ਪੰਜਾਬ ਦੀ ਸਿਆਸਤ ਲਈ ਅਗਲੇ 2 ਹਫ਼ਤੇ ਬੇਹੱਦ ਅਹਿਮ

Saturday, Nov 02, 2024 - 09:15 AM (IST)

ਪੰਜਾਬ ਦੀ ਸਿਆਸਤ ਲਈ ਅਗਲੇ 2 ਹਫ਼ਤੇ ਬੇਹੱਦ ਅਹਿਮ

ਜਲੰਧਰ/ਚੰਡੀਗੜ੍ਹ (ਧਵਨ)- ਪੰਜਾਬ ’ਚ 4 ਵਿਧਾਨ ਸਭਾ ਸੀਟਾਂ ਗਿੱਦੜਬਾਹਾ, ਚੱਬੇਵਾਲ, ਡੇਰਾ ਬਾਬਾ ਨਾਨਕ ਅਤੇ ਬਰਨਾਲਾ ਨੂੰ ਲੈ ਕੇ ਹੁਣ ਅਗਲੇ 2 ਹਫ਼ਤੇ ਬੇਹੱਦ ਅਹਿਮ ਰਹਿਣ ਵਾਲੇ ਹਨ। ਕੇਂਦਰੀ ਚੋਣ ਕਮਿਸ਼ਨ ਨੇ 4 ਸੀਟਾਂ ਲਈ ਉਪ-ਚੋਣਾਂ 13 ਨਵੰਬਰ ਨੂੰ ਕਰਵਾਉਣ ਦਾ ਐਲਾਨ ਕੀਤਾ ਹੋਇਆ ਹੈ ਅਤੇ ਉਪ-ਚੋਣਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਹੁਣ ਉਪ-ਚੋਣਾਂ ’ਚ 2 ਹਫ਼ਤਿਆਂ ਤੋਂ ਘੱਟ ਦਾ ਸਮਾਂ ਬਚਿਆ ਹੈ ਅਤੇ ਅਜਿਹੀ ਸਥਿਤੀ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਨੂੰ ਬਹੁਤ ਜ਼ੋਰ ਲਾਉਣਾ ਪਵੇਗਾ।

ਇਹ ਖ਼ਬਰ ਵੀ ਪੜ੍ਹੋ - ਦੇਸ਼ ਭਰ 'ਚ ਪੈਟਰੋਲ-ਡੀਜ਼ਲ ਹੋਇਆ ਮਹਿੰਗਾ, ਪੜ੍ਹੋ ਨਵੀਆਂ ਕੀਮਤਾਂ

ਮੁੱਖ ਮੰਤਰੀ ਭਗਵੰਤ ਮਾਨ ਨੇ ਉਪ-ਚੋਣਾਂ ਲਈ ਆਪਣੀਆਂ ਚੋਣ ਰੈਲੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਹ ਹੁਣ ਤੱਕ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ’ਚ ਰੈਲੀਆਂ ਕਰ ਚੁੱਕੇ ਹਨ। ਹੁਣ ਮੁੱਖ ਮੰਤਰੀ ਵੱਲੋਂ ਬਰਨਾਲਾ ਅਤੇ ਗਿੱਦੜਬਾਹਾ ’ਚ ਵੀ ਚੋਣ ਰੈਲੀਆਂ ਕੀਤੀਆਂ ਜਾਣਗੀਆਂ। ਆਮ ਆਦਮੀ ਪਾਰਟੀ ਲਈ ਉਪ-ਚੋਣਾਂ ਕਾਫ਼ੀ ਅਹਿਮ ਹਨ, ਕਿਉਂਕਿ ਇਸ ਤੋਂ ਬਾਅਦ ਆਉਣ ਵਾਲੇ ਸਮੇਂ ’ਚ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਈਆਂ ਜਾਣੀਆਂ ਹਨ। ਜੇ ਆਮ ਆਦਮੀ ਪਾਰਟੀ ਸਾਰੀਆਂ ਚਾਰ ਸੀਟਾਂ ਨੂੰ ਜਿੱਤਦੀ ਹੈ, ਤਾਂ ਉਸ ਸਥਿਤੀ ’ਚ ਨਗਰ ਨਿਗਮਾਂ ਦੀਆਂ ਚੋਣਾਂ ਸਰਕਾਰ ਵੱਲੋਂ ਛੇਤੀ ਕਰਵਾ ਦਿੱਤੀਆਂ ਜਾਣਗੀਆਂ।

ਜੇ ਚੋਣ ਨਤੀਜਿਆਂ ’ਚ ਕੁਝ ਫਰਕ ਰਹਿੰਦਾ ਹੈ ਤਾਂ ਉਸ ਸਥਿਤੀ ’ਚ ਨਗਰ ਨਿਗਮ ਚੋਣਾਂ ਕਰਵਾਉਣ ਬਾਰੇ ਸਰਕਾਰ ਵੱਲੋਂ ਮੁੜਵਿਚਾਰ ਕੀਤਾ ਜਾ ਸਕਦਾ ਹੈ। ਪਿਛਲੇ 2 ਸਾਲਾਂ ਤੋਂ ਨਗਰ ਨਿਗਮਾਂ ਦੀਆਂ ਚੋਣਾਂ ਕਿਸੇ ਨਾ ਕਿਸੇ ਕਾਰਨ ਟਲਦੀਆਂ ਆ ਰਹੀਆਂ ਹਨ। ਹੁਣ ਹਾਈ ਕੋਰਟ ਨੇ ਤਾਂ ਦਸੰਬਰ ਮਹੀਨੇ ਦੇ ਅੰਤ ਤੱਕ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਉਣ ਦੇ ਹੁਕਮ ਦਿੱਤੇ ਹੋਏ ਹਨ। ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਉਪ-ਚੋਣਾਂ ਦੇ ਨਤੀਜੇ ਹੀ ਨਗਰ-ਨਿਗਮਾਂ ਦੀਆਂ ਚੋਣਾਂ ਦੀ ਦਿਸ਼ਾ ਤੈਅ ਕਰਨਗੇ। ਪੰਚਾਇਤੀ ਚੋਣਾਂ ਤਾਂ ਸਰਕਾਰ ਪਹਿਲਾਂ ਹੀ ਕਰਵਾ ਚੁੱਕੀ ਹੈ। ਅਜੇ ਤੱਕ ਨਗਰ ਨਿਗਮਾਂ ’ਚ ਹੇਠਲੇ ਪੱਧਰ ਤੱਕ ਲੋਕ ਨੁਮਾਇੰਦਿਆਂ ਨੂੰ ਸ਼ਕਤੀਆਂ ਦਾ ਤਬਾਦਲਾ ਨਹੀਂ ਹੋਇਆ ਹੈ। ਚਾਰਾਂ ਵਿਧਾਨ ਸਭਾ ਸੀਟਾਂ ’ਚ ਕੁੱਲ ਵੋਟਰਾਂ ਦੀ ਗਿਣਤੀ 6,96316 ਹੈ। ਸੂਬੇ ’ਚ ਚੋਣ ਕਮਿਸ਼ਨ ਨੇ ਚਾਰਾਂ ਸੀਟਾਂ ’ਤੇ 831 ਪੋਲਿੰਗ ਕੇਂਦਰ ਸਥਾਪਤ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ - ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਦੀਵਾਲੀ ਮੌਕੇ ਲਿਆ ਗਿਆ ਅਹਿਮ ਫ਼ੈਸਲਾ

ਇਹ ਉਪ-ਚੋਣਾਂ ਸਬੰਧਤ ਵਿਧਾਨ ਸਭਾ ਸੀਟਾਂ ਦੀ ਅਗਵਾਈ ਕਰਨ ਵਾਲੇ ਵਿਧਾਇਕਾਂ ਦੇ ਸੰਸਦ ਮੈਂਬਰ ਚੁਣੇ ਜਾਣ ਕਾਰਨ ਕਰਵਾਈਆਂ ਜਾ ਰਹੀਆਂ ਹਨ। ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਲੋਕ ਸਭਾ ਸੀਟ ਤੋਂ, ਗਿੱਦੜਬਾਹਾ ਤੋਂ ਵਿਧਾਇਕ ਰਾਜਾ ਅਮਰਿੰਦਰ ਸਿੰਘ ਵੜਿੰਗ ਲੁਧਿਆਣਾ ਲੋਕ ਸਭਾ ਸੀਟ ਤੋਂ , ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਲੋਕ ਸਭਾ ਸੀਟ ਤੋਂ ਅਤੇ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ।

ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਕਾਂਗਰਸ ਅਤੇ ਭਾਜਪਾ ਨੂੰ ਇਨ੍ਹਾਂ ਸੀਟਾਂ ’ਤੇ ਚੋਣ ਮੁਹਿੰਮ ਤੇਜ਼ ਕਰਨੀ ਹੈ। ਸ਼੍ਰੋਮਣੀ ਅਕਾਲੀ ਦਲ ਤਾਂ ਪਹਿਲਾਂ ਹੀ ਉਪ-ਚੋਣਾਂ ਨਾ ਲੜਣ ਦਾ ਐਲਾਨ ਕਰ ਚੁੱਕਿਆ ਹੈ। ਉਪ-ਚੋਣਾਂ ਦੇ ਨਤੀਜੇ ਸੂਬੇ ਦੇ ਸਿਆਸੀ ਪਰਿਦ੍ਰਿਸ਼ ਨੂੰ ਪ੍ਰਭਾਵਿਤ ਕਰਨਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News