ਵਿਦੇਸ਼ੀ ਧਰਤੀ ’ਤੇ ਪਹੁੰਚਣ ਲਈ ਕਾਹਲੀ ਪੰਜਾਬ ਦੀ ਜਵਾਨੀ, ਆਪਣਿਆਂ ਨੂੰ ਉਡੀਕਣ ਲੱਗੇ 'ਬੰਦ ਘਰ'

Monday, Jan 09, 2023 - 05:53 PM (IST)

ਵਿਦੇਸ਼ੀ ਧਰਤੀ ’ਤੇ ਪਹੁੰਚਣ ਲਈ ਕਾਹਲੀ ਪੰਜਾਬ ਦੀ ਜਵਾਨੀ, ਆਪਣਿਆਂ ਨੂੰ ਉਡੀਕਣ ਲੱਗੇ 'ਬੰਦ ਘਰ'

ਸੁਲਤਾਨਪੁਰ ਲੋਧੀ (ਧੀਰ)-ਰੋਜ਼ਾਨਾ ਵਿਦੇਸ਼ਾਂ ਨੂੰ ਜਾਂਦੇ ਪੰਜਾਬੀ ਨੌਜਵਾਨਾਂ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਉਹ ਸਮਾਂ ਦੂਰ ਨਹੀਂ, ਜਦੋਂ ਪੰਜਾਬ ਬੁੱਢਿਆਂ ਦਾ ਸੂਬਾ ਵੱਜਣ ਲੱਗ ਜਾਵੇਗਾ। ਪੰਜਾਬ ਦੀ ਜਵਾਨੀ ਧੜਾ-ਧੜ ਵਿਦੇਸ਼ਾਂ ਵੱਲ ਜਾ ਰਹੀ ਹੈ। ਹਰੇਕ ਨੌਜਵਾਨ ਮੁੰਡਾ-ਕੁੜੀ ਹੁਣ 12ਵੀਂ ਤੋਂ ਬਾਅਦ ਆਈਲੈਟਸ ਕਰਨੀ ਸ਼ੁਰੂ ਕਰ ਦਿੰਦਾ ਹੈ। ਆਈਲੈਟਸ ਪਾਸ ਕਰਨ ਤੋਂ ਕੁਝ ਮਹੀਨਿਆਂ ਬਾਅਦ ਹੀ ਉਹ ਪੰਜਾਬ ਨੂੰ ਅਲਵਿਦਾ ਆਖ ਵਿਦੇਸ਼ ਉਡਾਰੀ ਮਾਰ ਜਾਂਦਾ ਹੈ। ਹੁਣ ਪੰਜਾਬ ਦੀ ਜਵਾਨੀ ਦਾ ਇਥੇ ਦਿਲ ਨਹੀਂ ਲੱਗਦਾ ਅਤੇ ਉਹ ਕਿਸੇ ਤਰੀਕੇ ਵਿਦੇਸ਼ੀ ਧਰਤੀ ’ਤੇ ਪਹੁੰਚਣ ਲਈ ਕਾਹਲੇ ਹਨ। ਆਖਰ ਪੰਜਾਬ ਦੀ ਜਵਾਨੀ ਆਪਣੇ ਵਤਨ ਰਹਿਣਾ ਕਿਉਂ ਪਸੰਦ ਨਹੀਂ ਕਰਦੀ। ਇਹ ਨੌਬਤ ਕਿਉਂ ਆਈ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਾਡਾ ਦੇਸ਼ ਹੁਣ ਦਿਨੋਂ-ਦਿਨ ਨਿਘਾਰ ਵੱਲ ਨੂੰ ਜਾ ਰਿਹਾ ਹੈ, ਜਿਸ ਤੋਂ ਹਰੇਕ ਬੁੱਧੀਜੀਵੀ ਚਿੰਤਤ ਵਿਖਾਈ ਦੇ ਰਿਹਾ ਹੈ। ਪੰਜਾਬ ’ਚ ਹੁਣ ਹਰੇਕ ਮਾਪੇ-ਆਪਣੇ ਲਾਡਲਿਆਂ ਨੂੰ ਵਿਦੇਸ਼ ਭੇਜਣ ਨੂੰ ਕਾਹਲੇ ਹਨ ਕਿਉਂਕਿ ਉਨ੍ਹਾਂ ਨੂੰ ਪੰਜਾਬ ’ਚ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਨਹੀ’ ਦਿਸ ਰਿਹਾ। ਬਹੁਤੇ ਪਿੰਡਾਂ ’ਚ ਵੱਡੀਆਂ-ਵੱਡੀਆਂ ਕੋਠੀਆਂ ’ਚ ਇਕੱਲੇ ਬਜ਼ੁਰਗ ਹੀ ਰਹਿ ਰਹੇ ਹਨ, ਜਿਨ੍ਹਾਂ ਦੇ ਧੀ-ਪੁੱਤ ਵਿਦੇਸ਼ਾਂ ’ਚ ਹਨ। ਅੱਜ ਪੰਜਾਬ ਤਬਾਹੀ ਦੇ ਕੰਢੇ ’ਤੇ ਖੜ੍ਹੀ ਹੈ, ਇਸ ਨੂੰ ਮੁੜ ਲੀਹ ’ਤੇ ਲਿਆਉਣ ਲਈ ਸਰਕਾਰਾਂ ਨੂੰ ਬੜਾ ਕੁਝ ਕਰਨਾ ਪਵੇਗਾ।

ਵਿਕ ਗਈਆਂ ਜ਼ਮੀਨ-ਜਾਇਦਾਦਾਂ
ਇਹ ਸੱਚ ਹੈ ਕਿ ਵਿਦੇਸ਼ਾਂ ਨੂੰ ਜਾਣਾ ਪੰਜਾਬੀਆਂ ਦਾ ਸ਼ੌਕ ਨਹੀਂ ਹੈ ਅਤੇ ਰੁਜ਼ਗਾਰ ਲਈ ਸਾਡੇ ਦੇਸ਼ ਦੀ ਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ। ਇਸ ਕਾਰਨ ਹਾਲਤ ਇਹ ਹਨ ਕਿ ਦੇਸ਼ ’ਚ ਜਿਹੜੇ ਕਾਲਜਾਂ ’ਚ ਪਹਿਲਾਂ ਹਜ਼ਾਰਾਂ ਵਿਦਿਆਰਥੀ ਦਾਖਲ ਹੁੰਦੇ ਸਨ, ਹੁਣ ਇਨ੍ਹਾਂ ਕਾਲਜਾਂ ’ਚ ਸਿਰਫ਼ 400-500 ਵਿਦਿਆਰਥੀਆਂ ਦਾ ਹੀ ਦਾਖ਼ਲਾ ਹੋ ਰਿਹਾ ਹੈ। ਕਈ ਕਾਲਜਾਂ ’ਚ ਤਾਂ ਵਿਦਿਅਰਥੀਆਂ ਦੀ ਗਿਣਤੀ ਇੰਨੀ ਘਟ ਗਈ ਕਿ ਕਾਲਜ ਬੰਦ ਹੋਣ ਕਿਨਾਰੇ ਹਨ। ਸਾਡੇ ਦੇਸ ‘ਚ ਕਾਲਜਾਂ ’ਚ ਹੁਣ ਟਾਵੇਂ-ਟਾਵੇਂ ਉਹ ਵਿਦਿਆਰਥੀ ਰਹਿ ਗਏ ਹਨ, ਜਿਹੜੇ ਵਿਦੇਸ਼ਾਂ ਦੇ ਕਾਲਜਾਂ ਦੀ ਫੀਸ ਨਹੀਂ ਭਰ ਸਕਦੇ ਅਤੇ ਹੋਰ ਲੱਖਾਂ ਰੁਪਏ ਖ਼ਰਚ ਕੇ ਵਿਦੇਸ਼ ਨਹੀਂ ਜਾ ਸਕਦੇ, ਜਿਨ੍ਹਾਂ ਕੋਲ ਕੋਈ ਵੀ ਸਾਧਨ ਹੈ ਜਾਂ ਜਾਇਦਾਦਾਂ ਹਨ, ਉਹ ਆਪਣੀਆਂ ਜ਼ਮੀਨ-ਜਾਇਦਾਦਾਂ ਵੇਚ ਕੇ ਵਿਦੇਸ਼ ਜਾ ਰਹੇ ਹਨ। ਹਾਲਤ ਇਹ ਹੈ ਕਿ ਪਿੰਡਾਂ ’ਚ ਜਾਇਦਾਦ ਖ਼ਰੀਦਣ ਵਾਲਾ ਗਾਹਕ ਵੀ ਛੇਤੀ-ਛੇਤੀ ਲੱਭ ਨਹੀਂ ਰਿਹਾ ਕਿਉਂਕਿ ਵਿਦੇਸ਼ਾਂ ਨੂੰ ਜਾਣ ਵਾਲੇ ਲੋਕਾਂ ਦੀ ਗਿਣਤੀ ਹਰੇਕ ਪਿੰਡਾਂ ’ਚ ਵਧ ਗਈ ਹੈ ਤੇ ਲੋਕਾਂ ਦੀਆਂ ਜ਼ਮੀਨਾਂ ਵੱਡੇ ਪੱਧਰ ’ਤੇ ਵਿਕਾਊ ਹੋ ਗਈਆਂ ਹਨ ਪਰ ਖ਼ਰੀਦਣ ਵਾਲੇ ਘੱਟ ਹਨ।

ਇਹ ਵੀ ਪੜ੍ਹੋ : ਪਤੀ ਨੂੰ ਤਲਾਕ ਦੇ ਕੇ ਆਸ਼ਿਕ ਨਾਲ ਕਰਵਾਇਆ ਵਿਆਹ, ਫਿਰ ਇਕ ਸਾਲ ਮਗਰੋਂ ਉਸ ਨੂੰ ਵੀ ਛੱਡ ਕੇ ਚਾੜ੍ਹ 'ਤਾ ਇਹ ਚੰਨ੍ਹ

ਬੰਦ ਘਰ ਵੀ ਆਪਣਿਆਂ ਨੂੰ ਲੱਗੇ ਉਡੀਕਣ
ਹੁਣ ਜਦੋਂ ਵੀ ਕੋਈ ਕਿਸਾਨ ਆਪਣੇ ਧੀ-ਪੁੱਤ ਨੂੰ ਵਿਦੇਸ਼ ਭੇਜਣ ਲਈ ਉਸ ਦੀ ਜ਼ਮੀਨ ਲੈਣ ਵਾਲਾ ਗਾਹਕ ਮਸਾਂ ਲੱਭਦਾ ਹੈ। ਇਸ ਕਾਰਨ ਪੰਜਾਬ ’ਚ ਪੜ੍ਹੇ-ਲਿਖੇ ਨੌਜਵਾਨਾਂ ਦੀ ਗਿਣਤੀ ਤਾਂ ਬਿਲਕੁਲ ਘੱਟ ਗਈ ਹੈ, ਕਿਉਂਕਿ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਤਾਂ ਵਿਦੇਸ਼ਾਂ ਨੂੰ ਜਾ ਰਹੀ ਹੈ ਅਤੇ ਬਾਕੀ ਰਹਿੰਦੀ ਜਾਣ ਦੀ ਤਿਆਰੀ ’ਚ ਹੈ, ਜਿਨ੍ਹਾਂ ਘਰਾਂ ’ਚ ਕੋਈ ਬਜ਼ੁਰਗ ਵੀ ਨਹੀਂ ਬਚਿਆ, ਉਥੇ ਤਾਂ ਘਰਾਂ ਤੇ ਕੋਠੀਆਂ ਨੂੰ ਜਿੰਦਰੇ ਲੱਗ ਗਏ ਹਨ। ਇਨ੍ਹਾਂ ਬੰਦ ਘਰਾਂ ਤੇ ਕੋਠੀਆਂ ਨੂੰ ਐੱਨ. ਆਰ. ਆਈਜ਼ ਕਈ-ਕਈ ਸਾਲਾਂ ਬਾਅਦ ਪੰਜਾਬ ’ਚ ਛੁੱਟੀ ਮਨਾਉਣ ਆਉਣ ’ਤੇ ਖੋਲ੍ਹਦੇ ਹਨ ਤੇ ਓਨਾ ਚਿਰ ਇਹ ਬੰਦ ਘਰ ਵਿਦੇਸ਼ ਤੋਂ ਆਉਣ ਵਾਲੇ ਵਾਲੇ ਆਪਣਿਆਂ ਨੂੰ ਉਡੀਕਦੇ ਰਹਿੰਦੇ ਹਨ।

ਪੰਜਾਬ ਦੀ ਆਰਥਿਕ ਸਥਿਤੀ ਡਾਵਾਂਡੋਲ
ਸਮੇਂ ਦੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ‘ਸੋਨੇ ਦੀ ਚਿੜੀ’ ਕਹੇ ਜਾਣ ਵਾਲੇ ਪੰਜਾਬ ਦੀ ਆਰਥਿਕ ਹਾਲਤ ਡਾਵਾਂਡੋਲ ਹੋ ਗਈ ਹੈ ਅਤੇ ਲੋਕ ਕਰਜ਼ੇ ਦੇ ਬੋਝ ਹੇਠ ਦੱਬੇ ਪਏ ਹਨ। ਖੇਤੀਬਾੜੀ ਦਾ ਧੰਦਾ ਫੇਲ ਹੋ ਚੁੱਕਾ ਹੈ। ਕਰਜ਼ੇ ਕਾਰਨ ਦੇਸ਼ ਦੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਅਜੋਕੀ ਨੌਜਵਾਨ ਪੀੜ੍ਹੀ ਦਾ ਧਿਆਨ ਵੀ ਬਾਹਰਲੇ ਦੇਸ਼ਾਂ ’ਚ ਜਾਣ ਦਾ ਹੈ, ਜਿਸ ਕਾਰਨ ਉਹ ਆਈਲੈਟਸ ਕਰਕੇ ਵਿਦੇਸ਼ਾਂ ’ਚ ਜਾਣ ਦੀਆਂ ਤਿਆਰੀਆਂ ਖਿੱਚ ਰਹੇ ਹਨ।

ਹਰ ਸ਼ਹਿਰ, ਮੰਡੀ ’ਚ ਖੁੱਲ੍ਹੇ ਆਈਲੈਟਸ ਕੇਂਦਰ
ਜਦੋਂ ਤੋਂ ਬਾਹਰਲੇ ਦੇਸ਼ਾਂ ’ਚ ਜਾਣ ਦਾ ਰੁਝਾਨ ਵਧਿਆ ਹੈ, ਉਦੋਂ ਤੋਂ ਹੀ ਸ਼ਹਿਰ, ਮੰਡੀ ਤੇ ਕਸਬਿਆਂ ’ਚ ਆਈਲੈਟਸ ਕੇਂਦਰ ਵੱਡੀ ਪੱਧਰ ’ਤੇ ਖੁੱਲ੍ਹ ਗਏ ਹਨ। ਪਹਿਲਾਂ ਜਿੱਥੇ ਸੂਬੇ ਦੇ ਦੋਆਬਾ ਖੇਤਰ ਦੇ ਲੋਕ ਵਿਦੇਸ਼ਾਂ ’ਚ ਜਾਣ ਨੂੰ ਤਰਜੀਹ ਦਿੰਦੇ ਸਨ, ਉੱਥੇ ਹੁਣ ਮਾਝਾ ਤੇ ਮਾਲਵਾ ਖੇਤਰ ਦੇ ਲੋਕਾਂ ’ਚ ਵੀ ਬਾਹਰ ਜਾਣ ਦਾ ਰੁਝਾਣ ਵੱਧ ਗਿਆ ਹੈ। ਮੁੰਡੇ-ਕੁੜੀਆਂ ਦਾ ਕਹਿਣਾ ਹੈ ਕਿ ਜੇਕਰ ਉਹ ਕਾਲਜਾਂ ’ਚ ਜਾ ਕੇ ਉੱਚ ਵਿੱਦਿਆ ਪ੍ਰਾਪਤ ਕਰਦੇ ਹਨ ਤਾਂ ਪੜ੍ਹਾਈ ’ਤੇ ਲੱਖਾਂ ਰੁਪਇਆ ਖ਼ਰਚ ਆਉਂਦਾ ਹੈ ਪਰ ਅੱਗੇ ਨਾ ਸਰਕਾਰੀ ਨੌਕਰੀ ਮਿਲਦੀ ਹੈ ਅਤੇ ਨਾ ਹੀ ਕੋਈ ਰੁਜ਼ਗਾਰ। ਆਈਲੈਟਸ ਕਰਨ ’ਤੇ ਘੱਟ ਰੁਪਏ ਹੀ ਲੱਗਦੇ ਹਨ।

ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਚੰਗੇ ਭਵਿੱਖ ਲਈ ਮਨੀਲਾ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਨਸ਼ਿਆਂ ਨੇ ਖਾ ਲਿਆ ਪੰਜਾਬ
ਪੰਜਾਬ ਦੀ ਧਰਤੀ ’ਤੇ ਕੋਈ ਤੱਕੜੇ ਜੁੱਸੇ ਵਾਲਾ ਕੋਈ ਨੌਜਵਾਨ ਕੁੜੀ-ਮੁੰਡਾ ਨਹੀਂ ਰਿਹਾ, ਕਿਉਂਕਿ ਪੰਜਾਬ ਨੂੰ ਨਸ਼ਿਆਂ ਨੇ ਖਾ ਲਿਆ ਹੈ। ਨਸ਼ਿਆਂ ਕਾਰਨ ਸੂਬੇ ’ਚ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਅਨੇਕਾ ਘਰ ਤਬਾਹ ਹੋ ਗਏ ਹਨ। ਇਸ ਸਮੇਂ ਸੂਬੇ ਭਰ ’ਚ ਅਮਨ ਕਾਨੂੰਨ ਦੀ ਸਥਿਤੀ ਵਿਗਡ਼ ਚੁੱਕੀ ਹੈ। ਛੋਟੀਆਂ ਬੱਚੀਆਂ ਤੇ ਔਰਤਾਂ ਨੂੰ ਜਬਰ-ਜ਼ਿਨਾਹ ਦਾ ਸ਼ਿਕਾਰ ਦਰਿੰਦਿਆਂ ਵੱਲੋਂ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਔਰਤਾਂ ਕਿਧਰੇ ਵੀ ਸੁਰੱਖਿਅਤ ਨਹੀਂ ਹਨ।

ਬੇਰੁਜ਼ਗਾਰੀ ਦੀ ਸਮੱਸਿਆ ਵੱਲ ਸਰਕਾਰਾਂ ਨੇ ਨਹੀਂ ਦਿੱਤਾ ਧਿਆਨ
ਸਮੇਂ ਦੀਆਂ ਸਰਕਾਰਾਂ ਨੇ ਜੇਕਰ ਆਪਣੀ ਜ਼ਿੰਮੇਵਾਰੀ ਸਦਕਾ ਸੂਬੇ ਦੇ ਪੜ੍ਹੇ-ਲਿਖੇ ਨੌਜਵਾਨ ਲੜਕੇ-ਲੜਕੀਆਂ ਨੂੰ ਨੌਕਰੀਆਂ ਅਤੇ ਰੋਜ਼ਗਾਰ ਦਿੱਤਾ ਹੁੰਦਾ ਤਾਂ ਸ਼ਾਇਦ ਪੰਜਾਬ ਦੀ ਸਥਿਤੀ ਅਜੋਕੀ ਨਹੀਂ ਸੀ ਹੋਣੀ। ਸਰਕਾਰਾਂ ਤੇ ਸਿਆਸੀ ਆਗੂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਮਾੜੀ ਗੱਲ ਤਾਂ ਇਹ ਹੈ ਕਿ ਨੌਕਰੀਆਂ ਨਾ ਮਿਲਣ ਕਰਕੇ ਨੌਜਵਾਨ ਪੀੜ੍ਹੀ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋ ਰਹੀ ਹੈ।

ਪੜ੍ਹੇ-ਲਿਖੇ ਨੌਜਵਾਨ ਭਵਿੱਖ ਨੂੰ ਲੈ ਕੇ ਚਿੰਤਤ
ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ ਪਰ ਸਾਡੇ ਦੇਸ਼ ਦੀ ਬਦਕਿਸਮਤੀ ਇਹ ਹੈ ਕਿ ਮਹਿੰਗੀ ਪੜ੍ਹਾਈ ਕਰਨ ਤੋਂ ਬਾਅਦ ਵੀ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲ ਰਹੀ। ਦੇਸ਼ ਅੰਦਰ ਬੇਰੋਜ਼ਗਾਰਾਂ ਦੀ ਗਿਣਤੀ ’ਚ ਹਰ ਸਾਲ ਵੱਡਾ ਵਾਧਾ ਹੋ ਰਿਹਾ ਹੈ। ਉਨ੍ਹਾਂ ’ਚ ਅਨੁਸਾਸ਼ਨਹੀਣਤਾ ਤੇ ਸਹਿਣਸ਼ੀਲਤਾ ਦੀ ਕਮੀ ਆਮ ਵੇਖਣ ਨੂੰ ਮਿਲਦੀ ਹੈ। ਦੇਸ਼ ਦੀ ਗੰਧਲੀ ਹੋ ਰਹੀ ਰਾਜਨੀਤੀ, ਪ੍ਰਦੂਸ਼ਿਤ ਹੋ ਰਿਹਾ ਵਾਤਾਵਾਰਣ ਤੇ ਭ੍ਰਿਸ਼ਟ ਹੋ ਰਹੇ ਨਿਜਾਮ ਦਾ ਬੋਲਬਾਲਾ ਚਾਰੇ ਪਾਸੇ ਹੈ। ਪੜ੍ਹੇ-ਲਿਖੇ ਨੌਜਵਾਨ ਅਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਨੌਜਵਾਨਾਂ ਦਾ ਬਾਹਰਲੇ ਦੇਸ਼ਾਂ ਨੂੰ ਕੂਚ ਕਰਨ ਦਾ ਵੱਡਾ ਕਾਰਨ ਇਹ ਹੈ ਕਿ ਬਾਹਰਲੇ ਦੇਸ਼ਾਂ ’ਚ ਕੰਮ ਕਰਨ ਵਾਲਿਆਂ ਦੀ ਪੂਰੀ ਕਦਰ ਹੈ ਤੇ ਉਨ੍ਹਾਂ ਦੀ ਮਿਹਨਤ ਦਾ ਸਹੀ ਮੁੱਲ ਉਨ੍ਹਾਂ ਨੂੰ ਮਿਲਦਾ ਹੈ। ਬਾਹਰਲੇ ਦੇਸ਼ਾਂ ’ਚ ਰੋਜ਼ਗਾਰ ਨਾ ਹੋਣ ਦੀ ਹਾਲਤ ’ਚ ਸਮਾਜਕ ਸੁਰੱਖਿਆ ਇਕ ਵੱਡਾ ਥੰਮ੍ਹ ਹੈ ਪਰ ਸਾਡੇ ਦੇਸ਼ ’ਚ ਅਜਿਹੀ ਵਿਵਸਥਾ ਨਾਮਾਤਰ ਹੈ। ਭਾਰਤ ਦੇ ਪੜ੍ਹੇ-ਲਿਖੇ ਵਿਗਿਆਨੀ, ਇੰਜੀਨੀਅਰ ਧੜਾਧੜ ਦੇਸ਼ ਛੱਡ ਰਹੇ ਹਨ।

ਪੰਜਾਬ ਕਈ ਤਰ੍ਹਾਂ ਦੀਆਂ ਝੱਲ ਰਿਹੈ ਮਾਰਾਂ
ਪੰਜਾਬ ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਨਸ਼ਾਖੋਰੀ, ਕਿਸਾਨ ਖ਼ੁਦਕੁਸ਼ੀਆਂ ਤੇ ਵਿੱਤੀ ਸੰਕਟ ਦੀ ਮਾਰ ਝੱਲ ਰਿਹਾ ਹੈ। ਸਰਕਾਰਾਂ ਬਦਲ ਜਾਂਦੀਆਂ ਹਨ ਪਰ ਲੋਕਾਂ ਦੇ ਮਸਲੇ ਜਿਉਂ ਦੇ ਤਿਉਂ ਹੀ ਰਹਿੰਦੇ ਹਨ। ਮਾਂ-ਬਾਪ ਅਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਹਨ। ਇਸ ਕਾਰਨ ਵੀ ਵੱਡੀ ਗਿਣਤੀ ’ਚ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ’ਚ ਭੇਜਣਾ ਚਾਹੁੰਦੇ ਹਨ। ਲੋਕਾਂ ਦੀ ਚਾਹਤ ਵਿਦੇਸ਼ਾਂ ਪ੍ਰਤੀ ਇੰਨੀ ਵਧਣ ਕਰ ਕੇ ਜਿਵੇਂ-ਕਿਵੇਂ ਮੁਲਕਾਂ ਦਾ ਵੀਜ਼ਾ ਲਗਵਾਉਣ ਲਈ ਭੱਜੇ ਫਿਰਦੇ ਹਨ ਤੇ ਡਾਲਰਾਂ, ਪਾਊਂਡਾਂ ਦੇ ਸੁਪਨੇ ਤੇ ਸੁਨਿਹਰੀ ਭਵਿੱਖ ਉਨ੍ਹਾਂ ਨੂੰ ਆਵਾਜ਼ਾਂ ਮਾਰ ਰਹੇ ਹਨ। ਉਹ ਲੋਕ ਵੀ ਅਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ’ਚ ਜਾਣ ਦੀ ਚਾਹਤ ਰੱਖਦੇ ਹਨ, ਜੋ ਇਥੇ ਚੰਗੇ ਅਹੁਦਿਆਂ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਇਥੋਂ ਨਾਲ ਉਥੇ ਅਪਣੀ ਸੁਰੱਖਿਆ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਬਿਹਤਰ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਜ਼ੀਰਾ ਦੇ 23 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਕੀ ਕਹਿਣੈ ਸਮਾਜ ਸੇਵਕਾਂ ਦਾ
ਸਮਾਜ ਸੇਵਕ ਸੁਖਵਿੰਦਰ ਸਿੰਘ ਲੋਧੀਵਾਲ, ਸਰਦੂਲ ਸਿੰਘ ਥਿੰਦ ਪ੍ਰਧਾਨ ਲੋਕ ਇਨਸਾਨੀਅਤ ਪਾਰਟੀ, ਸੁਖਵਿੰਦਰ ਸਿੰਘ ਸੋਨੂੰ ਸੌਂਦ, ਗੁਲਸ਼ਨ ਗੁਪਤਾ, ਸਟੇਟ ਐਵਾਰਡੀ ਲਖਪਤ ਰਾਏ ਪ੍ਰਭਾਕਰ, ਪਰਵਿੰਦਰ ਸਿੰਘ ਪੱਪਾ, ਮਾਸਟਰ ਨਰੇਸ਼ ਕੋਹਲੀ ਤੇ ਨਿਰਮਲ ਸਿੰਘ ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ ਨੇ ਕਿਹਾ ਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਨੌਜਵਾਨਾਂ ਨੂੰ ਦੇਸ਼ ਅੰਦਰ ਹੀ ਚੰਗੇ ਭਵਿੱਖ ਦੀ ਗਾਰੰਟੀ ਦੇਵੇ ਤਾਂ ਜੋ ਨੌਜਵਾਨ ਆਪਣੀ ਜਨਮ ਭੂਮੀ ਨੂੰ ਅਪਣੀ ਕਰਮਭੂਮੀ ਬਣਾ ਸਕਣ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹੁੰਦੇ ਹਨ, ਇਸ ਭਵਿੱਖ ਨੂੰ ਸੰਵਾਰਨਾ ਤੇ ਬਚਾਉਣਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਸਰਕਾਰਾਂ ਨੂੰ ਇਸ ਵੱਧ ਰਹੇ ਰੁਝਾਨ ਵੱਲ ਧਿਆਨ ਦੇਣਾ ਚਾਹੀਦਾ ਹੈ। ਨੌਜਵਾਨਾਂ ਵਾਸਤੇ ਸਰਕਾਰਾਂ ਨੂੰ ਰੋਜ਼ਗਾਰ ਦੇ ਵਿਸ਼ੇਸ਼ ਮੌਕੇ ਉਜਾਗਰ ਕਰਨ ਦੀ ਲੋੜ ਹੈ ਤਾਂ ਕਿ ਉਹ ਬਿਗਾਨੇ ਮੁਲਕਾਂ ਵੱਲ ਮੂੰਹ ਨਾ ਕਰਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News