ਸਿੱਖਿਆ ਬੋਰਡ ਵਲੋਂ ਮਾਰਚ 2019 ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਫੀਸਾਂ ਦਾ ਸ਼ਡਿਊਲ ਜਾਰੀ

10/26/2018 9:33:34 AM

ਮੋਹਾਲੀ (ਨਿਆਮੀਆਂ)—ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਾਰਚ 2019 ਵਿਚ ਹੋਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ (ਸਮੇਤ ਓਪਨ ਸਕੂਲ) ਲਈ ਕੰਪਾਰਟਮੈਂਟ, ਰੀ-ਅਪੀਅਰ, ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ ਲਈ ਕੈਟਾਗਰੀਆਂ ਵਿਚ ਅਪੀਅਰ ਹੋਣ ਵਾਲੇ ਉਮੀਦਵਾਰਾਂ ਲਈ ਫ਼ੀਸਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।

ਬੋਰਡ ਦੇ ਸਕੱਤਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਪ੍ਰੀਖਿਆਵਾਂ ਲਈ 10ਵੀਂ ਜਮਾਤ ਦੇ ਰੀ-ਅਪੀਅਰ ਵਾਧੂ ਵਿਸ਼ੇ ਲਈ 1050 ਰੁਪਏ ਤੇ ਕਾਰਗੁਜ਼ਾਰੀ ਵਧਾਉਣ ਲਈ 1700 ਰੁਪਏ ਫ਼ੀਸ ਨਿਰਧਾਰਤ ਕੀਤੀ ਗਈ ਹੈ। ਇਸੇ ਤਰ੍ਹਾਂ 12ਵੀਂ ਜਮਾਤ ਦੇ ਰੀ-ਅਪੀਅਰ, ਕੰਪਾਰਟਮੈਂਟ, ਵਾਧੂ ਵਿਸ਼ੇ ਲਈ 1350 ਰੁਪਏ ਅਤੇ ਕਾਰਗੁਜ਼ਾਰੀ ਵਧਾਉਣ ਲਈ 2000 ਰੁਪਏ ਫ਼ੀਸ ਨਿਰਧਾਰਤ ਕੀਤੀ ਗਈ ਹੈ। 

ਉਨ੍ਹਾਂ ਇਹ ਵੀ ਦੱਸਿਆ ਕਿ ਦੋਵੇਂ ਜਮਾਤਾਂ ਲਈ ਬਿਨਾਂ ਲੇਟ ਫੀਸ ਪ੍ਰੀਖਿਆ ਫਾਰਮ/ਚਲਾਨ ਜਨਰੇਟ ਕਰਨ ਦੀ ਅੰਤਿਮ ਮਿਤੀ 15 ਨਵੰਬਰ, ਬੈਂਕ ਵਿਚ ਫ਼ੀਸ ਜਮ੍ਹਾ ਕਰਵਾਉਣ ਦੀ ਅੰਤਿਮ ਮਿਤੀ 22 ਨਵੰਬਰ ਤੇ ਖੇਤਰੀ ਦਫ਼ਤਰਾਂ ਵਿਚ ਪ੍ਰੀਖਿਆ ਫ਼ਾਰਮ ਜਮ੍ਹਾ ਕਰਵਾਉਣ ਦੀ ਅੰਤਿਮ ਮਿਤੀ 30 ਨਵੰਬਰ ਹੋਵੇਗੀ। ਇਸ ਉਪਰੰਤ 500 ਰੁਪਏ ਲੇਟ ਫ਼ੀਸ ਨਾਲ ਪ੍ਰੀਖਿਆ ਫਾਰਮ/ਚਲਾਨ ਜਨਰੇਟ ਕਰਨ ਦੀ ਅੰਤਿਮ ਮਿਤੀ 27 ਨਵੰਬਰ, ਬੈਂਕ ਵਿਚ ਫ਼ੀਸ ਜਮ੍ਹਾ ਕਰਵਾਉਣ ਦੀ ਅੰਤਿਮ ਮਿਤੀ 3 ਦਸੰਬਰ ਤੇ ਖੇਤਰੀ ਦਫ਼ਤਰਾਂ ਵਿਚ ਪ੍ਰੀਖਿਆ ਫ਼ਾਰਮ ਜਮ੍ਹਾ ਕਰਵਾਉਣ ਦੀ ਅੰਤਿਮ ਮਿਤੀ 14 ਦਸੰਬਰ ਹੋਵੇਗੀ। 1000 ਰੁਪਏ ਲੇਟ ਫ਼ੀਸ ਨਾਲ ਪ੍ਰੀਖਿਆ ਫਾਰਮ/ਚਲਾਨ ਜਨਰੇਟ ਕਰਨ ਦੀ ਅੰਤਿਮ ਮਿਤੀ 12 ਦਸੰਬਰ, ਬੈਂਕ ਵਿਚ ਫ਼ੀਸ ਜਮ੍ਹਾ ਕਰਵਾਉਣ ਦੀ ਅੰਤਿਮ ਮਿਤੀ 20 ਦਸੰਬਰ ਤੇ ਪ੍ਰੀਖਿਆ ਫ਼ਾਰਮ ਜਮ੍ਹਾ ਕਰਵਾਉਣ ਦੀ ਅੰਤਿਮ ਮਿਤੀ 3 ਜਨਵਰੀ 2019 ਹੋਵੇਗੀ। ਇਹ ਫ਼ਾਰਮ ਕੇਵਲ ਮੁੱਖ ਦਫ਼ਤਰ ਵਿਖੇ ਹੀ ਜਮ੍ਹਾ ਕਰਵਾਏ ਜਾ ਸਕਣਗੇ। ਜੇਕਰ ਕੋਈ ਉਮੀਦਵਾਰ ਫੇਰ ਵੀ ਫ਼ੀਸ ਭਰਨ ਤੋਂ ਰਹਿ ਜਾਂਦਾ ਹੈ ਤਾਂ ਉਹ 2000 ਰੁਪਏ ਲੇਟ ਫ਼ੀਸ ਨਾਲ 20 ਦਸੰਬਰ ਤਕ ਪ੍ਰੀਖਿਆ ਫਾਰਮ/ਚਲਾਨ ਜਨਰੇਟ ਕਰਕੇ 3 ਜਨਵਰੀ 2019 ਤਕ ਬੈਂਕ ਵਿਚ ਫ਼ੀਸ ਜਮ੍ਹਾ ਕਰਵਾਉਣ ਉਪਰੰਤ ਕੇਵਲ ਮੁੱਖ ਦਫ਼ਤਰ ਵਿਖੇ 10 ਜਨਵਰੀ 2019 ਤਕ ਆਪਣਾ ਪ੍ਰੀਖਿਆ ਫ਼ਾਰਮ ਜਮ੍ਹਾ ਕਰਵਾ ਸਕਦਾ ਹੈ।  

ਬੋਰਡ ਸਕੱਤਰ ਨੇ ਇਸ ਸਬੰਧੀ ਹੋਰ ਵੇਰਵਾ ਦਿੰਦਿਆਂ ਕਿਹਾ ਕਿ ਇਨ੍ਹਾਂ ਪ੍ਰੀਖਿਆਵਾਂ ਸਬੰਧੀ ਰੋਲ ਨੰਬਰ ਕੇਵਲ ਬੋਰਡ ਦੀ ਵੈੱਬਸਾਈਟ 'ਤੇ ਹੀ ਉਪਲਬਧ ਕਰਵਾਏ ਜਾਣਗੇ ਅਤੇ ਡਾਕ ਰਾਹੀਂ ਕੋਈ ਰੋਲ ਨੰਬਰ ਨਹੀਂ ਭੇਜਿਆ ਜਾਵੇਗਾ। ਪ੍ਰੀਖਿਆ ਫ਼ੀਸ ਪੰਜਾਬ ਨੈਸ਼ਨਲ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਵਿਖੇ ਚਲਾਨ ਰਾਹੀਂ ਜਮ੍ਹਾ ਕਰਵਾਈ ਜਾ ਸਕਦੀ ਹੈ। ਪ੍ਰੀਖਿਆ ਫ਼ੀਸਾਂ ਅਤੇ ਹੋਰ ਜਾਣਕਾਰੀ ਲਈ ਪ੍ਰੋਸਪੈਕਟਸ ਅਤੇ ਪ੍ਰੀਖਿਆ ਫ਼ਾਰਮ ਬੋਰਡ ਦੀ ਵੈੱਬਸਾਈਟ 'ਤੇ ਛੇਤੀ ਹੀ ਉਪਲਬਧ ਕਰਵਾਈ ਜਾਵੇਗੀ।


Related News