ਲੁਧਿਆਣਾ ''ਚ 30 ਕਿੱਲੋ ਸੋਨੇ ਦੀ ਲੁੱਟ ਦਾ ਪਰਦਾਫਾਸ਼, ਪੰਜਾਬ ਪੁਲਸ ਨੇ ਦਬੋਚਿਆ ਗੈਂਗਸਟਰ

Friday, Mar 13, 2020 - 10:24 AM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ ਪੁਲਸ ਨੇ ਲੁਧਿਆਣਾ 'ਚ ਬੀਤੇ ਦਿਨੀਂ 30 ਕਿੱਲੋ ਸੋਨੇ ਦੀ ਹੋਈ ਲੁੱਟ ਦਾ ਪਰਦਾਫਾਸ਼ ਕਰਦੇ ਹੋਏ ਇਥੇ ਸੈਕਟਰ-36 ਦੀ ਮਾਰਕਿਟ 'ਚ ਭਾਰੀ ਮੁਸ਼ੱਕਤ ਤੋਂ ਬਾਅਦ ਅੰਤਰਰਾਜੀ ਗੈਂਗਸਟਰ ਗਗਨ ਜੱਜ ਨੂੰ ਗ੍ਰਿਫਤਾਰ ਕਰ ਲਿਆ ਹੈ। ਗਗਨ ਨੇ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ (ਓ. ਸੀ. ਸੀ.ਯੂ.) ਦੀ ਟੀਮ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲਸ ਟੀਮ ਨੇ ਉਸ ਵਲੋਂ ਗੋਲੀ ਚਲਾਉਣ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

PunjabKesari

ਡੀ. ਜੀ. ਪੀ. ਦਿਨਕਰ ਗੁਪਤਾ ਨੇ ਓ. ਸੀ. ਸੀ. ਯੂ. ਦੀ ਟੀਮ ਨੂੰ ਉਨ੍ਹਾਂ ਦੀ ਬਹਾਦਰੀ ਲਈ ਇਨਾਮ ਦੇਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਕਿ ਲੁਧਿਆਣਾ ਕੇਸ 'ਚ ਗਿਰੋਹ ਦੇ ਹੋਰ ਮੈਂਬਰਾਂ ਅਤੇ ਗਗਨ ਦੇ ਸਾਥੀਆਂ ਨੂੰ ਫੜ੍ਹਨ ਲਈ ਛਾਪੇ ਮਾਰੇ ਜਾ ਰਹੇ ਹਨ। ਗਗਨ ਤਿੰਨ ਹਫਤੇ ਪਹਿਲਾਂ ਵਾਪਰੀ ਲੁੱਟ-ਖੋਹ ਦੀ ਵਾਰਦਾਤ 'ਚ ਸ਼ਾਮਲ ਪੰਜ ਸ਼ੱਕੀ ਵਿਅਕਤੀਆਂ 'ਚ ਸ਼ਾਮਲ ਸੀ। ਗਗਨਦੀਪ ਜੱਜ ਉਰਫ ਗਗਨ ਜੱਜ ਅਤੇ ਉਸ ਦੇ ਗਿਰੋਹ ਦੇ ਮੈਂਬਰ ਕਥਿਤ ਤੌਰ 'ਤੇ ਪੈਸੇ ਲੈ ਕੇ ਹੱਤਿਆ, ਕਤਲ ਦੀ ਕੋਸ਼ਿਸ਼, ਜ਼ਬਰੀ ਵਸੂਲੀ, ਵਾਹਨ ਖੋਹਣ ਅਤੇ ਹੋਰ ਗੰਭੀਰ ਅਪਰਾਧਿਕ ਗਤੀਵਿਧੀਆਂ ਦੇ ਦੋ ਦਰਜਨ ਤੋਂ ਵੱਧ ਅਪਰਾਧਿਕ ਮਾਮਲਿਆਂ 'ਚ ਸ਼ਾਮਲ ਹਨ। ਇਕ ਹੋਰ ਫਰਾਰ ਗੈਂਗਸਟਰ ਜੈਪਾਲ ਨਾਲ ਉਸ ਦੇ ਨਜ਼ਦੀਕੀ ਸਬੰਧ ਹਨ।

PunjabKesari
ਓ. ਸੀ. ਸੀ. ਯੂ. ਦੇ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਨੇ ਇਸ ਸਫ਼ਲ ਕਾਰਵਾਈ ਲਈ ਟੀਮ ਦੀ ਸ਼ਲਾਘਾ ਕੀਤੀ। ਆਈ. ਜੀ. ਪੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਖੁਲਾਸਾ ਕੀਤਾ ਕਿ ਗਗਨ ਜੱਜ ਪਾਸੋਂ ਇਕ ਪਿਸਤੌਲ, ਦੋ ਮੈਗਜ਼ੀਨ ਅਤੇ 50 ਜ਼ਿੰਦਾ ਕਾਰਤੂਸਾਂ ਤੋਂ ਇਲਾਵਾ ਲਗਭਗ 31 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਆਈ. ਜੀ. ਪੀ. ਨੇ ਕਿਹਾ ਕਿ ਇਹ ਗਿਰੋਹ ਕਾਲ ਟਰੇਸਿੰਗ ਤੋਂ ਬਚਣ ਲਈ ਆਪਣੇ ਮੈਂਬਰਾਂ ਨਾਲ ਵਾਇਰਲੈਸ ਹੈਂਡਸੈਟਾਂ ਰਾਹੀਂ ਗੱਲਬਾਤ ਕਰਦਾ ਸੀ। ਉਨ੍ਹਾਂ ਕਿਹਾ ਕਿ ਗੈਂਗਸਟਰ ਪਾਸੋਂ ਚੋਰੀ ਦੀ ਇਕ ਆਈ-20 ਕਾਰ ਤੋਂ ਇਲਾਵਾ ਤਿੰਨ ਵਾਕੀ-ਟਾਕੀ (ਡਬਲਯੂ/ਟੀ) ਸੈੱਟ ਵੀ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਲੁਟੇਰਿਆਂ ਵਲੋਂ ਸਭ ਤੋਂ ਵੱਡੀ ਲੁੱਟ, 30 ਕਿੱਲੋ ਦੇ ਸੋਨੇ 'ਤੇ ਮਾਰਿਆ ਡਾਕਾ

ਡੀ. ਜੀ. ਪੀ. ਨੇ ਕਿਹਾ ਕਿ ਪੰਜਾਬ ਪੁਲਸ ਸੂਬੇ 'ਚੋਂ ਗੈਂਗਸਟਰਾਂ ਦੇ ਖਾਤਮੇ ਲਈ ਵਚਨਬੱਧ ਹੈ ਅਤੇ ਗੁਆਂਢੀ ਸੂਬਿਆਂ ਖ਼ਾਸਕਰ ਟ੍ਰਾਈਸਿਟੀ ਦੀ ਪੁਲਸ ਨਾਲ ਨਜ਼ਦੀਕੀ ਤਾਲਮੇਲ ਰਾਹੀਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੋਰ 4-5 ਲੋੜੀਂਦੇ ਗੈਂਗਸਟਰ ਪੰਜਾਬ ਪੁਲਸ ਦੇ ਨਿਸ਼ਾਨੇ 'ਤੇ ਹਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਓ. ਸੀ. ਸੀ. ਯੂ. ਇਸ ਤਰ੍ਹਾਂ ਦੇ ਗੈਂਗਸਟਰਾਂ ਅਤੇ ਗਿਰੋਹਾਂ ਨਾਲ ਜੁੜੇ ਅਪਰਾਧਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ।
ਗੋਲਡ ਲੋਨ ਦੇਣ ਵਾਲੀ ਕੰਪਨੀ 'ਚੋਂ ਲੁੱਟਿਆ ਸੀ 30 ਕਿੱਲੋ ਸੋਨਾ
ਲੁਧਿਆਣਾ ਦੇ ਗਿੱਲ ਰੋਡ 'ਤੇ ਥਾਣਾ ਸ਼ਿਮਲਾਪੁਰੀ ਨੇੜੇ ਬੀਤੇ ਦਿਨੀਂ ਲੁਟੇਰਿਆਂ ਨੇ ਸਭ ਤੋਂ ਵੱਡੀ ਲੁੱਟ ਨੂੰ ਅੰਜਾਮ ਦਿੰਦੇ ਹੋਏ ਗੋਲਡ ਲੋਨ ਦੇਣ ਵਾਲੀ ਕੰਪਨੀ 'ਤੇ ਡਾਕਾ ਮਾਰਦਿਆਂ 30 ਕਿੱਲੋ ਸੋਨਾ ਲੁੱਟਿਆ ਗਿਆ ਸੀ।
2015 'ਚ ਵੀ ਹੋਈ ਸੀ 5 ਕਰੋੜ ਦੀ ਲੁੱਟ
ੁਜੁਲਾਈ, 2015 'ਚ ਵੀ ਗਿੱਲ ਰੋਡ 'ਤੇ ਹੀ ਗੋਲਡ ਲੋਨ ਦੇਣ ਵਾਲੀ ਇਕ ਕੰਪਨੀ ਦੀ ਲੁੱਟ ਹੋਈ ਸੀ। ਉਸ ਸਮੇਂ 6 ਲੁਟੇਰੇ ਵਾਰਦਾਤ ਕਰਕੇ ਫਰਾਰ ਹੋਏ ਸਨ, ਜਿਨ੍ਹਾਂ ਨੇ 13 ਕਿੱਲੋ ਸੋਨਾ, 2 ਲੱਖ 25 ਹਜ਼ਾਰ ਦੀ ਨਕਦੀ ਲੁੱਟੀ ਸੀ। ਪੁਲਸ ਨੇ ਕੁਝ ਸਮੇਂ ਬਾਅਦ ਕੇਸ ਹੱਲ ਕਰ ਲਿਆ ਸੀ ਅਤੇ 4 ਲੁਟੇਰਿਆਂ ਨੂੰ ਦਬੋਚ ਕੇ 4 ਕਿੱਲੋ ਸੋਨਾ, 2 ਰਿਵਾਲਵਰ, 6 ਜ਼ਿੰਦਾ ਕਾਰਤੂਸ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਸੀ।


Babita

Content Editor

Related News