ਪੰਜਾਬ ਨੂੰ ਜਨਵਰੀ ਮਹੀਨੇ ਦੌਰਾਨ ਹਾਸਲ ਹੋਇਆ ਕੁੱਲ 1733.95 ਕਰੋੜ ਰੁਪਏ ਦਾ ਮਾਲੀਆ

02/03/2021 4:08:43 PM

ਚੰਡੀਗੜ੍ਹ : ਪੰਜਾਬ ਨੂੰ ਇਸ ਸਾਲ ਜਨਵਰੀ ਮਹੀਨੇ ਦੌਰਾਨ ਜੀ. ਐੱਸ. ਟੀ., ਵੈਟ ਤੇ ਸੀ. ਐੱਸ. ਟੀ. ਤੋਂ ਕੁੱਲ 1733.95 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ, ਜਦੋਂ ਕਿ ਪਿਛਲੇ ਸਾਲ ਜਨਵਰੀ 2020 'ਚ ਇਹੋ ਮਾਲੀਆ 1646.4 ਕਰੋੜ ਰੁਪਏ ਸੀ। ਇਸ ਤਰ੍ਹਾਂ ਜਨਵਰੀ ਮਹੀਨੇ 'ਚ ਕੁੱਲ ਮਾਲੀਏ 'ਚ ਪਿਛਲੇ ਸਾਲ ਦੇ ਮੁਕਾਬਲੇ 5.32 ਫ਼ੀਸਦੀ ਵਾਧਾ ਹੋਇਆ। ਪੰਜਾਬ ਦਾ ਜਨਵਰੀ, 2021 ਮਹੀਨੇ ਦੌਰਾਨ ਕੁੱਲ ਜੀ. ਐੱਸ. ਟੀ. ਮਾਲੀਆ 1185.96 ਕਰੋੜ ਰੁਪਏ ਰਿਹਾ। ਪਿਛਲੇ ਸਾਲ ਇਸੇ ਮਹੀਨੇ ਦਾ ਕੁੱਲ ਜੀ. ਐੱਸ. ਟੀ. ਮਾਲੀਆ 1194.81 ਕਰੋੜ ਸੀ, ਜੋ ਕਿ ਪਿਛਲੇ ਸਾਲ ਨਾਲੋਂ 0.74 ਫ਼ੀਸਦੀ ਦਾ ਘਾਟਾ ਦਰਸਾਉਂਦਾ ਹੈ।

ਪੰਜਾਬ ਦੇ ਟੈਕਸ ਕਮਿਸ਼ਨਰ ਦਫ਼ਤਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪ੍ਰੈਲ ਤੋਂ ਜਨਵਰੀ, 2021 ਦੌਰਾਨ ਪੰਜਾਬ ਦਾ ਕੁੱਲ ਜੀ. ਐੱਸ. ਟੀ. ਮਾਲੀਆ 9066.96 ਕਰੋੜ ਰੁਪਏ ਸੀ, ਜਦੋਂ ਕਿ ਪਿਛਲੇ ਸਾਲ ਇਨ੍ਹਾਂ 10 ਮਹੀਨਿਆਂ ਦੇ ਸਮੇਂ ਦੌਰਾਨ ਕੁੱਲ ਜੀ. ਐੱਸ. ਟੀ. ਮਾਲੀਆ 10,562.51 ਕਰੋੜ ਰੁਪਏ ਸੀ। ਇਸ ਤਰ੍ਹਾਂ 14 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਸਰਕਾਰੀ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਵਰੀ, 2021 ਦੇ ਮਹੀਨੇ ਸੁਰੱਖਿਅਤ ਮਾਲੀਆ 2403 ਕਰੋੜ ਹੈ, ਜਿਸ 'ਚੋਂ ਪੰਜਾਬ ਸੂਬੇ ਨੇ 1185.96 ਕਰੋੜ ਰੁਪਏ ਪ੍ਰਾਪਤ ਕੀਤੇ ਹਨ, ਜੋ ਕਿ ਕੁੱਲ ਸੁਰੱਖਿਅਤ ਮਾਲੀਏ ਦਾ ਕਰੀਬ 49.35 ਫ਼ੀਸਦੀ ਬਣਦਾ ਹੈ।

ਇਸ ਤਰ੍ਹਾਂ ਜਨਵਰੀ 2021 ਦੇ ਮਹੀਨੇ ਲਈ ਬਕਾਇਆ ਮੁਆਵਜ਼ੇ ਦੀ ਰਕਮ 1217.04 ਕਰੋੜ ਰੁਪਏ ਹੈ, ਜੋ ਕਿ ਹਾਲੇ ਤੱਕ ਪ੍ਰਾਪਤ ਨਹੀਂ ਹੋਈ। ਇਸੇ ਤਰ੍ਹਾਂ ਅਪ੍ਰੈਲ ਤੋਂ ਜਨਵਰੀ 2021 ਦੇ ਸਮੇਂ ਦੌਰਾਨ ਮੁਆਵਜ਼ੇ ਦੀ ਰਕਮ 8253 ਕਰੋੜ ਰੁਪਏ ਬਣਦੀ ਹੈ, ਜੋ ਕਿ ਭਾਰਤ ਸਰਕਾਰ ਵੱਲ ਬਕਾਇਆ ਪਈ ਹੈ। ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਰਾਸ਼ਟਰੀ ਕੁੱਲ ਜੀ. ਐੱਸ. ਟੀ. ਮਾਲੀਆ ਸੰਗ੍ਰਹਿ ਜਨਵਰੀ, 2021 ਦੇ ਮਹੀਨੇ ਦੌਰਾਨ 1,19,847 ਕਰੋੜ ਰੁਪਏ ਹੈ, ਜਦੋਂ ਕਿ ਪਿਛਲੇ ਸਾਲ ਜਨਵਰੀ, 2020 ਦੇ ਮਹੀਨੇ ਦੌਰਾਨ ਕੁੱਲ ਰਾਸ਼ਟਰੀ ਜੀ. ਐੱਸ. ਟੀ. ਦਾ ਮਾਲੀਆ 1,10,828 ਕਰੋੜ ਰੁਪਏ ਇਕੱਤਰ ਹੋਇਆ। ਉਨ੍ਹਾਂ ਅੱਗੇ ਦੱਸਿਆ ਕਿ ਜੀ. ਐੱਸ. ਟੀ. ਤੋਂ ਇਲਾਵਾ ਪੰਜਾਬ ਸੂਬੇ ਨੂੰ ਵੈਟ ਅਤੇ ਸੀ. ਐੱਸ. ਟੀ. ਤੋਂ ਵੀ ਟੈਕਸ/ਮਾਲੀਆ ਪ੍ਰਾਪਤ ਹੁੰਦਾ ਹੈ। ਵੈਟ ਅਤੇ ਸੀ. ਐੱਸ. ਟੀ. ਇਕੱਤਰ ਕਰਨ 'ਚ ਪ੍ਰਮੁੱਖ ਯੋਗਦਾਨ ਕਰਨ ਵਾਲੇ ਉਤਪਾਦ ਸ਼ਰਾਬ ਅਤੇ ਪੰਜ ਪੈਟਰੋਲੀਅਮ ਉਤਪਾਦ ਹਨ।

ਜਨਵਰੀ, 2021 ਦੇ ਮਹੀਨੇ 'ਚ ਵੈਟ ਅਤੇ ਸੀ. ਐੱਸ. ਟੀ. ਦੀ ਕੁਲੈਕਸ਼ਨ 547.99 ਕਰੋੜ ਰੁਪਏ ਹੈ, ਜਦੋਂ ਕਿ ਪਿਛਲੇ ਸਾਲ ਜਨਵਰੀ 2020 ਦੇ ਮਹੀਨੇ ਲਈ ਇਹੋ ਕੁਲੈਕਸ਼ਨ 451.59 ਕਰੋੜ ਰੁਪਏ ਸੀ। ਇਸ ਤਰ੍ਹਾਂ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 21.34 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਬੁਲਾਰੇ ਨੇ ਅੱਗੇ ਦੱਸਿਆ ਕਿ ਅਪ੍ਰੈਲ ਤੋਂ ਜਨਵਰੀ, 2021 ਲਈ ਵੈਟ ਅਤੇ ਸੀ. ਐੱਸ. ਟੀ. ਕੁੱਲ ਮਾਲੀਆ 5022.01 ਕਰੋੜ ਰੁਪਏ ਰਿਹਾ ਹੈ, ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਕੁੱਲ ਮਾਲੀਆ 4589.18 ਕਰੋੜ ਰੁਪਏ ਸੀ, ਜੋ ਕਿ 9.43 ਫ਼ੀਸਦੀ ਦਾ ਵਾਧਾ ਦਰਸਾਉਂਦਾ ਹੈ।
 


Babita

Content Editor

Related News