੇਡ ਦੇ ਮੈਦਾਨ ਹਨ, ਪਰ ਇਨ੍ਹਾਂ ਮੈਦਾਨਾਂ ’ਤੇ ਤਕਨੀਕੀ ਖ਼ਾਮੀਆਂ ਕਾਰਨ ਖਿਡਾਰੀਆਂ ਨੂੰ ਸੱਟ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਸਕੂਲਾਂ ’ਚ ਖੇਡ ਟੀਚਰ ਹੋਣ ਦੇ ਬਾਵਜੂਦ ਸਕੂਲ ’ਚ ਖੇਡਾਂ ’ਤੇ ਧਿਆਨ ਨਹੀਂ ਦਿੱਤਾ ਜਾਂਦਾ ਪਰ ਹੁਣ ਖੇਡ ਵਿਭਾਗ ਵੱਲੋਂ ਇਸ ਦੇ ਲਈ ਡਿਸਟ੍ਰਿਕਟ ਮੇਂਟੋਰ (ਡੀ. ਐੱਮ. ਸਪੋਰਟਸ) ਦੀ ਡਿਊਟੀ ਲਾਈ ਹੈ ਜਿਨ੍ਹਾਂ ਦਾ ਕੰਮ ਖੇਡ ਮੈਦਾਨਾਂ ਦੇ ਨਾਲ ਸਕੂਲਾਂ ’ਚ ਖੇਡਾਂ ਨੂੰ ਉਤਸ਼ਾਹਤ ਕਰਨ ’ਤੇ ਪੂਰੀ ਤਰ੍ਹਾਂ ਨਿਗਰਾਨੀ ਕਰਨਾ ਹੈ।
ਇਹ ਵੀ ਪੜ੍ਹੋ : IPL 2021: ਹਰਭਜਨ ਸਿੰਘ ਨੇ ਕੋਰੋਨਾ ਟੈਸਟ ਨੈਗੇਟਿਵ ਆਉਣ ਦੀ ਖ਼ੁਸ਼ੀ ’ਚ ਪਾਇਆ ਭੰਗੜਾ, ਵੇਖੋ ਵੀਡੀਓ
ਜੂਨ ਤਕ ਸਾਰੇ ਸਕੂਲਾਂ ਦੇ ਖੇਡ ਮੈਦਾਨ ਸਮਾਰਟ ਬਣਾਉਣ ਦਾ ਟੀਚਾ
ਸਕੂਲਾਂ ਦੇ ਖੇਡ ਦੇ ਮੈਦਾਨਾਂ ਨੂੰ ਜੂਨ ਤਕ ਸਮਾਰਟ ਬਣਾਉਣ ਦਾ ਟੀਚਾ ਹੈ, ਜਿਸ ਨੂੰ ਪੂਰਾ ਕੀਤਾ ਜਾਵੇਗਾ। ਸਪੋਰਟਸ ਦੀ ਬਿਹਤਰੀ ਲਈ ਵਿਭਾਗ ਲੱਖਾਂ ਰੁਪਏ ਦਾ ਫ਼ੰਡ ਜਾਰੀ ਕਰ ਰਿਹਾ ਹੈ। ਬਲਾਕ ਪੱਧਰ ’ਤੇ ਮੈਦਾਨਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਖੇਡ ਤੇ ਖਿਡਾਰੀਆਂ ਲਈ ਸਿੱਖਿਆ ਵਿਭਾਗ ਵੱਡੇ ਪੱਧਰ ’ਤੇ ਕੰਮ ਕਰ ਰਿਹਾ ਹੈ। ਬੀਤੇ ਦਿਨਾਂ ’ਚ ਜਲੰਧਰ ਦੇ ਚੋਣਵੇਂ 14 ਸਰਕਾਰੀ ਸਕੂਲਾਂ ਨੂੰ 26 ਲੱਖ ਰੁਪਏ ਦਾ ਫ਼ੰਡ ਵੀ ਖੇਡਾਂ ਲਈ ਜਾਰੀ ਹੋਇਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।