ਪੰਜਾਬ ਨੇ ਕੋਵਿਡ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਖਿੱਚੀ ਤਿਆਰੀ
Tuesday, Jun 08, 2021 - 02:49 AM (IST)
![ਪੰਜਾਬ ਨੇ ਕੋਵਿਡ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਖਿੱਚੀ ਤਿਆਰੀ](https://static.jagbani.com/multimedia/2021_5image_09_05_417463001captain0.jpg)
ਚੰਡੀਗੜ੍ਹ (ਅਸ਼ਵਨੀ)- ਪੰਜਾਬ ਸਰਕਾਰ ਨੇ ਕੋਵਿਡ ਦੀ ਤੀਸਰੀ ਲਹਿਰ ਨਾਲ ਨਜਿੱਠਣ ਲਈ ਤਿਆਰੀ ਖਿੱਚ ਲਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਬੱਚਿਆਂ ਦੇ ਮਾਹਿਰਾਂ ਦੇ ਗਰੁੱਪ ਦਾ ਐਲਾਨ ਕੀਤਾ ਹੈ ਜੋ ਬੱਚਿਆਂ ਦੇ ਇਲਾਜ ਲਈ ਪ੍ਰੋਟੋਕਾਲ ਤਿਆਰ ਕਰਨ ਅਤੇ ਬੱਚਿਆਂ ਦੇ ਬੈੱਡ ਵਧਾਉਣ ਤੇ ਇਲਾਜ ਸਬੰਧੀ ਕਾਰਜ ਵਿਧੀ ਲਈ ਪ੍ਰਾਈਵੇਟ ਹਸਪਤਾਲਾਂ ਨੂੰ ਸਹਿਯੋਗ ਕਰਨ ਵਾਸਤੇ ਰੂਪ-ਰੇਖਾ ਨੂੰ ਅਮਲੀਜਾਮਾ ਪਹਿਨਾਏਗਾ। ਇਸ ਦੇ ਨਾਲ ਹੀ ਸੂਬੇ ਵਿਚ ਕੋਵਿਡ ਦੀ ਸੰਭਾਵਿਤ ਤੀਜੀ ਲਹਿਰ ਦੀਆਂ ਤਿਆਰੀਆਂ ਸਬੰਧੀ ਵਿਸਥਾਰਤ ਕਾਰਜ ਯੋਜਨਾ ਨੂੰ ਅਮਲੀ ਰੂਪ ਦਿੱਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਗਰੁੱਪ ਸਰਕਾਰੀ ਮੈਡੀਕਲ ਕਾਲਜਾਂ, ਸਿਹਤ ਵਿਭਾਗ, ਪੀ,ਜੀ.ਆਈ. ਅਤੇ ਆਈ.ਏ.ਪੀ. ਦੇ ਪੰਜਾਬ ਚੈਪਟਰ ’ਤੇ ਅਧਾਰਿਤ ਹੋਵੇਗਾ ਜਦਕਿ ਮੁੱਖ ਮੰਤਰੀ ਨੇ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਤੀਜੀ ਲਹਿਰ ਦੇ ਜਦੋਂ ਅਤੇ ਕਦੇ ਵੀ ਆਉਣ ਉਤੇ ਇਸ ਨਾਲ ਨਜਿੱਠਣ ਲਈ ਵਿਆਪਕ ਯੋਜਨਾ ਤਿਆਰ ਅਮਲ ਵਿਚ ਲਿਆਉਣ ਦੇ ਨਿਰਦੇਸ਼ ਦਿੱਤੇ।
ਕੋਵਿਡ ਸਬੰਧੀ ਸਮੀਖਿਆ ਮੀਟਿੰਗ ਦੀ ਵਰਚੂਅਲ ਤੌਰ ’ਤੇ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਤੀਜੀ ਲਹਿਰ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜਾ ਲਿਆ ਅਤੇ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਘੱਟੋ-ਘੱਟ ਤਿੰਨ ਦਿਨ ਲਈ ਆਕਸੀਜਨ ਲਈ ਭੰਡਾਰ ਸਮਰੱਥਾ ਪੈਦਾ ਕਰਨ ਅਤੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਪਾਈਪਡ ਆਕਸੀਜਨ ਉਪਲਬਧ ਕਰਵਾਉਣ ਦੇ ਆਦੇਸ਼ ਦਿੱਤੇ।