ਮੀਂਹ ਨਾਲ ਪੰਜਾਬ 'ਚ ਛਿੜੀ ਕੰਬਣੀ, ਦਿੱਲੀ 'ਚ ਮੀਂਹ ਨੇ 22 ਸਾਲ ਦਾ ਰਿਕਾਰਡ ਤੋੜਿਆ
Saturday, Dec 14, 2019 - 10:50 AM (IST)

ਚੰਡੀਗੜ੍ਹ/ਨਵੀਂ ਦਿੱਲੀ (ਏਜੰਸੀਆਂ, ਬਿਊਰੋ) : ਜੰਮੂ-ਕਸ਼ਮੀਰ ਅਤੇ ਲੱਦਾਖ ਦੀਆਂ ਪਹਾੜੀਆਂ 'ਤੇ ਸ਼ੁੱਕਰਵਾਰ ਨੂੰ ਬਾਰੀ ਬਰਫਬਾਰੀ ਹੋਈ, ਜਿਸ ਨਾਲ ਮੈਦਾਨੀ ਇਲਾਕਿਆਂ ਵਿਚ ਸਰਦੀ ਅਤੇ ਧੁੰਦ ਦਾ ਪ੍ਰਕੋਪ ਕਾਫੀ ਵੱਧ ਗਿਆ। ਮੀਂਹ ਨਾਲ ਪੰਜਾਬ ਦੇ ਕਈ ਜ਼ਿਲਿਆਂ ਵਿਚ ਠੰਡ ਵਿਚ ਕਾਫੀ ਵਾਧਾ ਹੋਇਆ। ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਸਮੇਤ ਉੱਤਰ ਪੱਛਮੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਵਿਚ ਅਗਲੇ 2 ਦਿਨਾਂ ਤੱਕ ਭਾਰੀ ਧੁੰਦ ਪੈਣ ਦਾ ਖਦਸ਼ਾ ਹੈ।
ਓਧਰ ਦਿੱਲੀ ਵਿਚ ਪਏ ਮੀਂਹ ਮਗਰੋਂ ਹਵਾ ਦੀ ਗੁਣਵੱਤਾ ਵਿਚ ਸੁਧਾਰ ਹੋਇਆ ਹੈ। ਰਾਸ਼ਟਰੀ ਰਾਜਧਾਨੀ ਵਿਚ ਮੀਂਹ ਨੇ 22 ਸਾਲ ਦਾ ਰਿਕਾਰਡ ਤੋੜ ਦਿੱਤਾ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਸ਼ਾਮ 5.30 ਵਜੇ ਤੱਕ 33.5 ਮਿ. ਮੀ. ਮੀਂਹ ਦਰਜ ਕੀਤਾ ਗਿਆ ਜੋ ਦਸੰਬਰ 1997 ਵਿਚ 70 ਮਿ. ਮੀ. ਦੇ ਬਾਅਦ ਸਭ ਤੋਂ ਵੱਧ ਹੈ। ਹਿਮਾਚਲ ਦੇ ਲਾਹੌਲ ਦਾ ਕੋਕਸਰ ਅਤੇ ਸਿਸੁ ਇਲਾਕਾ ਬਰਫੀਲੇ ਤੂਫਾਨ ਦੀ ਲਪੇਟ ਵਿਚ ਆ ਗਏ ਹਨ। ਇਕ ਵਾਹਨ ਰੁੱਖ ਦੀ ਲਪੇਟ ਵਿਚ ਆ ਗਿਆ। ਉਸ ਵਿਚ ਸਵਾਰ 2 ਵਿਅਕਤੀ ਜ਼ਖ਼ਮੀ ਹੋ ਗਏ।
ਉਚਾਈ ਵਾਲੇ ਇਲਾਕਿਆਂ ਵਿਚ ਬੀਤੇ 35 ਘੰਟਿਆਂ ਤੋਂ ਹਨੇਰਾ ਛਾਇਆ ਹੋਇਆ ਹੈ। ਦੋ ਦਿਨ ਤੋਂ ਹੋ ਰਹੀ ਬਰਫਬਾਰੀ ਤੋਂ ਬਾਅਦ 5 ਨੈਸ਼ਨਲ ਹਾਈਵੇ ਸਮੇਤ 298 ਸੜਕਾਂ 'ਤੇ ਵਾਹਨਾਂ ਦੀ ਰਫਤਾਰ ਰੁਕਣ ਨਾਲ ਲਗਭਗ 210 ਰੂਟਾਂ 'ਤੇ ਟਰਾਂਸਪੋਰਟ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਮੁਗਲ ਰੋਡ ਨੂੰ ਬੰਦ ਕਰਨਾ ਪਿਆ। ਉਧਰ ਤ੍ਰਿਕੂਟਾ ਪਰਬਤ ਸਮੇਤ ਮਾਤਾ ਵੈਸ਼ਨੋ ਦੇਵੀ ਭਵਨ 'ਤੇ ਵੀ ਤਾਜ਼ਾ ਬਰਫਬਾਰੀ ਹੋਈਹੈ, ਜਿਸ ਨਾਲ ਸਮੁੱਚੇ ਇਲਾਕੇ ਵਿਚ ਬਰਫ ਦੀ ਚਿੱਟੀ ਚਾਦਰ ਵਿਛ ਗਈ ਹੈ। ਉੱਤਰਾਖੰਡ ਦੇ ਬਦਰੀਨਾਥ, ਕੇਦਾਰਨਾਥ, ਯਮਨੋਤਰੀ, ਗੰਗੋਤਰੀ ਚਾਰਾਂ ਧਾਮਾਂ ਦੇ ਨਾਲ ਹੀ ਓਲੀ ਤੇ ਚੋਪਤਾ ਵਿਚ ਭਾਰੀ ਬਰਫ ਪਈ।