ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਸ਼ਰਤੀਆ ਪਾਸ ਕਰਾਉਣ ਦੇ ਗੋਰਖਧੰਦੇ ਦਾ ਪਰਦਾਫਾਸ਼
Tuesday, Mar 06, 2018 - 06:56 AM (IST)

ਚੰਡੀਗੜ੍ਹ(ਸਾਜਨ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਂ 'ਤੇ ਪ੍ਰਾਈਵੇਟ ਸਕੂਲਾਂ ਵਲੋਂ ਬੋਰਡ ਦੀਆਂ ਪ੍ਰੀਖਿਆਵਾਂ 'ਚ ਪਾਸ ਕਰਾਉਣ ਦੇ ਗੋਰਖਧੰਦੇ ਦਾ ਪਰਦਾਫਾਸ਼ ਹੋਇਆ ਹੈ। ਬੋਰਡ ਨੇ ਬਾਰਡਰ ਏਰੀਏ 'ਚ ਬਣੇ 7 ਪ੍ਰਾਈਵੇਟ ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ, ਜੋ ਇਸ ਗੋਰਖਧੰਦੇ ਦੇ ਸੂਤਰਧਾਰ ਦੱਸੇ ਜਾ ਰਹੇ ਹਨ। ਬਾਰਡਰ ਏਰੀਏ 'ਚ ਵਸੇ ਸਥਿਤ ਸਕੂਲਾਂ 'ਚ ਪੰਜਾਬ ਦੇ ਕਈ ਸ਼ਹਿਰਾਂ ਦੇ ਵਿਦਿਆਰਥੀਆਂ ਦਾ ਸੈਂਟਰ ਬਣਾਇਆ ਜਾਂਦਾ ਸੀ ਅਤੇ ਉਨ੍ਹਾਂ ਤੋਂ ਮਨਚਾਹੇ ਪੈਸੇ ਲੈ ਕੇ ਧੜੱਲੇ ਨਾਲ ਨਕਲ ਕਰਵਾਈ ਜਾਂਦੀ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਹਾਲ ਹੀ 'ਚ ਤਰਨਤਾਰਨ ਜ਼ਿਲੇ ਦੇ ਪੱਟੀ ਏਰੀਏ 'ਚ ਛਾਪਾ ਮਾਰ ਕੇ ਇਨ੍ਹਾਂ ਸਕੂਲਾਂ 'ਚ ਚੱਲ ਰਹੀ ਕਾਰਗੁਜ਼ਾਰੀ ਦਾ ਪਰਦਾਫਾਸ਼ ਕੀਤਾ। ਇਹੋ ਨਹੀਂ, ਤੁਰੰਤ ਇਨ੍ਹਾਂ ਪ੍ਰਾਈਵੇਟ ਸਕੂਲਾਂ ਦੀ ਮਾਨਤਾ ਰੱਦ ਕਰਨ ਦੇ ਨਿਰਦੇਸ਼ ਵੀ ਦਿੱਤੇ। ਸੱਤ ਸਕੂਲਾਂ ਦੀ ਮਾਨਤਾ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀ ਗਈ। ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਘਟਨਾ ਦਾ ਖੁਲਾਸਾ ਅੰਗਰੇਜ਼ੀ ਦੇ ਪੇਪਰ ਦੌਰਾਨ ਹੋਇਆ, ਜਦੋਂ ਸਕੂਲਾਂ 'ਚ ਬਣੇ ਸੈਂਟਰਾਂ 'ਚ ਮੋਹਾਲੀ, ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਡੇਰਾਬੱਸੀ, ਕਾਲਕਾ, ਪਟਿਆਲਾ, ਰੋਪੜ, ਖਰੜ, ਲੁਧਿਆਣਾ, ਬਠਿੰਡਾ, ਮੁਕਤਸਰ, ਅੰਮ੍ਰਿਤਸਰ, ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ, ਸੰਗਰੂਰ ਅਤੇ ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ, ਕਰਨਾਲ ਆਦਿ ਦੇ ਵਿਦਿਆਰਥੀਆਂ ਨੇ ਹੰਗਾਮਾ ਕਰ ਦਿੱਤਾ। ਜਲੰਧਰ ਤੋਂ ਪਹੁੰਚੇ ਵਿਦਿਆਰਥੀ, ਜਿਸਦਾ ਵੀਡੀਓ ਜਗ ਬਾਣੀ ਪੱਤਰਕਾਰ ਕੋਲ ਮੌਜੂਦ ਹੈ, ਨੇ ਖੁਲਾਸਾ ਕੀਤਾ ਕਿ ਇਨਾਂ ਸਕੂਲਾਂ ਨੇ ਸਾਡੇ ਤੋਂ 20 ਹਜਾਰ ਰੁਪਏ ਤੋਂ ਲੈ ਕੇ 70 ਹਜਾਰ ਰੁਪਏ ਲੈ ਕੇ ਪਾਸ ਕਰਾਉਣ ਦਾ ਭਰੋਸਾ ਦਿੱਤਾ ਸੀ। ਬਕਾਇਦਾ ਉਨਾਂ ਨੂੰ ਉਹੀ ਸੈਂਟਰ ਅਲਾਟ ਕੀਤੇ ਗਏ, ਜਿੱਥੇ ਨਕਲ ਕਰਨ ਤੇ ਕਰਾਉਣ ਦਾ ਪੂਰਾ ਪ੍ਰਬੰਧ ਸੀ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਜਾਣਕਾਰੀ 'ਚ ਸਾਹਮਣੇ ਆਇਆ ਕਿ ਇਨਾਂ ਵਿਦਿਆਰਥੀਆਂ ਨੂੰ ਓਪਨ ਸਕੂਲ ਸਿੱਖਿਆ ਦੇ ਨਾਂ 'ਤੇ ਪ੍ਰਾਈਵੇਟ ਸਕੂਲ ਦਾਖਲ ਕਰਦੇ ਸਨ। ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇਨਾਂ ਦੇ ਰੋਲ ਨੰਬਰ ਲਏ ਜਾਂਦੇ ਸਨ। ਸੂਚਨਾ ਦੇ ਆਧਾਰ 'ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਉਨਾਂ ਦੀ ਟੀਮ ਨੇ ਇਹ ਸਰਜੀਕਲ ਸਟ੍ਰਾਇਕ ਕੀਤੀ ਅਤੇ ਇਸ ਗੋਰਖਧੰਦੇ ਦੇ ਤਾਰ ਖੁੱਲੇ।
ਜਾਣਕਾਰੀ ਮੁਤਾਬਿਕ 28 ਫਰਵਰੀ ਨੂੰ ਜਦੋਂ ਅੰਗਰੇਜੀ ਅਤੇ 3 ਮਾਰਚ ਨੂੰ ਜਦੋਂ ਪੰਜਾਬੀ ਦਾ ਪੇਪਰ ਸੀ, ਦੌਰਾਨ ਇਹ ਪੂਰਾ ਗੋਰਖਧੰਦਾ ਸਾਹਮਣੇ ਆਇਆ। ਕ੍ਰਿਸ਼ਨ ਕੁਮਾਰ ਨੇ ਤਰਨਤਾਰਨ ਦੇ ਐੱਸ. ਡੀ. ਐੱਮ. ਨੂੰ ਇਨ੍ਹਾਂ ਸਕੂਲਾਂ ਦਾ ਰਿਕਾਰਡ ਸੀਲ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਹੋਰ ਨਾਂ ਵੀ ਸਾਹਮਣੇ ਆ ਸਕਣ, ਜੋ ਗੋਰਖਧੰਦੇ 'ਚ ਸ਼ਾਮਲ ਹਨ।
ਇਨ੍ਹਾਂ 7 ਸਕੂਲਾਂ ਦੀ ਮਾਨਤਾ ਰੱਦ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਕੋਮਲ ਸਿੰਘ ਨੇ ਦੱਸਿਆ ਕਿ ਤਰਨਤਾਰਨ ਦੇ ਪੱਟੀ ਜਿਲੇ 7 ਪ੍ਰਾਈਵੇਟ ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਇਨ੍ਹਾਂ ਦੀ ਮਾਨਤਾ ਰੱਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਸਕੂਲਾਂ 'ਚ ਯੂਨਾਈਟਿਡ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ, ਗੁਰੂਕੁਲ ਪਬਲਿਕ ਸਕੂਲ ਬੀ. ਐੱਸ. ਐੱਫ. ਹੈੱਡਕੁਆਰਟਰ ਖੇਮਕਰਨ, ਹਰੀ ਸਿੰਘ ਨਲੂਆ ਪਬਲਿਕ ਸਕੂਲ ਪੁਨੀਆ, ਸੰਤ ਸਿਪਾਹੀ ਪਬਲਿਕ ਸਕੂਲ ਠੱਠਾ, ਸ਼ਹੀਦ ਭਗਤ ਸਿੰਘ ਸਕੂਲ ਵਲਟੋਹਾ, ਸ਼੍ਰੀ ਬਾਲਾਜੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਅਤੇ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ ਸ਼ਾਮਲ ਹਨ। ਬੋਰਡ ਅਧਿਕਾਰੀ ਹਰਗੁਣਜੀਤ ਕੌਰ ਨੇ ਇਨ੍ਹਾਂ ਸਕੂਲਾਂ ਦੀ ਐਫੀਲੀਏਸ਼ਨ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।