ਸਕੂਲੀ ਸਿੱਖਿਆ ਲਈ ਸਹੂਲਤਾਂ ਪ੍ਰਦਾਨ ਕਰਨ 'ਚ ਪੰਜਾਬ ਟੌਪ-5 ਸੂਚੀ 'ਚ ਸ਼ਾਮਲ

02/26/2020 5:19:08 PM

ਲੁਧਿਆਣਾ (ਵਿੱਕੀ) : ਪੰਜਾਬ ਰਾਜ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਮਾਨਵ ਵਿਕਾਸ ਸ੍ਰੋਤ ਮੰਤਰਾਲੇ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੀ ਸਕੂਲੀ ਸਿੱਖਿਆ ਦੇ ਵੱਖ-ਵੱਖ ਮਾਪਦੰਡਾਂ ਅਨੁਸਾਰ ਕੀਤੇ ਜਾਂਦੇ ਪਰਫ਼ਾਰਮੈਂਸ ਗ੍ਰੇਡਿੰਗ ਇੰਡੈਕਸ ਦੇ ਸਰਵੇਖਣ ਦੀ ਸਾਲ 2018-19 ਦੀ ਰਿਪੋਰਟ ਅਨੁਸਾਰ ਸਕੂਲੀ ਸਿੱਖਿਆ ਦੇ ਬਿਹਤਰ ਅਤੇ ਜ਼ਰੂਰੀ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੇਣ ਲਈ ਪੰਜਾਬ ਨੂੰ ਟੌਪ-5 ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।ਪਹਿਲੇ ਤਿੰਨ ਸਥਾਨਾਂ 'ਚ ਚੰਡੀਗੜ੍ਹ, ਕੇਰਲਾ ਅਤੇ ਗੁਜਰਾਤ ਨੇ ਥਾਂ ਬਣਾਈ ਹੈ। 

ਮਿਲੀ ਜਾਣਕਾਰੀ ਅਨੁਸਾਰ ਮਾਨਵ ਵਿਕਾਸ ਸ੍ਰੋਤ ਮੰਤਰਾਲੇ ਦੁਆਰਾ ਨਿਰਧਾਰਿਤ ਵੱਖ-ਵੱਖ ਮਾਪਦੰਡਾਂ ਤੋਂ ਭਾਰਤ ਦੇ ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੀ ਸਮੁੱਚੀ ਸਕੂਲੀ ਸਿੱਖਿਆ ਦੀ ਕਾਰਗੁਜ਼ਾਰੀ ਮਾਪੀ ਜਾਂਦੀ ਹੈ। ਇਨ੍ਹਾਂ ਮਾਪਦੰਡਾਂ ਦੇ ਅਧਾਰ 'ਤੇ ਵੱਖ-ਵੱਖ ਕਾਰਜ ਖੇਤਰਾਂ ਵਿੱਚ ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੀ ਸਕੂਲੀ ਸਿੱਖਿਆ ਦੀ ਗ੍ਰੇਡਿੰਗ ਕੀਤੀ ਜਾਂਦੀ ਹੈ।

ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੇ ਖੇਤਰ ਵਿਚ ਉਸ ਰਾਜ ਜਾਂ ਕੇਂਦਰ ਸ਼ਾਸ਼ਿਤ ਨੂੰ ਸਰਵੋਤਮ ਸਥਾਨ ਮਿਲਦਾ ਹੈ ਜਿੱਥੋਂ ਦੀ ਸਕੂਲੀ ਸਿੱਖਿਆ ਦਾ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਵਿਦਿਆਰਥੀਆਂ ਲਈ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਲਈ ਉੱਤਮ ਦਰਜੇ ਦਾ ਹੁੰਦਾ ਹੈ । ਜਿਸ ਅਨੁਸਾਰ ਕਿਸੇ ਰਾਜ ਜਾਂ ਕੇਂਦਰ ਸ਼ਾਸ਼ਿਤ ਪ੍ਰਦੇਸ਼ ਦੀ ਸਕੂਲੀ ਪ੍ਰਣਾਲੀ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਉਪਲੱਬਧਤਾ, ਸਾਫ਼-ਸੁਥਰੇ ਪਖਾਨੇ, ਹਾਇਰ ਅਤੇ ਹਾਇਰ ਸੈਕੰਡਰੀ ਪੱਧਰ ਦੇ ਸਕੂਲਾਂ ਵਿੱਚ ਵਿਗਿਆਨ, ਕੰਪਿਊਟਰ ਲੈਬੋਰੇਟਰੀਆਂ ਅਤੇ ਲਾਇਬ੍ਰੇਰੀਆਂ ਦੀ ਉਪਲੱਬਧਤਾ ਅਤੇ ਵਿਦਿਆਰਥੀਆਂ ਲਈ ਕਿੱਤਾਮੁਖੀ ਸਿੱਖਿਆ ਦਾ ਪ੍ਰਬੰਧ ਹੋਣਾ ਜ਼ਰੂਰੀ ਹੁੰਦਾ ਹੈ।

ਇਸ ਸਰਵੇਖਣ ਅਨੁਸਾਰ ਇਸ ਸਾਲ ਪੰਜਾਬ ਨੇ ਇਸ ਖੇਤਰ ਵਿਚ ਟੌਪ-5 ਸੂਚੀ ਵਿਚ ਸਥਾਨ ਹਾਸਿਲ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਰਾਜ ਦੀ ਸਕੂਲੀ ਸਿੱਖਿਆ ਵਿਦਿਆਰਥੀਆਂ ਦੇ ਪੜ੍ਹਨ-ਪੜ੍ਹਾਉਣ ਦੇ ਬਿਹਤਰ ਵਾਤਾਵਰਨ ਲਈ ਢੁਕਵੇਂ ਅਤੇ ਲੋੜੀਂਦੇ ਹਰ ਮਾਪਦੰਡ ਦੀ ਕਸਵੱਟੀ 'ਤੇ ਖਰੀ ਉਤਰਦੀ ਹੈ।


Babita

Content Editor

Related News