ਪੰਜਾਬ ਪੁਲਸ ਨੂੰ ਅਪਗ੍ਰੇਡ ਕਰਨ ਦਾ ਕੰਮ ਸ਼ੁਰੂ, DGP ਗੌਰਵ ਯਾਦਵ ਨੇ ਜਾਰੀ ਕੀਤੇ ਨਿਰਦੇਸ਼
Monday, Feb 13, 2023 - 09:45 AM (IST)
ਜਲੰਧਰ (ਧਵਨ) : ਪੰਜਾਬ ’ਚ ਨਾਗਰਿਕਾਂ ਦੀ ਬਿਹਤਰ ਸੁਰੱਖਿਆ ਲਈ ਪੰਜਾਬ ਪੁਲਸ ਨੂੰ ਅਪਗ੍ਰੇਡ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਗਰਿਕਾਂ ਨੂੰ ਸ਼ਾਂਤਮਈ ਮਾਹੌਲ ਦੇਣ ਅਤੇ ਚੰਗੀਆਂ ਪੁਲਸ ਸੇਵਾਵਾਂ ਦੇਣ ਦੇ ਨਾਲ-ਨਾਲ ਸੂਬੇ ਨੂੰ ਅਪਰਾਧੀਆਂ ਅਤੇ ਗੈਂਗਸਟਰਾਂ ਤੋਂ ਮੁਕਤ ਬਣਾਉਣ ਦਾ ਸੰਕਲਪ ਲਿਆ ਸੀ, ਜਿਸ ਨੂੰ ਪੂਰਾ ਕਰਨ ਲਈ ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ (ਡੀ. ਜੀ. ਪੀ.) ਗੌਰਵ ਯਾਦਵ ਨੇ ਪੁਲਸ ਫੋਰਸ ਨੂੰ ਅਪਗ੍ਰੇਡ ਕਰਨ ਦੇ ਨਿਰਦੇਸ਼ ਉੱਚ ਅਧਿਕਾਰੀਆਂ ਨੂੰ ਜਾਰੀ ਕਰ ਦਿੱਤੇ ਹਨ। ਡੀ. ਜੀ. ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਪੰਜਾਬ ਭਰ ਦੀਆਂ ਪੁਲਸ ਯੂਨਿਟਾਂ ’ਚ ਪੁਲਸ ਫੋਰਸ ਦੀ ਸਮਰੱਥਾ ਨੂੰ ਵਧਾਉਣ ਲਈ ਭੀੜ ਨੂੰ ਕਾਬੂ ਕਰਨ ਅਤੇ ਦੰਗਾ ਕਰਨ ਵਾਲੇ ਲੋਕਾਂ ਨੂੰ ਖਦੇੜਣ ਕਰਨ ਲਈ ਪੁਲਸ ਨੂੰ ਦੰਗਾ ਵਿਰੋਧੀ ਅਭਿਆਸ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਅੰਦਰ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, PRTC ਨੇ ਖਿੱਚੀ ਇਹ ਤਿਆਰੀ
ਸੂਬੇ ਦੀਆਂ ਵੱਖ-ਵੱਖ ਪੁਲਸ ਯੂਨਿਟਾਂ ਦੇ ਪੁਲਸ ਮੁਲਾਜ਼ਮਾਂ ਨੂੰ ਦੰਗਾ ਕਰਨ ਵਾਲੀ ਭੀੜ ਨੂੰ ਖਦੇੜਣ ਲਈ ਜ਼ਮੀਨ ਪੱਧਰ ’ਤੇ ਅਭਿਆਸ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੀ ਨਿਗਰਾਨੀ ਵਾਈਸ ਪੁਲਸ ਅਧਿਕਾਰੀ ਖ਼ੁਦ ਕਰ ਰਹੇ ਹਨ। ਇਨ੍ਹਾਂ ਯਤਨਾਂ ਨਾਲ ਜਿੱਥੇ ਇਕ ਪਾਸੇ ਪੁਲਸ ਫੋਰਸ ਨੂੰ 24 ਘੰਟੇ ਤਿਆਰ ਰੱਖਿਆ ਜਾ ਸਕੇਗਾ, ਉੱਥੇ ਹੀ ਪੁਲਸ ਮੁਲਾਜ਼ਮ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੋ ਜਾਣਗੇ। ਪੰਜਾਬ ’ਚ ਲੰਬੇ ਸਮੇਂ ਬਾਅਦ ਪੁਲਸ ਮੁਲਾਜ਼ਮਾਂ ਨੂੰ ਇਸ ਤਰ੍ਹਾਂ ਦਾ ਅਭਿਆਸ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਸਰੀਰਕ ਤੰਦਰੁਸਤੀ ਵੀ ਵਧੇਗੀ।
ਇਹ ਵੀ ਪੜ੍ਹੋ : ਚੰਡੀਗੜ੍ਹ : 'ਰੋਜ਼ ਫੈਸਟੀਵਲ' 'ਚ ਹੈਲੀਕਾਪਟਰ ਦੇ ਝੂਟੇ ਲੈਣ ਵਾਲਿਆਂ ਨੂੰ ਨਿਰਾਸ਼ ਕਰ ਦੇਵੇਗੀ ਇਹ ਖ਼ਬਰ
ਡੀ. ਜੀ. ਪੀ. ਗੌਰਵ ਯਾਦਵ ਨੇ ਪੰਜਾਬ ਪੁਲਸ ਨੂੰ ਅਪਗ੍ਰੇਡ ਕਰਨ ਦੇ ਨਾਲ-ਨਾਲ ਕਿਹਾ ਕਿ ਪੁਲਸ ਮੁਲਾਜ਼ਮਾਂ ਦਾ ਮਨੋਬਲ ਵਧਾਉਣ ਲਈ ਉਨ੍ਹਾਂ ਨੂੰ ਢੁੱਕਵੇਂ ਸਮੇਂ ’ਤੇ ਤਰੱਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਸੂਬੇ ’ਚ ਪੰਜਾਬ ਪੁਲਸ ਨੂੰ ਅਪਰਾਧੀਆਂ ਜਾਂ ਸਰਹੱਦ ਪਾਰੋਂ ਆਉਣ ਵਾਲੀਆਂ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਲੈਸ ਕਰਨ ਲਈ ਵੀ ਯਤਨ ਲਗਾਤਾਰ ਜਾਰੀ ਹਨ। ਇਸ ਨਾਲ ਪੁਲਸ ਮੁਲਾਜ਼ਮ ਭਵਿੱਖ ’ਚ ਕਿਸੇ ਵੀ ਸਮੇਂ ਕਿਸੇ ਵੀ ਸਥਿਤੀ ਨਾਲ ਆਸਾਨੀ ਨਾਲ ਨਜਿੱਠ ਸਕਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ