ਪੰਜਾਬ ਪ੍ਰਦੂਸ਼ਣ ਰੋਕਥਾਮ ਲਈ ਪਿੰਡ ਕੱਲਰਮਾਜਰੀ ਦੇ ਕਿਸਾਨ ਦੇਣਗੇ ਸਰਕਾਰ ਦਾ ਸਾਥ
Thursday, Oct 05, 2017 - 01:29 PM (IST)
ਨਾਭਾ (ਰਾਹੁਲ ਖੁਰਾਨਾ) — ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੇ ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਭੇਜਿਆ ਗਿਆ ਸੀ ਤਾਂ ਜੋ ਵੱਧਦੇ ਪ੍ਰਦੂਸ਼ਣ ਤੇ ਠੱਲ ਪਾਈ ਜਾਵੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀਬਾੜੀ ਵਿਭਾਗ ਨੂੰ ਪੱਤਰ ਜਾਰੀ ਕਰਕੇ ਹੁਕਮ ਦਿੱਤੇ ਕਿ ਜੋ ਕਿਸਾਨ ਪਰਾਲੀ ਨੂੰ ਅੱਗ ਲਗਾਉਣਗੇ ਉਨ੍ਹਾਂ ਕਿਸਾਨਾਂ ਦੀ ਸਬਸੀਡੀ ਬੰਦ ਕੀਤੀ ਜਾਵੇਗੀ। ਭਾਵੇਂ ਕਿ ਇਸ ਫੈਸਲੇ ਨੂੰ ਲੈ ਕੇ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਪਰਾਲੀ ਨੂੰ ਅੱਗ ਲਗਾਉਣ ਲਈ ਪੱਬਾ ਭਾਰ ਹਨ ਪਰ ਦੂਜੇ ਪਾਸੇ ਰਿਆਸਤੀ ਸ਼ਹਿਰ ਨਾਭਾ ਬਲਾਕ ਦੇ ਪਿੰਡ ਕੱਲਰ ਮਾਜਰੀ ਦੇ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਇਜਲਾਸ ਬੁਲਾਕੇ ਮਤਾ ਪਾਇਆ ਗਿਆ ਕਿ ਕੋਈ ਵੀ ਕਿਸਾਨ ਅੱਗ ਨਹੀਂ ਲਗਾਵੇਗਾ ਤੇ ਇਹ ਪੰਜਾਬ ਦਾ ਪਹਿਲਾਂ ਪਿਡੰ ਹੋਵੇਗਾ, ਜਿਸ 'ਚ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਪਾਲਣ ਕੀਤੀ ਹੈ। ਇਸ ਸੰਬੰਧੀ ਨਾਭਾ ਦੀ ਐੱਸ. ਡੀ. ਐੱਮ. ਜਸ਼ਨਪ੍ਰੀਤ ਕੌਰ ਨੇ ਪਿੰਡ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ 26 ਜਨਵਰੀ ਨੂੰ ਸਨਮਾਨਿਤ ਕਰਨ ਦੀ ਘੋਸ਼ਣਾ ਕੀਤੀ।
ਜਾਣਕਾਰੀ ਮੁਤਾਬਕ ਪੰਜਾਬ ਦੇ ਕਿਸਾਨਾਂ ਤੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਪਾਲਣਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਤੇ ਕਿਸਾਨ ਜੱਥੇਬੰਦੀਆਂ ਨੇ ਪਰਾਲੀ ਨੂੰ ਅੱਗ ਲਗਾਉਣ ਲਈ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਪਰ ਇਸ ਦੇ ਉਲਟ ਨਾਭਾ ਬਲਾਕ ਦੇ ਪਿੰਡ ਕੱਲਰ ਮਾਜਰੀ ਦੇ ਕਿਸਾਨਾਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਮਨ ਬਣਾਇਆ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਪਰਾਲੀ ਨੂੰ ਇੱਕਠਾ ਕਰਨ ਲਈ ਔਜਾਰ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਉਣ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ। ਜ਼ਿਕਰਯੋਗ ਹੈ ਕਿ ਅੱਗ ਲਗਾਉਣ ਨਾਲ ਜਿਥੇ ਪੂਰਾ ਉੱਤਰ ਭਾਰਤ ਬਿਮਾਰੀਆਂ ਦੀ ਚਪੇਟ 'ਚ ਆ ਜਾਂਦਾ ਹੈ ਉਥੇ ਹੀ ਸੜਕ ਹਾਦਸਿਆ 'ਚ ਵੀ ਵਾਧਾ ਹੋ ਜਾਂਦਾ ਹੈ।
