ਪੰਜਾਬ ਸਕੂਲ ਸਿੱਖਿਆ ਬੋਰਡ ਨੇ ਲਿਆ ਅਹਿਮ ਫ਼ੈਸਲਾ
Tuesday, Jun 26, 2018 - 01:05 PM (IST)
ਪਟਿਆਲਾ, (ਲਖਵਿੰਦਰ)- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ਪੰਜਾਬ ਦੇ ਸਮੁੱਚੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀਆਂ ਵਿਦਾਇਗੀ ਪਾਰਟੀਆਂ ਬੰਦ ਕਰ ਦਿੱਤੀਆਂ ਹਨ। ਸਿੱਖਿਆ ਵਿਭਾਗ ਦੁਆਰਾ ਮੀਮੋ ਨੰ 11/ 72-2017-5 ਸਿ./174-175 ਰਾਹੀਂ ਪੱਤਰ ਕੱਢ ਕੇ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਹਦਾਇਤਾਂ ਕਰ ਦਿੱਤੀਆਂ ਹਨ ਕਿ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਹੁਣ ਤੋਂ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਨਹੀਂ ਦਿੱਤੀ ਜਾਵੇਗੀ। ਪੱਤਰ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਸਰਕਾਰੀ ਸਕੂਲਾਂ ਵਿਚ ਪਹਿਲਾਂ ਹੀ ਵਿੱਤੀ ਤੌਰ ’ਤੇ ਕਮਜ਼ੋਰ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਆਉਂਦੇ ਹਨ। ਜੇਕਰ ਉਨ੍ਹਾਂ ’ਤੇ ਹੋਰ ਫਾਲਤੂ ਦੇ ਵਿੱਤੀ ਭਾਰ ਪਾਏ ਜਾਣਗੇ ਤਾਂ ਹੋਰ ਕਮਜ਼ੋਰ ਹੋ ਜਾਣਗੇ। ਪੱਤਰ ਵਿਚ ਲਿਖਿਆ ਗਿਆ ਹੈ ਕਿ ਜੇਕਰ ਵਿਦਿਆਰਥੀਆਂ ਵੱਲੋਂ ਯਾਦਗਾਰੀ ਫੋਟੋ ਖਿਚਵਾਉਣੀ ਹੈ ਤਾਂ ਉਹ ਸਕੂਲ ਆਪਣੇ ਤੌਰ ’ਤੇ ਇਕ ਤਰੀਕ ਨਿਰਧਾਰਤ ਕਰ ਕੇ ਗਰੁੱਪ ਫੋਟੋ ਖਿਚਵਾ ਸਕਦਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਉਪਰੋਕਤ ਲਏ ਗਏ ਅਹਿਮ ਫ਼ੈਸਲੇ ਨਾਲ ਵਿੱਤੀ ਭਾਰ ਘਟ ਸਕੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਮੁੱਚੇ ਸਰਕਾਰੀ ਸਕੂਲਾਂ ਦੇ ਮੁਖੀਅਾਂ ਨੂੰ ਸਪੱਸ਼ਟ ਆਖਿਆ ਹੈ ਕਿ ਉਹ ਸਕੂਲਾਂ ਵਿਚ ਹੁਣ ਵਿਦਾਇਗੀ ਪਾਰਟੀਆਂ ਦਾ ਆਯੋਜਨ ਨਾ ਕਰਨ। ਜਮਾਤ ਦੇ ਛੱਡ ਕੇ ਵਿਦਿਆਰਥੀ ਦੇ ਅਗਲੀ ਜਮਾਤ ਵਿਚ ਜਾਣ ’ਤੇ ਸਾਂਝ ਬਣਾਈ ਰੱਖਣ ਲਈ ਗਰੁੱਪ ਫੋਟੋ ਖਿਚਵਾ ਲਈ ਜਾਵੇ।
