ਪੰਜਾਬ ਪੁਲਸ ਲਾਂਚ ਕਰੇਗੀ ''ਵਨ ਪੁਲਸ ਆਫੀਸਰ ਫਾਰ ਵਨ ਵਿਲੇਜ'' ਸਕੀਮ

Friday, Feb 14, 2020 - 11:52 PM (IST)

ਜਲੰਧਰ/ਚੰਡੀਗੜ੍ਹ, (ਧਵਨ, ਰਮਨਜੀਤ)— ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਸ਼ੁਕੱਰਵਾਰ ਫੀਲਡ 'ਚ ਤਾਇਨਾਤ ਪੁਲਸ ਅਧਿਕਾਰੀਆਂ ਨੂੰ ਨਵੇਂ ਅੰਦਰੂਨੀ ਸੁਰੱਖਿਆ ਇਨਪੁਟਸ ਨੂੰ ਦੇਖਦੇ ਹੋਏ ਹੋਰ ਵੀ ਅਲਰਟ ਰਹਿਣ ਲਈ ਕਿਹਾ ਹੈ। ਉਹ ਸੂਬੇ ਦੇ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਦੇ ਨਾਲ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਕਰ ਰਹੇ ਸਨ। ਮੀਟਿੰਗ ਦੌਰਾਨ ਡੀ. ਜੀ. ਪੀ. ਨੇ ਜ਼ਿਲਿਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਅੱਤਵਾਦ, ਸੰਗਠਿਤ ਅਪਰਾਧ, ਨਸ਼ਿਆਂ, ਅਣਸੁਲਝੇ ਮਰਡਰ, ਜਬਰ-ਜ਼ਨਾਹ ਤੇ ਪੋਸਕੋ ਮਾਮਲਿਆਂ ਨੂੰ ਆਧਾਰ ਬਣਾ ਕੇ ਕੀਤੀ। ਮੀਟਿੰਗ 'ਚ ਡੀ. ਜੀ. ਪੀ. ਨੇ ਖਤਰੇ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਹਾਲ ਹੀ ਵਿਚ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਜੋ ਵੀ ਸੂਚਨਾਵਾਂ ਵਿਭਾਗ ਨੂੰ ਮਿਲੀਆਂ ਹਨ, ਨੂੰ ਵੇਖਦੇ ਹੋਏ ਟਾਰਗੈੱਟ ਵਾਲੇ ਇਲਾਕਿਆਂ ਵਿਚ ਪੁਲਸ ਦੀ ਗਸ਼ਤ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਅਪਰਾਧੀਆਂ ਦੇ ਅੰਕੜਿਆਂ ਦੀ ਸਮੀਖਿਆ ਕਰਨ ਦੇ ਵੀ ਨਿਰਦੇਸ਼ ਦਿੱਤੇ।
ਆਈ. ਜੀ. ਰੈਂਕ ਦੇ ਪੁਲਸ ਅਧਿਕਾਰੀਆਂ, ਪੁਲਸ ਕਮਿਸ਼ਨਰਾਂ ਅਤੇ ਐੱਸ ਐੱਸ. ਪੀਜ਼ ਦੇ ਨਾਲ ਲੰਬੀ ਮੀਟਿੰਗ ਵਿਚ ਪੁਲਸ ਵਿਭਾਗ ਨੇ ਫੈਸਲਾ ਲਿਆ ਹੈ ਕਿ ਸੂਬੇ ਦੇ ਸਾਰੇ 12700 ਪਿੰਡਾਂ ਲਈ ਏ. ਐੱਸ. ਆਈ/ਹੈੱਡ ਕਾਂਸਟੇਬਲ/ ਕਾਂਸਟੇਬਲ ਰੈਂਕ ਦੇ ਅਧਿਕਾਰੀ ਤਾਇਨਾਤ ਕੀਤੇ ਜਾਣਗੇ। ਨਾਮਜ਼ਦ ਕੀਤੇ ਸਾਰੇ ਪੁਲਸ ਅਧਿਕਾਰੀਆਂ ਵਲੋਂ ਪਿੰਡ ਦੇ ਲੋਕਾਂ ਨੂੰ ਤੁਰੰਤ ਪੁਲਸ ਮਦਦ ਮੁਹੱਈਆ ਕਰਵਾਈ ਜਾਵੇਗੀ।
ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਪੁਲਸ ਅਧਿਕਾਰੀਆਂ ਦੇ ਨਾਂ ਤੇ ਫੋਨ ਨੰਬਰ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਪੰਜਾਬ ਪੁਲਸ ਦੀ ਵੈੱਬਸਾਈਟ 'ਤੇ ਵੀ ਪਾਇਆ ਜਾਵੇਗਾ। ਵਿਲੇਜ ਪੁਲਸ ਅਧਿਕਾਰੀ ਵਲੋਂ ਹਰ ਹਫਤੇ ਪਿੰਡ ਦਾ ਦੌਰਾ ਕਰ ਕੇ ਲੋਕਾਂ ਦੇ ਨਾਲ ਤਾਲਮੇਲ ਬਿਠਾਇਆ ਜਾਵੇਗਾ। ਮੀਟਿੰਗ ਵਿਚ ਵੂਮੈਨ ਹੈਲਪ ਡੈਸਕ ਨੂੰ ਹੋਰ ਮਜ਼ਬੂਤ ਬਣਾਉਣ ਦਾ ਫੈਸਲਾ ਲਿਆ ਗਿਆ ਹੈ, ਜਿਸ ਦਾ ਸੰਚਾਲਨ ਸਾਰੇ ਜ਼ਿਲਿਆਂ ਵਿਚ ਮਹਿਲਾ ਪੁਲਸ ਅਧਿਕਾਰੀਆਂ ਵਲੋਂ ਕੀਤਾ ਜਾਵੇਗਾ। ਮਹਿਲਾ ਹੈਲਪ ਡੈਸਕ ਦਾ ਸ਼ੁੱਭ ਆਰੰਭ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ। ਸੂਬੇ ਦੇ ਸਾਰੇ 406 ਪੁਲਸ ਥਾਣਿਆਂ ਵਿਚ ਕਾਂਸਟੇਬਲ ਰੈਂਕ ਮਹਿਲਾ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਨਾਂ ਪੰਜਾਬ ਪੁਲਸ ਦੀ ਵੈੱਬਸਾਈਟ 'ਤੇ ਡਿਸਪਲੇਅ ਕੀਤੇ ਜਾਣਗੇ। ਇਨ੍ਹਾਂ ਮਹਿਲਾ ਪੁਲਸ ਅਧਿਕਾਰੀਆਂ ਵਲੋਂ ਸੰਕਟ ਦੇ ਸਮੇਂ ਔਰਤਾਂ ਦੀ ਮਦਦ ਕੀਤੀ ਜਾਵੇਗੀ।
ਡੀ. ਜੀ. ਪੀ. ਨੇ ਕਿਹਾ ਕਿ ਪੁਰਾਣੇ ਸਮੇਂ ਵਿਚ ਜ਼ੈਲਦਾਰ ਪ੍ਰਣਾਲੀ ਪਿੰਡਾਂ 'ਚ ਚੱਲਦੀ ਸੀ ਪਰ ਹੁਣ ਏ. ਐੱਸ. ਆਈ. ਅਤੇ ਹੈੱਡ ਕਾਂਸਟੇਬਲ ਹਰੇਕ ਪਿੰਡ ਦੇ ਨਾਲ ਤਾਲਮੇਲ ਬਿਠਾਏਗਾ। ਇਨ੍ਹਾਂ ਪੁਲਸ ਅਧਿਕਾਰੀਆਂ ਕੋਲ ਕ੍ਰਿਮੀਨਲ ਗਤੀਵਿਧੀਆਂ ਵਿਚ ਸ਼ਾਮਲ ਮੁਲਜ਼ਮਾਂ ਦੀ ਪੂਰੀ ਜਾਣਕਾਰੀ ਹੋਵੇਗੀ। ਇਨ੍ਹਾਂ ਦਿਹਾਤੀ ਪੁਲਸ ਅਧਿਕਾਰੀਆਂ ਵਲੋਂ ਲੋਕਾਂ ਨਾਲ ਦੋਸਤਾਨਾ ਸਬੰਧ ਬਣਾਏ ਜਾਣਗੇ ਤੇ ਨਾਲ ਹੀ ਉਹ ਡਿਜੀਟਲ ਵਿਲੇਜ ਇਨਫਾਰਮੇਸ਼ਨ ਸਿਸਟਮ ਨੂੰ ਵਿਕਸਿਤ ਕਰਨਗੇ। ਡੀ. ਜੀ. ਪੀ. ਨੇ ਇਸ ਮੌਕੇ ਚੰਗਾ ਕੰਮ ਕਰਨ ਵਾਲੇ ਪੁਲਸ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਦੀ ਪਿੱਠ ਵੀ ਥਾਪੜੀ।

ਰਾਤ ਦੇ ਸਮੇਂ ਚੈਕਿੰਗ ਵਧਾਉਣ, ਐੱਸ. ਐੱਸ. ਓਜ਼ ਦੀ ਜਵਾਬਦੇਹੀ ਤੈਅ ਕਰਨ ਦੇ ਨਿਰਦੇਸ਼
ਦਿਨਕਰ ਗੁਪਤਾ ਨੇ ਕਿਹਾ ਕਿ ਅੰਦਰੂਨੀ ਸੁਰੱਖਿਆ ਦੇ ਮੱਦੇਨਜ਼ਰ ਮੁਸਤੈਦੀ ਵਧਾਉਣ ਦੀ ਲੋੜ ਹੈ ਅਤੇ ਖਤਰੇ ਵਾਲੀਆਂ ਥਾਵਾਂ 'ਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣ। ਉਨ੍ਹਾਂ ਸਾਰੇ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਨੂੰ ਕਿਹਾ ਕਿ ਉਹ ਰੋਜ਼ਾਨਾ ਫੀਲਡ 'ਚ ਜਾ ਕੇ ਪੁਲਸ ਥਾਣਿਆਂ ਤੇ ਸੰਵੇਦਨਸ਼ੀਲ ਥਾਵਾਂ ਦੀ ਚੈਕਿੰਗ ਕਰਨਗੇ। ਐੱਸ. ਐੱਚ. ਓਜ਼ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਡੀ. ਜੀ. ਪੀ. ਨੇ ਫੀਲਡ ਵਿਚ ਤਾਇਨਾਤ ਅਧਿਕਾਰੀਆਂ ਨੂੰ ਨਾਈਟ ਚੈਕਿੰਗ ਡਿਊਟੀਆਂ ਦੇਣ ਅਤੇ ਨਾਲ ਹੀ ਪੁਲਸ ਕਾਰਜਪ੍ਰਣਾਲੀ 'ਚੋਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਅੰਮ੍ਰਿਤਸਰ ਦਿਹਾਤੀ, ਫਾਜ਼ਿਲਕਾ ਅਤੇ ਸੰਗਰੂਰ ਦੇ ਐੱਸ. ਐੱਸ. ਪੀਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਕੰਪਿਊਟਰਾਈਜ਼ਡ ਪਰਫਾਰਮਾ ਤਿਆਰ ਕਰਨ, ਜਿਸ ਵਿਚ ਪੁਲਸ ਥਾਣਾ ਪੱਧਰ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਹੋਵੇ। ਮੀਟਿੰਗ 'ਚ ਨਸ਼ਿਆਂ ਖਿਲਾਫ ਕੀਤੀ ਗਈ ਬਰਾਮਦਗੀ ਦੀ ਸਮੀਖਿਆ ਵੀ ਕੀਤੀ ਗਈ ਤੇ ਨਾਲ ਹੀ ਇਹ ਨਿਰਦੇਸ਼ ਵੀ ਦਿੱਤੇ ਗਏ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ-ਮੁਕਤ ਸੂਬਾ ਬਣਾਇਆ ਜਾਵੇ। ਡੀ. ਜੀ. ਪੀ. ਨੇ 12 ਪੁਲਸ ਮੁਲਾਜ਼ਮਾਂ ਦਾ ਸਨਮਾਨ ਵੀ ਕੀਤਾ, ਜਿਨ੍ਹਾਂ ਨੇ ਗੈਂਗਸਟਰਾਂ, ਹਾਈ ਪ੍ਰੋਫਾਈਲ ਕੇਸਾਂ ਵਿਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ, ਨਸ਼ਿਆਂ ਖਿਲਾਫ ਸ਼ਲਾਘਾਯੋਗ ਕੰਮ ਕੀਤਾ ਸੀ। ਐੱਸ. ਐੱਸ. ਪੀਜ਼ ਤਰਨਤਾਰਨ ਧਰੁਵ ਦਹੀਆ ਨੇ ਇਸ ਮੌਕੇ ਨਸ਼ਾ ਸਮੱਗਲਰਾਂ ਤੇ ਸਪਲਾਇਰਜ਼ ਦੀ ਪ੍ਰਾਪਰਟੀ ਜ਼ਬਤ ਕਰਨ 'ਚ ਸ਼ਲਾਘਾਯੋਗ ਕੰਮ ਕਰਨ ਸਬੰਧੀ ਪ੍ਰੈਜ਼ੈਂਟੇਸ਼ਨ ਦਿੱਤੀ।


KamalJeet Singh

Content Editor

Related News