ਪੰਜਾਬ ਪੁਲਸ ਤੋਂ ਸੇਵਾ ਮੁਕਤ ਹੋਣ ਮਗਰੋਂ ਹੁਣ ਚੋਣ ਮੈਦਾਨ ’ਚ ਉਤਰਨ ਲਈ ਤਿਆਰ ਬਲਕਾਰ ਸਿੰਘ
Tuesday, Feb 02, 2021 - 01:18 PM (IST)
ਜਲੰਧਰ (ਮ੍ਰਿਦੁਲ) - ਪੰਜਾਬ ਪੁਲਸ ਤੋਂ ਰਿਟਾਇਰਡ ਹੋਏ ਜਲੰਧਰ ਦੇ ਡੀ. ਐੱਸ. ਪੀ. ਬਲਕਾਰ ਸਿੰਘ ਹੁਣ ਚੋਣ ਮੈਦਾਨ ਵਿਚ ਉਤਰਨ ਲਈ ਤਿਆਰ ਹਨ। ਹਾਲਾਂਕਿ ਉਹ ਕਿਹੜੀ ਪਾਰਟੀ ਵੱਲੋਂ ਚੋਣ ਲੜਨਗੇ, ਇਹ ਅਜੇ ਤੈਅ ਨਹੀਂ ਪਰ ਉਨ੍ਹਾਂ ਨੇ ਪੰਜਾਬ ਦੀ ਸਭ ਤੋਂ ਵੱਡੀ ਅਤੇ ਪੁਰਾਣੀ ਪਾਰਟੀ ਵੱਲੋਂ ਚੋਣ ਲੜਨ ਦਾ ਇਸ਼ਾਰਾ ਕੀਤਾ ਹੈ। ਦਲਿਤ ਸਮਾਜ ਦਾ ਸਭ ਤੋਂ ਵੱਡਾ ਚਿਹਰਾ ਹੋਣ ਦੇ ਨਾਤੇ ਅਤੇ ਜਲੰਧਰ ਵਿਚ ਸਭ ਤੋਂ ਜ਼ਿਆਦਾ ਰਸੂਖ ਵਾਲੇ ਰਿਟਾਇਰਡ ਡੀ. ਐੱਸ. ਪੀ. ਬਲਕਾਰ ਸਿੰਘ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਪਹਿਲਾਂ ਪੰਜਾਬ ਪੁਲਸ ਵਿਚ ਅਫ਼ਸਰ ਦੇ ਤੌਰ ’ਤੇ ਲੋਕਾਂ ਦੀ ਸੇਵਾ ਕਰ ਚੁੱਕੇ ਹਨ। ਹੁਣ ਸਿੱਧਾ ਲੋਕਾਂ ਵਿਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਦੁੱਖ-ਦਰਦ ਦੂਰ ਕਰਨਗੇ।
ਪੜ੍ਹੋ ਇਹ ਵੀ ਖ਼ਬਰ - ਫਰਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਨੂੰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
ਉਥੇ ਦਿੱਲੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਕਿਸਾਨ ਦਾ ਪੁੱਤਰ ਹਾਂ ਅਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਹਾਂ। ਮੇਰੇ ਪਿਤਾ ਖੁਦ ਕਿਸਾਨ ਸਨ ਅਤੇ ਸਾਡਾ ਪੁਰਾਣਾ ਤੇ ਪੁਸ਼ਤੈਨੀ ਕੰਮ ਡੇਅਰੀ ਦਾ ਹੈ, ਜਿਸ ਦੀ ਕਮਾਈ ਨਾਲ ਉਨ੍ਹਾਂ ਨੇ ਸਾਡੇ ਸਾਰੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ। ਉਨ੍ਹਾਂ ਐਲਾਨ ਕਰਦੇ ਹੋਏ ਕਿਹਾ ਕਿ ਉਹ ਆਪਣੀ ਆਖਰੀ ਤਨਖਾਹ ਵਿਚੋਂ ਦਿੱਲੀ ਵਿਚ ਕੇਂਦਰ ਸਰਕਾਰ ਨਾਲ ਲੜ ਰਹੇ ਕਿਸਾਨਾਂ ਨੂੰ ਰਾਹਤ ਸਮੱਗਰੀ ਭੇਜਣਗੇ। 1988 ਬੈਚ ਦੇ ਡਾਇਰੈਕਟ ਏ. ਐੱਸ. ਆਈ. ਰੈਂਕ ’ਤੇ ਭਰਤੀ ਹੋਏ ਬਲਕਾਰ ਸਿੰਘ ਨੇ ਆਪਣੀ ਨੌਕਰੀ ਦੀ ਸ਼ੁਰੂਆਤ ਜਲੰਧਰ ਤੋਂ ਹੀ ਕੀਤੀ ਸੀ। ਇਸ ਤੋਂ ਬਾਅਦ ਚੰਗੀ ਡਿਊਟੀ ਅਤੇ ਮਿਹਨਤ ਦੇ ਦਮ ’ਤੇ ਹੌਲੀ-ਹੌਲੀ ਪ੍ਰਮੋਟ ਹੁੰਦੇ ਗਏ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਜੇਕਰ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਉਨ੍ਹਾਂ ਦੱਸਿਆ ਕਿ 32 ਸਾਲ ਇਕ ਮਹੀਨੇ ਦੀ ਨੌਕਰੀ ਦੌਰਾਨ ਉਨ੍ਹਾਂ ਨੇ 25 ਸਾਲ ਜਲੰਧਰ ਜ਼ਿਲ੍ਹੇ ਵਿਚ ਨੌਕਰੀ ਕੀਤੀ ਹੈ ਅਤੇ ਸਭ ਤੋਂ ਜ਼ਿਆਦਾ ਸੇਵਾਵਾਂ ਦਿਹਾਤੀ ਖੇਤਰ ਵਿਚ ਦਿੱਤੀਆਂ ਹਨ। ਖਾਸ ਕਰ ਕੇ ਕਰਤਾਰਪੁਰ ਵਿਚ ਤਾਂ ਲਗਭਗ 10 ਸਾਲ ਡੀ. ਐੱਸ. ਪੀ. ਅਹੁਦੇ ’ਤੇ ਤਾਇਨਾਤ ਰਹੇ ਹਨ। ਇਸ ਕਾਰਣ ਕਰਤਾਰਪੁਰ ਹਲਕੇ ਦੇ ਸਾਰੇ ਲੋਕ ਉਨ੍ਹਾਂ ਨੂੰ ਜਾਣਦੇ ਹਨ। ਇਕ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੂਰਾ ਜਲੰਧਰ ਜ਼ਿਲ੍ਹਾ ਹੀ ਉਨ੍ਹਾਂ ਦਾ ਆਪਣਾ ਹੈ ਅਤੇ ਉਹ ਜਲੰਧਰ ਦੇ ਕਿਸੇ ਵੀ ਇਲਾਕੇ ਤੋਂ ਚੋਣ ਲੜ ਸਕਦੇ ਹਨ ਪਰ ਕਰਤਾਰਪੁਰ ਹਲਕੇ ਵਿਚ ਉਹ ਕਾਫ਼ੀ ਸਾਲ ਰਹੇ ਹਨ। ਨੌਕਰੀ ਦੌਰਾਨ ਲੋਕਾਂ ਦੀ ਸੇਵਾ ਕਰਦੇ ਹੋਏ ਕਰਤਾਰਪੁਰ ਹਲਕੇ ਦੇ ਸਾਰੇ ਲੋਕ, ਨੇਤਾ ਤੇ ਸਰਪੰਚ ਉਨ੍ਹਾਂ ਨੂੰ ਜਾਣਦੇ ਹਨ।
ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼
ਉਨ੍ਹਾਂ ਕਿਹਾ ਕਿ ਨੌਕਰੀ ਦੌਰਾਨ 32 ਸਾਲ ਉਨ੍ਹਾਂ ਨੇ ਬਿਨਾਂ ਕਿਸੇ ਭੇਦਭਾਵ, ਜਾਤੀਵਾਦ ਅਤੇ ਧਰਮਨਿਰਪੱਖ ਹੋ ਕੇ ਨੌਕਰੀ ਕੀਤੀ ਹੈ। ਵੱਡੇ-ਵੱਡੇ ਮਸਲੇ ਲੋਕਾਂ ਵਿਚ ਜਾ ਕੇ ਸੁਲਝਾਏ ਹਨ। ਜਲੰਧਰ ਜ਼ਿਲ੍ਹੇ ਦੇ ਲਗਭਗ ਸਾਰੇ ਲੋਕਾਂ ਨਾਲ ਉਨ੍ਹਾਂ ਦਾ ਰਾਬਤਾ ਹੈ, ਭਾਵੇਂ ਉਹ ਸ਼ਹਿਰੀ ਹਲਕੇ ਦੇ ਲੋਕ ਹੋਣ ਜਾਂ ਫਿਰ ਦਿਹਾਤੀ ਖੇਤਰ ਦੇ।
‘ਹੁਣ ਅਸੀਂ ਸਹਿਯੋਗ ਦੇ ਦਮ ’ਤੇ ਚੋਣ ਮੈਦਾਨ ਵਿਚ ਉਤਰਨ ਲਈ ਤਿਆਰ ਹਾਂ’
ਉਥੇ ਹੀ ਗੱਲਬਾਤ ਦੌਰਾਨ ਸਾਬਕਾ ਡੀ. ਐੱਸ. ਪੀ. ਬਲਕਾਰ ਸਿੰਘ ਤੋਂ ਪੁੱਛਿਆ ਕਿ ਚੋਣ ਮੈਦਾਨ ਵਿਚ ਉਤਰਨ ਲਈ ਉਹ ਕਿਸ ਪਾਰਟੀ ਦੀ ਟਿਕਟ ’ਤੇ ਚੋਣ ਲੜਨਗੇ ਤਾਂ ਉਨ੍ਹਾਂ ਕਿਹਾ ਕਿ 32 ਸਾਲ ਲੋਕਾਂ ਦੀ ਸੇਵਾ ਪਾਰਟੀ ਅਤੇ ਰਾਜਨੀਤਕ ਲਾਹਾ ਲੈਣ ਤੋਂ ਉੱਪਰ ਉਠ ਕੇ ਕੀਤੀ ਹੈ। ਉਹ ਤਾਂ ਸਿਰਫ਼ ਲੋਕ ਸੇਵਾ ਕਰਨੀ ਚਾਹੁੰਦੇ ਹਨ। ਬਾਕੀ ਰਹੀ ਗੱਲ ਪਾਰਟੀ ਦੀ ਤਾਂ ਉਹ ਇਸ ਬਾਰੇ ਆਉਣ ਵਾਲੇ ਦਿਨਾਂ ਵਿਚ ਦੱਸਣਗੇ, ਹਾਲਾਂਕਿ ਉਨ੍ਹਾਂ ਨੇ ਇਸ਼ਾਰਾ ਦਿੰਦੇ ਹੋਏ ਕਿਹਾ ਕਿ ਉਹ ਪੰਜਾਬ ਦੀ ਸਭ ਤੋਂ ਵੱਡੀ ਅਤੇ ਪੁਰਾਣੀ ਪਾਰਟੀ ਵੱਲੋਂ ਚੋਣ ਲੜਨ ਦੇ ਇੱਛੁਕ ਹਨ।
ਪੜ੍ਹੋ ਇਹ ਵੀ ਖ਼ਬਰ - Health Tips: ‘ਜੋੜਾਂ ਅਤੇ ਗੋਡਿਆਂ ਦੇ ਦਰਦ’ ਤੋਂ ਇੱਕ ਹਫ਼ਤੇ ’ਚ ਪਾਓ ਛੁਟਕਾਰਾ, ਅਪਣਾਓ ਇਹ ਘਰੇਲੂ ਨੁਸਖ਼ਾ