ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਨਹੀਂ ਖੈਰ, CM ਮਾਨ ਦੇ ਹੁਕਮਾਂ ''ਤੇ ਪੰਜਾਬ ਪੁਲਸ ਨੇ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ

Friday, Dec 09, 2022 - 06:16 PM (IST)

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਨਹੀਂ ਖੈਰ, CM ਮਾਨ ਦੇ ਹੁਕਮਾਂ ''ਤੇ ਪੰਜਾਬ ਪੁਲਸ ਨੇ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ

ਸੰਗਰੂਰ/ਬਰਨਾਲਾ(ਵਿਵੇਕ ਸਿੰਧਵਾਨੀ, ਰਵੀ) : ਸੜਕ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਮਾਨ ਦੇ ਹੁਕਮਾਂ ’ਤੇ ਡੀ.ਜੀ.ਪੀ. ਪੰਜਾਬ ਨੇ ਪੂਰੇ ਪੰਜਾਬ ’ਚ ਜ਼ਿਲਾ ਪੁਲਸ ਮੁਖੀਆਂ ਨੂੰ ਇਕ ਪੱਤਰ 6 ਦਸੰਬਰ ਨੂੰ ਜਾਰੀ ਕੀਤਾ ਹੈ। ਜਿਸ ’ਚ ਇਹ ਹੁਕਮ ਦਿੱਤੇ ਗਏ ਹਨ ਕਿ ਅੱਜ-ਕੱਲ ਵਿਆਹਾਂ ਦਾ ਸੀਜ਼ਨ ਹੈ। ਧੁੰਦ ਕਾਰਨ ਸੜਕ ਹਾਦਸਿਆਂ ਦਾ ਖਤਰਾ ਵੱਧ ਜਾਂਦਾ ਹੈ। ਮਾਣਯੋਗ ਮੁੱਖ ਮੰਤਰੀ ਦੇ ਹੁਕਮਾਂ ’ਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਇਕ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਮੈਰਿਜ ਪੈਲਿਸਾਂ ਦੇ ਬਾਹਰ ਐਲਕੋ ਮੀਟਰ ਰਾਹੀਂ ਚੈਕਿੰਗ ਕੀਤੀ ਜਾਵੇ। ਇਸ ਮੁਹਿੰਮ ਸਬੰਧੀ ਪਬਲਿਕ ਨੂੰ ਜਾਗਰੂਕ ਕੀਤਾ ਜਾਵੇ ਕਿ ਸ਼ਰਾਬ ਪੀ ਕੇ ਉਹ ਗੱਡੀ ਨਾ ਚਲਾਉਣ ਇਸ ਚੈਕਿੰਗ ਸਬੰਧੀ ਹਰ ਸੋਮਵਾਰ ਸਰਕਾਰ ਨੂੰ ਰਿਪੋਰਟ ਵੀ ਭੇਜਣੀ ਹਰ ਜ਼ਿਲਾ ਪੁਲਸ ਮੁਖੀ ਨੂੰ ਜ਼ਰੂਰੀ ਬਣਾਇਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਚਾਰੇ-ਪਾਸੇ ਪ੍ਰਸ਼ੰਸਾ ਹੋ ਰਹੀ ਹੈ ਅਤੇ ਇਸ ਮੁਹਿੰਮ ਨੂੰ ਲੋਕਾਂ ਨੇ ਹੋਰ ਨਾਕਿਆਂ ਅਤੇ ਆਮ ਰੋਡਾਂ ਤੋਂ ਇਲਾਵਾਂ ਹੋਰ ਸੂਬਿਆਂ ’ਚ ਵੀ ਇਹ ਮੁਹਿੰਮ ਸ਼ੁਰੂ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਹਲਵਾਰਾ ਹਵਾਈ ਅੱਡੇ ਦੇ ਨਿਰਮਾਣ ਕਾਰਜ 'ਚ ਆਵੇਗੀ ਤੇਜ਼ੀ, MP ਸੰਜੀਵ ਅਰੋੜਾ ਨੇ ਅਧਿਕਾਰੀਆਂ ਨੂੰ ਦਿੱਤੇ ਹੁਕਮ

ਮੁਹਿੰਮ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੀ ਜ਼ਰੂਰਤ ਘਣਸ਼ਿਆਮ ਕਾਂਸਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੈਰਿਜ ਪੈਲਿਸਾਂ ਦੇ ਬਾਹਰ ਜੋ ਚੈਕਿੰਗ ਕਰਨ ਦੀ ਇਹ ਮੁਹਿੰਮ ਸ਼ੁਰੂ ਕੀਤੀ ਹੈ, ਇਸ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਉਨੀ ਹੀ ਘੱਟ ਹੈ ਪਰ ਕਈ ਵਾਰ ਦੇਖਣ ਨੂੰ ਮਿਲਦਾ ਹੈ ਕਿ ਸਰਕਾਰਾਂ ਇਸ ਤਰ੍ਹਾਂ ਦੀਆਂ ਮੁਹਿੰਮਾਂ ਸ਼ੁਰੂ ਤਾਂ ਕਰ ਦਿੰਦੀਆਂ ਹਨ ਪਰ ਜ਼ਮੀਨੀ ਪੱਧਰ ’ਤੇ ਇਸ ਨੂੰ ਲਾਗੂ ਨਹੀਂ ਕੀਤਾ ਜਾਂਦਾ ਹੈ। ਜੇਕਰ ਜ਼ਮੀਨੀ ਪੱਧਰ ’ਤੇ ਇਸ ਮੁਹਿੰਮ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਸੜਕ ਹਾਦਸਿਆਂ ’ਚ ਬਹੁਤ ਜ਼ਿਆਦਾ ਕਮੀ ਆ ਜਾਵੇਗੀ ਅਤੇ ਕਈ ਕੀਮਤੀ ਜਾਨਾਂ ਵੀ ਬਚ ਜਾਣਗੀਆਂ।

ਭਾਰਤ ’ਚ ਹੀ ਜ਼ਿਆਦਾਤਰ ਹੁੰਦੇ ਹਨ ਨਸ਼ੇ ਕਾਰਨ ਸੜਕ ਹਾਦਸੇ

‘ਆਪ’ ਦੇ ਆਗੂ ਅਮਨ ਕਾਲਾ ਸੰਘੇੜਾ ਨੇ ਕਿਹਾ ਕਿ ਪੂਰੀ ਦੁਨੀਆ ’ਚ ਭਾਰਤ ’ਚ ਹੀ ਸਭ ਤੋਂ ਜ਼ਿਆਦਾ ਸੜਕ ਹਾਦਸੇ ਨਸ਼ੇ ’ਚ ਡਰਾਈਵਿੰਗ ਕਰਨ ਕਾਰਨ ਹੁੰਦੇ ਹਨ। ਮੁੱਖ ਮੰਤਰੀ ਮਾਨ ਨੇ ਇਹ ਬਹੁਤ ਵਧੀਆ ਫੈਸਲਾ ਕੀਤਾ ਹੈ ਅਤੇ ਡੀ.ਜੀ.ਪੀ. ਪੰਜਾਬ ਨੂੰ ਇਸ ਮੁਹਿੰਮ ਨੂੰ ਸਖਤੀ ਨਾਲ ਲਾਗੂ ਕਰਨ ਲਈ ਕਿਹਾ। ਇਸ ਮੁਹਿੰਮ ’ਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਆਵੇ ਤਾਂ ਹਰ ਹਫ਼ਤੇ ਸੋਮਵਾਰ ਨੂੰ ਪੂਰੀ ਡਿਟੇਲ ਸਾਹਿਤ ਰਿਪੋਰਟ ਸਰਕਾਰ ਨੂੰ ਭੇਜਣ ਲਈ ਕਿਹਾ ਹੈ। ਜੇਕਰ ਇਹ ਮੁਹਿੰਮ ਸਹੀ ਢੰਗ ਨਾਲ ਲਾਗੂ ਕਰ ਦਿੱਤੀ ਗਈ ਤਾਂ ਘੱਟੋ-ਘੱਟ ਪੰਜਾਬ ’ਚ ਤਾਂ ਸੜਕ ਹਾਦਸੇ ਬਹੁਤ ਹੀ ਘੱਟ ਜਾਣਗੇ।

ਵਿਦੇਸ਼ਾਂ ਦੀ ਤਰ੍ਹਾਂ ਪੰਜਾਬ ’ਚ ਵੀ ਸਿਸਟਮ ਲਾਗੂ ਕਰ ਕੇ ਕੀਤਾ ਮੁੱਖ ਮੰਤਰੀ ਨੇ ਚੰਗਾ ਫੈਸਲਾ

ਵਰੁਣ ਭਾਰਤੀ ਨੇ ਕਿਹਾ ਕਿ ਬਾਹਰਲੇ ਦੇਸ਼ਾਂ ’ਚ ਖਾਸ ਕਰ ਕੇ ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ’ਚ ਇਸ ਤਰ੍ਹਾਂ ਦੇ ਕਾਨੂੰਨ ਹਨ ਕਿ ਜੇਕਰ ਕੋਈ ਵਾਹਨ ਚਾਲਕ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਹੈ ਤਾਂ ਉਸ ’ਤੇ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ, ਜਿਸ ਤੋਂ ਡਰਦਿਆਂ ਕੋਈ ਵੀ ਵਿਅਕਤੀ ਸ਼ਰਾਬ ਪੀ ਕੇ ਵਾਹਨ ਨਹੀਂ ਚਲਾਉਂਦਾ। ਹੁਣ ਪੰਜਾਬ ’ਚ ਵੀ ਇਹ ਮੁਹਿੰਮ ਮੁੱਖ ਮੰਤਰੀ ਦੇ ਹੁਕਮਾਂ ’ਤੇ ਸ਼ੁਰੂ ਕੀਤੀ ਗਈ ਹੈ, ਇਹ ਮੁਹਿੰਮ ਸ਼ੁਰੂ ਕਰਨ ਦਾ ਸਰਕਾਰ ਦਾ ਫੈਸਲਾ ਬਹੁਤ ਵਧੀਆ ਹੈ, ਜਿਸ ਦੇ ਕਿ ਸਾਰਥਕ ਨਤੀਜੇ ਸਾਹਮਣੇ ਆਉਣ ਦੀ ਉਮੀਦ ਹੈ।

ਇਹ ਵੀ ਪੜ੍ਹੋ- ਸੰਘਣੀ ਧੁੰਦ ਲੋਕਾਂ ਲਈ ਬਣੀ ਆਫਤ, ਸਕੂਲਾਂ ਦੇ ਸਮੇਂ ’ਚ ਤਬਦੀਲੀ ਦੀ ਮੰਗ

ਪੰਜਾਬ ਪੁਲਸ ਲਈ ਇਮਤਿਹਾਨ ਦੀ ਘੜੀ

ਬੇਅੰਤ ਸਿੰਘ ਬਾਠ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖਿਲਾਫ ਇਹ ਮੁਹਿੰਮ ਤਾਂ ਸ਼ੁਰੂ ਕਰ ਦਿੱਤੀ ਹੈ, ਇਸ ਮੁਹਿੰਮ ਨੂੰ ਸਫ਼ਲ ਬਣਾਉਣ ਦੀ ਜ਼ਿੰਮੇਵਾਰੀ ਪੰਜਾਬ ਪੁਲਸ ’ਤੇ ਸੌਂਪੀ ਗਈ ਹੈ। ਇਹ ਪੰਜਾਬ ਪੁਲਸ ਲਈ ਵੱਡਾ ਚੈਲੰਜ ਹੋਵੇਗਾ ਕਿ ਇਸ ਮੁਹਿੰਮ ਨੂੰ ਉਹ ਕਿਸ ਤਰ੍ਹਾਂ ਸਖਤੀ ਨਾਲ ਲਾਗੂ ਕਰਦੀ ਹੈ, ਜੋ ਕਿ ਇਕ ਇਮਤਿਹਾਨ ਦੀ ਘੜੀ ਹੈ। ਜੇਕਰ ਪੰਜਾਬ ਪੁਲਸ ਇਸ ਇਮਤਿਹਾਨ ’ਚ ਪਾਸ ਹੋ ਗਈ ਤਾਂ ਇਹ ਆਪਣੇ ਆਪ ’ਚ ਇਕ ਵੱਡੀ ਉਪਲੱਬਧੀ ਹੋਵੇਗੀ।

ਬਿਨਾਂ ਭੇਦਭਾਵ ਤੋਂ ਸ਼ੁਰੂ ਕਰਨੀ ਪਵੇਗੀ ਇਹ ਮੁਹਿੰਮ

ਅਜੈਬ ਸਿੰਘ ਜਵੰਧਾ ਨੇ ਕਿਹਾ ਕਿ ਜੇਕਰ ਇਸ ਮੁਹਿੰਮ ਨੂੰ ਚੰਗੀ ਤਰ੍ਹਾਂ ਨਾਲ ਸਫਲ ਬਣਾਉਣਾ ਹੈ ਤਾਂ ਇਹ ਮੁਹਿੰਮ ਬਿਨਾਂ ਭੇਦਭਾਵ ਤੋਂ ਸ਼ੁਰੂ ਕਰਨੀ ਪਵੇਗੀ। ਆਮ ਤੌਰ ’ਤੇ ਦੇਖਣ ’ਚ ਇਹ ਆਉਂਦਾ ਹੈ ਕਿ ਜਿਹੜੇ ਵੱਡੇ ਲੋਕ ਜਾਂ ਜਿਨ੍ਹਾਂ ਉਪਰ ਰਾਜਨੀਤਕ ਤੌਰ ’ਤੇ ਹੱਥ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਪੁਲਸ ਵੱਲੋਂ ਕੁਝ ਨਹੀਂ ਕਿਹਾ ਜਾਂਦਾ, ਜਿਸ ਕਾਰਨ ਕੋਈ ਵੀ ਮੁਹਿੰਮ ਸਫ਼ਲ ਨਹੀਂ ਹੋ ਪਾਉਂਦੀ। ਜੇਕਰ ਇਸ ਮੁਹਿੰਮ ਨੂੰ ਸਫ਼ਲ ਬਣਾਉਣਾ ਹੈ ਤਾਂ ਇਹ ਮੁਹਿੰਮ ਬਿਨਾਂ ਭੇਦਭਾਵ ਤੋਂ ਸ਼ੁਰੂ ਕਰਨੀ ਪਵੇਗੀ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News