ਮੁੱਖ ਮੰਤਰੀ ਅਮਰਿੰਦਰ ਨੂੰ ਅੱਤਵਾਦੀਆਂ ਤੋਂ ਮਿਲੀਆਂ ਧਮਕੀਆਂ ਦੀ ਪੰਜਾਬ ਪੁਲਸ ਨੇ ਸ਼ੁਰੂ ਕੀਤੀ ਜਾਂਚ

Thursday, Aug 12, 2021 - 02:22 AM (IST)

ਜਲੰਧਰ(ਧਵਨ)– ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੀਤੇ ਦਿਨੀਂ ਅੱਤਵਾਦੀਆਂ ਵੱਲੋਂ ਮਿਲੀਆਂ ਧਮਕੀਆਂ ਨੂੰ ਦੇਖਦੇ ਹੋਏ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਨੇ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਤੇ ਸੂਬਾ ਸਰਕਾਰ ਦੀਆਂ ਏਜੰਸੀਆਂ ਨੇ ਇਸ ਮਾਮਲੇ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ ਕਿ ਇਨ੍ਹਾਂ ਧਮਕੀਆਂ ਪਿੱਛੇ ਕਿਹੜੇ-ਕਿਹੜੇ ਸੰਗਠਨ ਹੋ ਸਕਦੇ ਹਨ।

ਆਲਾ ਅਧਿਕਾਰੀਆਂ ਤੋਂ ਪਤਾ ਲੱਗਾ ਹੈ ਕਿ ਕੇਂਦਰੀ ਅਤੇ ਸੂਬਾ ਸਰਕਾਰ ਦੀਆਂ ਏਜੰਸੀਆਂ ਇਸ ਗੱਲ ਦਾ ਪਤਾ ਲਗਾਉਣ ਵਿਚ ਲੱਗੀਆਂ ਹੋਈਆਂ ਹਨ ਕਿ ਮੁੱਖ ਮੰਤਰੀ ਨੂੰ ਧਮਕੀਆਂ ਦੇਣ ਵਾਲਿਆਂ ਪਿੱਛੇ ਕਿਹੜੇ-ਕਿਹੜੇ ਸੰਗਠਨ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦਾ ਪਾਕਿਸਤਾਨ ਨਾਲ ਕੀ ਕੁਨੈਕਸ਼ਨ ਹੈ। ਪੰਜਾਬ ਦੇ ਡੀ. ਜੀ. ਪੀ. ਨੇ ਬੀਤੇ ਦਿਨੀਂ ਖੁਲਾਸਾ ਕੀਤਾ ਸੀ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਅੱਤਵਾਦੀਆਂ ਅਤੇ ਪਾਕਿਸਤਾਨ ਖ਼ਿਲਾਫ਼ ਖੁੱਲ੍ਹ ਕੇ ਬੋਲ ਰਹੇ ਹਨ ਅਤੇ ਜ਼ੈੱਡ ਪਲੱਸ ਕੈਟਾਗਰੀ ਵਿਚ ਹੋਣ ਕਾਰਨ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਹਨ। ਪੁਲਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਸਿੱਖ ਫਾਰ ਜਸਟਿਸ ਤੋਂ ਇਲਾਵਾ ਪਾਕਿਸਤਾਨ ਅਤੇ ਉਸਦੀ ਏਜੰਸੀ ਆਈ. ਐੱਸ. ਆਈ. ਖ਼ਿਲਾਫ਼ ਲਗਾਤਾਰ ਸਟੈਂਡ ਲੈ ਰਹੇ ਹਨ।

ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਸਿੰਘ ਦੀ PM ਮੋਦੀ ਨਾਲ ਮੁਲਾਕਾਤ, ਖੇਤੀ ਕਾਨੂੰਨ ਰੱਦ ਕਰਨ ਦੀ ਕੀਤੀ ਮੰਗ

ਇਹ ਵੀ ਪਤਾ ਲੱਗਾ ਹੈ ਕਿ ਕੈਪਟਨ ਵੱਲੋਂ ਖਾਲਿਸਤਾਨੀ ਸੰਗਠਨਾਂ ਖ਼ਿਲਾਫ਼ ਵੀ ਸਖ਼ਤ ਸਟੈਂਡ ਲਿਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਉਨ੍ਹਾਂ ਨੇ ਕੱਲ ਦਿੱਲੀ ਵਿਚ ਮੁਲਾਕਾਤ ਕਰ ਕੇ ਪਾਕਿਸਤਾਨ ਤੇ ਉਸਦੀ ਖੁਫੀਆ ਏਜੰਸੀ ਆਈ. ਐੱਸ. ਆਈ. ਵੱਲੋਂ ਪੰਜਾਬ ਵਿਚ ਆਪਣੀਆਂ ਸ਼ਰਗਰਮੀਆਂ ਫਿਰ ਤੋਂ ਸ਼ੁਰੂ ਕਰਨ ਅਤੇ ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਭੇਜਣ ਦਾ ਮਾਮਲਾ ਧਿਆਨ ਵਿਚ ਲਿਆਂਦਾ ਹੈ। ਆਲਾ ਪੁਲਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੈਪਟਨ ਵੱਲੋਂ ਲਏ ਸਟੈਂਡ ਕਾਰਨ ਸੁਭਾਵਿਕ ਤੌਰ ’ਤੇ ਉਹ ਪਾਕਿਸਤਾਨ ਅਤੇ ਖਾਲਿਸਤਾਨੀ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ। ਕੁੱਲ ਮਿਲਾ ਕੇ ਜਾਂਚ ਦਾ ਕੰਮ ਉੱਚ ਪੱਧਰ ’ਤੇ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਮੁੱਖ ਮੰਤਰੀ ਵੱਲੋਂ 18 ਸੂਤਰੀ ਏਜੰਡੇ ’ਤੇ ਸ਼ੁਰੂ ਕੀਤੀ ਗਈ ਕਾਰਵਾਈ ਤੋਂ ਕਾਂਗਰਸ ਪ੍ਰਧਾਨ ਸੰਤੁਸ਼ਟ : ਰਾਵਤ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਧ ਚੌਕਸੀ ਦੀ ਲੋੜ
ਆਲਾ ਪੁਲਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ ਪਹਿਲਾਂ ਸੂਬੇ ’ਚ ਵੱਧ ਚੌਕਸੀ ਦੀ ਲੋੜ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧ ਵਿਚ ਡੀ. ਜੀ. ਪੀ. ਅਤੇ ਹੋਰ ਆਲਾ ਪੁਲਸ ਅਧਿਕਾਰੀਆਂ ਨੂੰ ਪਹਿਲਾਂ ਹੀ ਚੌਕਸ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਆਲਾ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਣਾ ਕੇ ਰੱਖਣ। ਵਿਧਾਨ ਸਭਾ ਦੀਆਂ 2017 ਵਿਚ ਜਦੋਂ ਚੋਣਾਂ ਹੋਈਆਂ ਸਨ, ਉਸ ਸਮੇਂ ਵੀ ਅੱਤਵਾਦੀ ਸੰਗਠਨਾਂ ਨੇ ਇਲਾਕਾ ਮੌੜ ’ਚ ਬੰਬ ਧਮਾਕਾ ਕੀਤਾ ਸੀ। ਹੁਣ ਆਜ਼ਾਦੀ ਦਿਹਾੜੇ ਕਾਰਨ ਸੂਬੇ ਵਿਚ ਸੁਰੱਖਿਆ ਵਧਾਈ ਗਈ ਹੈ। ਉਸ ਤੋਂ ਬਾਅਦ ਵੀ ਪੁਲਸ ਵੱਲੋਂ ਲਗਾਤਾਰ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ ’ਤੇ ਆਉਣ ਵਾਲੇ ਆਗੂਆਂ ਅਤੇ ਹੋਰ ਲੋਕਾਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।


Bharat Thapa

Content Editor

Related News