ਸੁਧੀਰ ਸੂਰੀ ਕਤਲ ਕਾਂਡ: ਪਾਕਿ ਬੈਠੇ ਗੋਪਾਲ ਸਿੰਘ ਚਾਵਲਾ ਖ਼ਿਲਾਫ਼ ਪੰਜਾਬ ਪੁਲਸ ਵੱਲੋਂ FIR ਦਰਜ
Saturday, Nov 05, 2022 - 05:11 PM (IST)
ਜਲੰਧਰ— ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੰਜਾਬ ’ਚ ਮਾਹੌਲ ਗਰਮਾਇਆ ਪਿਆ ਹੈ। ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪਾਕਿਸਤਾਨ ’ਚ ਬੈਠੇ ਅੱਤਵਾਦੀ ਗੋਪਾਲ ਸਿੰਘ ਚਾਵਲਾ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਪੰਜਾਬ ਪੁਲਸ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਪੰਜਾਬ ਪੁਲਸ ਵੱਲੋਂ ਕੀਤੇ ਗਏ ਟਵੀਟ ’ਚ ਦੱਸਿਆ ਗਿਆ ਹੈ ਕਿ ਗਲਤ ਭਾਸ਼ਾ ਅਤੇ ਭੜਕਾਊ ਵੀਡੀਓਜ਼ ਅਪਲੋਡ ਕਰਨ ਦੇ ਦੋਸ਼ ’ਚ ਗੋਪਾਲ ਸਿੰਘ ਚਾਵਲਾ ਖ਼ਿਲਾਫ਼ ਰਿਪੋਰਟ ਦਰਜ ਕੀਤੀ ਗਈ ਹੈ। ਭੱਦੀ ਸ਼ਬਦਾਵਲੀ ਅਤੇ ਝੂਠੀ ਅਫ਼ਵਾਹ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਨਾਲ ਨਜਿੱਠਿਆ ਜਾਵੇਗਾ। ਪੰਜਾਬ ’ਚ ਸ਼ਾਂਤੀ ਬਣਾ ਕੇ ਰੱਖੀ ਜਾਵੇ।
ਇਹ ਵੀ ਪੜ੍ਹੋ : ‘ਬਾਬਾ ਨਾਨਕ’ ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ ਸ਼ਹਿਰ, ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਇਥੇ ਦੱਸਣਯੋਗ ਹੈ ਕਿ ਸੁਧੀਰ ਸੂਰੀ ਦਾ ਕਤਲ ਕਰਨ ਮਗਰੋਂ ਚਾਵਲਾ ਨੇ ਆਪਣੀ ਵੀਡੀਓ ’ਚ ਕਿਹਾ ਸੀ ਕਿ ਉਨ੍ਹਾਂ ਦਾ ਅਗਲਾ ਨਿਸ਼ਾਨਾ ਹਿੰਦੂ ਨੇਤਾ ਨਿਸ਼ਾਂਤ ਸ਼ਰਮਾ, ਅਮਿਤ ਅਰੋੜਾ, ਮੰਡ ਹਨ, ਜਿਨ੍ਹਾਂ ਦਾ ਬਹੁਤ ਹੀ ਜਲਦੀ ਇਹੀ ਹਸ਼ਰ ਹੋਣ ਵਾਲਾ ਹੈ। ਗੋਪਾਲ ਚਾਵਲਾ ਦੀ ਇਕ ਵੀਡੀਓ ਵੀ ਸਾਹਮਣੇ ਆਈ, ਜਿਸ ’ਚ ਉਨ੍ਹਾਂ ਨੇ ਸੁਧੀਰ ਸੂਰੀ ਨੂੰ ਗੋਲ਼ੀਆਂ ਮਾਰਨ ਵਾਲੇ ਸ਼ਖ਼ਸ ਦੀ ਖ਼ੂਬ ਤਾਰੀਫ਼ ਕੀਤੀ ਸੀ। ਇੰਨਾ ਹੀ ਨਹੀਂ ਸੋਸ਼ਲ ਮੀਡੀਆ ’ਤੇ ਕਈ ਚਿਹਰੇ ਸਾਹਮਣੇ ਆਏ ਹਨ, ਜਿਨ੍ਹਾਂ ਨੇ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਇਹ ਵੀ ਪੜ੍ਹੋ : ਸੁਧੀਰ ਸੂਰੀ ਦੇ ਕਤਲ ਮਗਰੋਂ ਫੁਟਿਆ ਸ਼ਿਵ ਸੈਨਾ ਦਾ ਗੁੱਸਾ, ਸਮਰਥਕ ਬੋਲੇ, ਸਰਕਾਰ ਦੀ ਪਲਾਨਿੰਗ ਨਾਲ ਹੋਇਆ ਕਤਲ
ਕੱਲ੍ਹ ਕੀਤਾ ਗਿਆ ਸੀ ਸੁਧੀਰ ਸੂਰੀ ਦਾ ਗੋਲ਼ੀਆਂ ਮਾਰ ਕੇ ਕਤਲ
ਇਥੇ ਦੱਸਣਯੋਗ ਹੈ ਕਿ ਸ਼ੁੱਕਰਵਾਰ ਯਾਨੀ ਕਿ 4 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਵਾਰਦਾਤ ਸ਼ਹਿਰ ਦੇ ਸਭ ਤੋਂ ਰੁਝੇ ਹੋਏ ਇਲਾਕਿਆਂ ’ਚੋਂ ਇਕ ਮਜੀਠਾ ਰੋਡ ’ਤੇ ਗੋਪਾਲ ਮੰਦਿਰ ਦੇ ਬਾਹਰ ਹੋਈ ਸੀ। ਮੰਦਿਰ ਦੇ ਬਾਹਰ ਸੁਧੀਰ ਸੂਰੀ ਧਰਨਾ ਦੇ ਰਹੇ ਸਨ। ਸੜਕ ਦੇ ਕੰਢੇ ਕੁਝ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਮਿਲਣ ਮਗਰੋਂ ਉਹ ਆਪਣੇ ਸਾਥੀਆਂ ਨਾਲ ਮੰਦਿਰ ਦੇ ਬਾਹਰ ਧਰਨਾ ਦੇ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮੂਰਤੀਆਂ ਦੀ ਬੇਅਦਬੀ ਦਾ ਮਾਮਲਾ ਹੈ। ਸੂਰੀ ਗੋਪਾਲ ਮੰਦਿਰ ਦੇ ਪ੍ਰਬੰਧਨ ਦਾ ਵਿਰੋਧ ਕਰ ਰਹੇ ਸਨ। ਪੁਲਸ ਦੇ ਮੁਤਾਬਕ ਸੂਰੀ ’ਤੇ 5 ਗੋਲ਼ੀਆਂ ਚਲਾਈਆਂ ਗਈਆਂ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਪ੍ਰਦਰਸ਼ਨ ਦੌਰਾਨ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲ਼ੀਆਂ ਮਾਰ ਕੇ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।