ਅਹਿਮ ਖ਼ਬਰ : ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕੀਤੇ 353 ਵਿਅਕਤੀਆਂ ’ਚੋਂ 197 ਨੂੰ ਕੀਤਾ ਰਿਹਾਅ

Monday, Mar 27, 2023 - 01:55 AM (IST)

ਅਹਿਮ ਖ਼ਬਰ : ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕੀਤੇ 353 ਵਿਅਕਤੀਆਂ ’ਚੋਂ 197 ਨੂੰ ਕੀਤਾ ਰਿਹਾਅ

ਚੰਡੀਗੜ੍ਹ (ਬਿਊਰੋ) : ਪੰਜਾਬ ਪੁਲਸ ਵੱਲੋਂ 18 ਮਾਰਚ, 2023 ਤੋਂ ਅਮਨ-ਕਾਨੂੰਨ ਦੀ ਉਲੰਘਣਾ ਅਤੇ ਅਮਨ-ਕਾਨੂੰਨ ’ਚ ਵਿਘਨ ਪਾਉਣ ਦੇ ਖ਼ਦਸ਼ੇ ਤਹਿਤ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੇ ਕੇਸਾਂ ਦੀ ਜਾਂਚ ਅਤੇ ਨਿਰਦੋਸ਼ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਰਿਹਾਅ ਕਰਨ ਦੀ ਮੁਹਿੰਮ ਜਾਰੀ ਹੈ। ਇਸ ਮੁਹਿੰਮ ਤਹਿਤ ਪੁਲਸ ਵੱਲੋਂ ਰੋਕਥਾਮ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤੇ ਗਏ ਕੁਲ 353 ਵਿਅਕਤੀਆਂ ’ਚੋਂ 197 ਵਿਅਕਤੀਆਂ ਨੂੰ ਹੁਣ ਤੱਕ ਰਿਹਾਅ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਪੰਜਾਬ ਪੁਲਸ ਵੱਲੋਂ ਅਮਨ-ਸ਼ਾਂਤੀ ਭੰਗ ਕਰਨ ਦੇ ਖ਼ਦਸ਼ੇ ਤਹਿਤ ਜਾਂ ਗੰਭੀਰ ਅਪਰਾਧਿਕ ਗਤੀਵਿਧੀਆਂ ’ਚ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੇ ਕੇਸਾਂ ਦੀ ਜਾਂਚ ਦੌਰਾਨ ਸਾਕਾਰਾਤਮਕ ਪਹੁੰਚ ਅਪਣਾਈ ਜਾਵੇ।

ਇਹ ਖ਼ਬਰ ਵੀ ਪੜ੍ਹੋ : ਖੇਡ ਮੰਤਰੀ ਮੀਤ ਹੇਅਰ ਨੇ ISSF ਵਿਸ਼ਵ ਕੱਪ ’ਚ ਕਾਂਸੀ ਤਮਗਾ ਜਿੱਤਣ ’ਤੇ ਸਿਫ਼ਤ ਕੌਰ ਸਮਰਾ ਨੂੰ ਦਿੱਤੀ ਵਧਾਈ

ਡਾਇਰੈਕਟਰ ਜਨਰਲ ਆਫ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਸੂਬੇ ਦੇ ਸਾਰੇ ਐੱਸ.ਐੱਸ.ਪੀਜ਼ ਅਤੇ ਸੀ.ਪੀਜ਼ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਕਿਸੇ ਵੀ ਬੇਕਸੂਰ ਵਿਅਕਤੀ ਨੂੰ ਤੰਗ-ਪ੍ਰੇਸ਼ਾਨ ਜਾਂ ਗ੍ਰਿਫ਼ਤਾਰ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਤਫ਼ਤੀਸ਼ ਕਰ ਰਹੇ ਅਫ਼ਸਰ ਅਤੇ ਉਨ੍ਹਾਂ ਦੇ ਨਿਗਰਾਨ ਅਫ਼ਸਰ ਪਹਿਲਾਂ ਉਪਲੱਬਧ ਸਬੂਤਾਂ ਦੀ ਜਾਂਚ ਕਰਨ ਅਤੇ ਠੋਸ ਅਪਰਾਧਾਂ ਵਿਚ ਜਾਂ ਹੋਰ ਕਿਸ ਵੀ ਤਰ੍ਹਾਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਆਪਣੇ ਪੱਧਰ ’ਤੇ ਢੁੱਕਵੀਂ ਜਾਂਚ ਕਰ ਲੈਣ।

ਇਹ ਖ਼ਬਰ ਵੀ ਪੜ੍ਹੋ :  ਅੰਮ੍ਰਿਤਪਾਲ ਦੇ ਇਕ ਹੋਰ ਸਾਥੀ ਨੂੰ ਅਜਨਾਲਾ ਅਦਾਲਤ ’ਚ ਕੀਤਾ ਗਿਆ ਪੇਸ਼

ਡੀ.ਜੀ.ਪੀ. ਨੇ ਅੱਗੇ ਕਿਹਾ ਕਿ ਰੋਕਥਾਮ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤੇ ਗਏ 353 ਵਿਅਕਤੀਆਂ ਤੋਂ ਇਲਾਵਾ 40 ਵਿਅਕਤੀਆਂ ਨੂੰ ਠੋਸ ਅਪਰਾਧਿਕ ਗਤੀਵਿਧੀਆਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 7 ਵਿਅਕਤੀਆਂ ਨੂੰ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ। ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਸ ਅਧਿਕਾਰੀ ਉਪਲੱਬਧ ਸਬੂਤਾਂ ਦੀ ਜਾਂਚ ਕਰਕੇ ਸਾਕਾਰਾਤਮਕ ਪਹੁੰਚ ਅਪਣਾਉਂਦਿਆਂ ਠੋਸ ਅਪਰਾਧਿਕ ਗਤੀਵਿਧੀਆਂ ਅਧੀਨ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸਥਿਤੀ ਦੀ ਸਮੀਖਿਆ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਭਾਰਤ ਦੀ ਗੋਲਡਨ ਹੈਟ੍ਰਿਕ, ਨਿਖਤ ਜ਼ਰੀਨ ਨੇ ਜਿੱਤਿਆ ਸੋਨ ਤਮਗਾ

ਡੀ.ਜੀ.ਪੀ. ਗੌਰਵ ਯਾਦਵ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਅਤੇ ਝੂਠੀਆਂ ਖ਼ਬਰਾਂ ਤੇ ਅਫਵਾਹਾਂ ਵੱਲ ਕੋਈ ਧਿਆਨ ਨਾ ਦੇਣ। ਡੀ.ਜੀ.ਪੀ. ਨੇ ਜ਼ੋਰ ਦੇ ਕੇ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਅਤੇ ਸਥਿਰ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਫਵਾਹਾਂ ਅਤੇ ਝੂਠੀਆਂ ਖ਼ਬਰਾਂ ਫੈਲਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਸ ਵੱਲੋਂ ਅੱਜ ਫਲੈਗ ਮਾਰਚ, ਨਾਕਾਬੰਦੀ ਅਤੇ ਗਸ਼ਤ ਕਰਦਿਆਂ ਸੂਬੇ ਦੇ ਬਾਜ਼ਾਰਾਂ ਅਤੇ ਹੋਰ ਮਹੱਤਵਪੂਰਨ ਥਾਵਾਂ 'ਤੇ ਪੁਲਸ ਦੀ ਮੌਜੂਦਗੀ ਕਾਇਮ ਰੱਖੀ। ਪੰਜਾਬ ਪੁਲਸ ਸੂਬੇ ’ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਚਨਬੱਧ ਹੈ।
 


author

Manoj

Content Editor

Related News