ਪੰਜਾਬ ਪੁਲਸ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ, ਹੁਣ ਨਸ਼ੇ ਦੀ ਹਾਲਤ 'ਚ ਕੁੱਟਮਾਰ ਕਰਨ ਦੇ ਲੱਗੇ ਦੋਸ਼
Thursday, Jun 10, 2021 - 09:15 PM (IST)
ਭਿੱਖੀਵਿੰਡ/ਖਾਲੜਾ(ਲਖਵਿੰਦਰ ਸਿੰਘ ਗੌਲ੍ਹਣ/ਰਿੰਪਲ ਗੌਲ੍ਹਣ)- ਪੰਜਾਬ ਪੁਲਸ ਆਏ ਦਿਨ ਹੀ ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਅਖ਼ਬਾਰਾਂ ਤੇ ਚੈਨਲਾਂ ਦੀਆਂ ਸੁਰਖੀਆਂ 'ਚ ਬਣੀ ਰਹਿੰਦੀ ਹੈ। ਫਿਰ ਚਾਹੇ ਉਹ ਆਂਡੇ ਚੋਰੀ ਕਰਨ ਦੀ ਘਟਨਾ ਹੋਵੇ ਜਾਂ ਫਿਰ ਫਗਵਾੜਾ ਦੇ ਐੱਸ.ਐੱਚ.ਓ ਵੱਲੋਂ ਸਬਜ਼ੀ ਦੀ ਟੋਕਰੀ ਨੂੰ ਲੱਤ ਮਾਰਨ ਵਾਲੀ ਘਟਨਾ । ਅਜਿਹਾ ਹੀ ਇਕ ਹੋਰ ਮਾਮਲਾ ਪੁਲਸ ਅਧਿਕਾਰੀਆਂ ਦੇ ਅਕਸ 'ਤੇ ਸਵਾਲ ਖੜ੍ਹੇ ਕਰਦਾ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਭਿੱਖੀਵਿੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਬੀਤੀ ਰਾਤ ਥਾਣਾ ਭਿੱਖੀਵਿੰਡ ਵਿਖੇ ਤੈਨਾਤ ਏ.ਐੱਸ.ਆਈ ਸਵਿੰਦਰ ਸਿੰਘ ਉਰਫ ਸੋਹਲ ਅਤੇ ਨਾਲ ਹੋਰ ਤਿੰਨ ਮੁਲਾਜ਼ਮਾਂ 'ਤੇ ਸ਼ਰਾਬ ਪੀ ਕੇ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ ।
ਇਹ ਵੀ ਪੜ੍ਹੋ: ਹੁਣ ਸਰਕਾਰੀ ਸਕੂਲਾਂ 'ਚ ਵਿਦਿਆਰਥੀ ਸਿੱਖ ਸਕਣਗੇ ਵਿਦੇਸ਼ੀ ਭਾਸ਼ਾਵਾਂ, ਕੈਪਟਨ ਨੇ ਦਿੱਤੇ ਇਹ ਹੁਕਮ
ਇਕੱਤਰ ਹੋਈ ਜਾਣਕਾਰੀ ਅਨੁਸਾਰ ਹਿਮਾਂਸ਼ੂ ਧਵਨ ਪੁੱਤਰ ਅਮਨ ਧਵਨ ਨੇ ਦੱਸਿਆ ਕਿ ਉਹ ਮਕਾਨ ਕੋਠੀਆਂ ਅਤੇ ਬਿਲਡਿੰਗਾਂ ਆਦਿ ਦੇ ਨਕਸ਼ੇ ਬਣਾਉਣ ਦਾ ਕੰਮ ਕਰਦਾ ਹੈ ਅਤੇ ਉਹ ਰੋਜ਼ ਦੀ ਤਰ੍ਹਾਂ ਜਦੋਂ ਆਪਣੇ ਘਰ 9.20 ਦੇ ਕਰੀਬ ਪੁੱਜਾ ਤਾਂ ਉਹ ਆਪਣੀ ਗੱਡੀ ਨੂੰ ਪਾਰਕ ਕਰਕੇ ਆਪਣੇ ਘਰ ਨੂੰ ਜਾਣ ਹੀ ਲੱਗਾ ਸੀ, ਕਿ ਭਿੱਖੀਵਿੰਡ ਪੁਲਸ ਦੇ ਚਾਰ ਮੁਲਾਜ਼ਮ ਜਿਨ੍ਹਾਂ ਚੋਂ ਏ.ਐੱਸ.ਆਈ ਸਵਿੰਦਰ ਸਿੰਘ ਸੋਹਲ, ਸਾਰਜ ਸਿੰਘ, ਸ਼ਮਸ਼ੇਰ ਸਿੰਘ ਅਤੇ ਨਾਲ ਇਕ ਹੋਰ ਮੁਲਾਜ਼ਮ ਉੱਥੇ ਆ ਗਏ। ਉਨ੍ਹਾਂ 'ਚੋਂ ਏ.ਐੱਸ.ਆਈ ਸਵਿੰਦਰ ਸਿੰਘ ਸੋਹਲ ਨੇ ਉਸ ਦਾ ਮੋਬਾਇਲ ਫੋਨ ਖੋਹ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹਿਮਾਂਸ਼ੂ ਨੇ ਦੱਸਿਆ ਕਿ ਥਾਣਾ ਭਿੱਖੀਵਿੰਡ ਦੇ ਮੁਲਾਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਕੁੱਟਮਾਰ ਕਰਦੇ ਉਸ ਨੂੰ ਥਾਣੇ ਲੈ ਗਏ। ਜ਼ਿਕਰਯੋਗ ਹੈ ਕਿ ਜਦੋਂ ਇਸ ਘਟਨਾ ਦਾ ਪੀੜਤ ਹਿਮਾਂਸ਼ੂ ਦੇ ਪਰਿਵਾਰ ਅਤੇ ਅੱਡਾ ਵਾਸੀਆਂ ਸਮੇਤ ਨਗਰ ਪੰਚਾਇਤ ਪ੍ਰਧਾਨ ਭਿੱਖੀਵਿੰਡ ਰਜਿੰਦਰ ਕੁਮਾਰ ਬੱਬੂ ਸ਼ਰਮਾ ਨੂੰ ਪਤਾ ਲੱਗਾ ਤਾਂ ਲੋਕਾਂ ਦਾ ਭਾਰੀ ਹਜੂਮ ਥਾਣਾ ਭਿੱਖੀਵਿੰਡ ਵਿਖੇ ਪਹੁੰਚ ਗਿਆ । ਜਿੱਥੇ ਮੌਕੇ 'ਤੇ ਪਹੁੰਚੇ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ.ਐੱਸ.ਪੀ ਰਾਜਬੀਰ ਸਿੰਘ ਦੇ ਆਸ਼ਵਾਸਨ ਦਿਵਾਉਣ ਤੋਂ ਬਾਅਦ ਚਾਰੇ ਪੁਲਸ ਮੁਲਾਜ਼ਮਾਂ ਦਾ ਮੈਡੀਕਲ ਕਰਵਾਉਣ ਲਈ ਸਰਕਾਰੀ ਹਸਪਤਾਲ ਸੁਰਸਿੰਘ ਵਿਖੇ ਭੇਜ ਦਿੱਤਾ ਗਿਆ। ਜਿੱਥੇ ਇਨ੍ਹਾਂ ਚਾਰ ਪੁਲਸ ਮੁਲਾਜ਼ਮਾਂ ਦਾ ਮੈਡੀਕਲ ਕਰਵਾਇਆ ਗਿਆ ।
ਇਹ ਵੀ ਪੜ੍ਹੋ: ਕੇਜਰੀਵਾਲ ਸਰਕਾਰ ਮਿਆਰੀ ਸਕੂਲ ਸਿੱਖਿਆ ਮਾਡਲ ਲਾਗੂ ਕਰਨ ਬਾਰੇ ਪੰਜਾਬ ਤੋਂ ਸਿੱਖੇ : ਸਿੰਗਲਾ
ਦੱਸਣਯੋਗ ਗੱਲ ਇਹ ਵੀ ਹੈ ਕਿ ਸਰਕਾਰੀ ਹਸਪਤਾਲ ਸੁਰਸਿੰਘ ਵਿਖੇ 4 ਪੁਲਸ ਮੁਲਾਜ਼ਮਾਂ ਦੇ ਮੈਡੀਕਲ ਦੇ ਸੈਂਪਲ ਲੈਣ ਤੋਂ ਬਾਅਦ ਪੁਲਸ ਮੁਲਾਜ਼ਮਾਂ ਵੱਲੋਂ ਕਰੀਬ 20 ਮਿੰਟ ਤੱਕ ਡਾਕਟਰਾਂ ਨਾਲ ਗੁਪਤ ਮੀਟਿੰਗ ਕੀਤੀ ਗਈ। ਜੋ ਕਿ ਡਾਕਟਰਾਂ ਤੇ ਪੁਲਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਗੁਪਤ ਮੀਟਿੰਗ ਕਈ ਸਵਾਲ ਖੜ੍ਹੇ ਕਰ ਰਹੀ ਹੈ । ਜੋ ਕਿ ਪੀੜਤ ਨੌਜਵਾਨ ਦੇ ਪਰਿਵਾਰ ਵੱਲੋਂ ਡਿਊਟੀ 'ਤੇ ਮੌਜੂਦ ਮਹਿਲਾ ਡਾਕਟਰ ਨੂੰ ਮੁਲਾਜ਼ਮ ਦੇ ਲਏ ਗਏ ਸੈਂਪਲਾਂ ਨੂੰ ਸੀਲ ਕਰਨ ਲਈ ਵਾਰ-ਵਾਰ ਕਿਹਾ ਗਿਆ। ਪ੍ਰੰਤੂ ਮਹਿਲਾ ਡਾਕਟਰ ਵੱਲੋਂ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਗਿਆ । ਪੀੜਤ ਪਰਿਵਾਰ ਨੇ ਮੁਲਾਜ਼ਮਾਂ ਦੇ ਮੈਡੀਕਲ ਦੇ ਲਏ ਗਏ ਸੈਂਪਲਾਂ ਵਿੱਚ ਹੇਰਾ ਫੇਰੀ ਹੋਣ ਦੀ ਅਸ਼ੰਕਾ ਜਤਾਈ ਹੈ।
ਉੱਧਰ ਥਾਣਾ ਭਿੱਖੀਵਿੰਡ ਦੀ ਪੁਲਸ ਆਪਣੇ ਹੀ ਮੁਲਾਜ਼ਮਾਂ ਦਾ ਪੱਖ ਪੂਰਦੀ ਨਜ਼ਰ ਆਈ । ਉਥੇ ਹੀ ਮੌਕੇ 'ਤੇ ਪਹੁੰਚੇ ਨਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ ਰਜਿੰਦਰ ਕੁਮਾਰ ਬੱਬੂ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਘਟਨਾ ਹੈ ਕਿ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਵਾਲੇ ਪੁਲਸ ਮੁਲਾਜ਼ਮ ਹੀ ਲੋਕਾ ਦੀ ਕੁੱਟਮਾਰ ਕਰ ਰਹੇ ਹਨ। ਉਨ੍ਹਾਂ ਜ਼ਿਲ੍ਹਾ ਤਰਨਤਾਰਨ ਦੇ ਐੱਸ.ਐੱਸ.ਪੀ ਧਰੁਮਨ ਐੱਚ ਨਿੰਬਲੇ ਅਤੇ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ.ਐੱਸ.ਪੀ ਰਾਜਬੀਰ ਸਿੰਘ ਪਾਸੋਂ ਮੰਗ ਕੀਤੀ ਕਿ ਅਜਿਹੇ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲੇ ਚਾਰੇ ਪੁਲਸ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ । ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਪੁਲਸ ਦੇ ਉੱਚ ਅਧਿਕਾਰੀ ਅਤੇ ਜ਼ਿਲ੍ਹਾ ਤਰਨਤਾਰਨ ਦੇ ਮੁਖੀ ਐੱਸ.ਐੱਸ.ਪੀ ਧਰੁਮਨ ਐੱਚ ਨਿੰਬਾਲੇ ਇਸ ਸਬੰਧੀ ਕੀ ਠੋਸ ਕਾਰਵਾਈ ਕਰਦੇ ਹਨ।