ਪੰਜਾਬ ਪੁਲਸ ਵੱਲੋਂ ਸੂਬੇ ਭਰ ’ਚ ਨਾਈਟ ਡੌਮੀਨੇਸ਼ਨ ਆਪ੍ਰੇਸ਼ਨ ਲਈ 135 ਗਜ਼ਟਿਡ ਅਫ਼ਸਰ ਤਾਇਨਾਤ
Thursday, Nov 25, 2021 - 10:34 PM (IST)
ਚੰਡੀਗੜ੍ਹ (ਬਿਊਰੋ)-ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਪੰਜਾਬ ਪੁਲਸ ਦੇ ਵੱਖ-ਵੱਖ ਰੈਂਕਾਂ ਦੇ ਲੱਗਭਗ 135 ਗਜ਼ਟਿਡ ਅਫਸਰਾਂ ਨੂੰ ਸੂਬੇ ਭਰ ’ਚ ਕਿਸੇ ਵੀ ਕਿਸਮ ਦੀ ਅੱਤਵਾਦੀ ਜਾਂ ਅਪਰਾਧਿਕ ਗਤੀਵਿਧੀ ਨੂੰ ਰੋਕਣ ਲਈ ਨਾਈਟ ਡੌਮੀਨੇਸ਼ਨ ਅਪ੍ਰੇਸ਼ਨਾਂ ਲਈ ਤਾਇਨਾਤ ਕੀਤਾ ਗਿਆ ਹੈ। ਪੰਜਾਬ ਦੇ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅਸੀਂ ਸੂਬੇ ਭਰ ’ਚ ਰਾਤ ਦੀ ਗਸ਼ਤ ਤੇਜ਼ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਉੱਪ ਮੁੱਖ ਮੰਤਰੀ ਰੰਧਾਵਾ ਨੇ ਮੰਗਲਵਾਰ ਨੂੰ ਅੰਮ੍ਰਿਤਸਰ ’ਚ ਕ੍ਰਾਈਮ ਰੀਵੀਊ (ਅਪਰਾਧ ਸਮੀਖਿਆ) ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਪੁਲਸ ਫੋਰਸ ਨੂੰ ਸੂਬੇ ਭਰ ’ਚ ਰਾਤ ਦੀ ਗਸ਼ਤ ਵਧਾਉਣ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਕਾਨੂੰਨ ਵਿਵਸਥਾ ਬਣਾਈ ਰੱਖਣ ਨੂੰ ਯਕੀਨੀ ਬਣਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਉਪ ਮੁੱਖ ਮੰਤਰੀ ਨੇ ਰਾਤ ਦੀ ਗਸ਼ਤ ਲਈ ਤਾਇਨਾਤ ਗਜ਼ਟਿਡ ਅਫ਼ਸਰਾਂ ਨੂੰ ਖੁਦ ਅਚਨਚੇਤ ਕਾਲ ਕਰ ਕੇ ਇਹ ਯਕੀਨੀ ਬਣਾਇਆ ਕਿ ਉਹ ਆਪਣੇ ਕੰਮ ’ਤੇ ਮੌਜੂਦ ਹਨ ਜਾਂ ਨਹੀਂ। ਇਹ ਕਾਰਵਾਈ ਉਸ ਸਮੇਂ ਹੋਈ, ਜਦੋਂ ਪੰਜਾਬ ’ਚ ਹੋਰ ਹਥਿਆਰਾਂ ਦੇ ਨਾਲ-ਨਾਲ ਹੈਂਡ ਗ੍ਰਨੇਡਾਂ ਅਤੇ ਟਿਫਿਨ ਬੰਬਾਂ ਦੀ ਵੱਡੀ ਆਮਦ ਹੋ ਰਹੀ ਹੈ। ਹਾਲ ਹੀ ’ਚ ਸੂਬੇ ’ਚ ਸੀ.ਆਈ.ਏ. ਨਵਾਂਸ਼ਹਿਰ ਅਤੇ ਪਠਾਨਕੋਟ ਦੇ ਛਾਉਣੀ ਖੇਤਰ ’ਚ ਦੋ ਬੰਬ ਧਮਾਕੇ ਹੋਣ ਤੋਂ ਇਲਾਵਾ ਜ਼ੀਰਾ ਖੇਤਰ ਤੋਂ ਇਕ ਬਿਨਾਂ ਚੱਲੇ ਹੈਂਡ ਗ੍ਰਨੇਡ ਦੀ ਬਰਾਮਦਗੀ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਖੇਤਾਂ ਨੂੰ ਪਾਣੀ ਲਾਉਣ ਗਏ ਕਿਸਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਡੀ.ਜੀ.ਪੀ਼ ਨੇ ਦੱਸਿਆ ਕਿ ਹਰੇਕ ਪੁਲਸ ਜ਼ਿਲ੍ਹੇ ਨੂੰ ਸੈਕਟਰਾਂ ’ਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਲਈ ਡੀ.ਐੱਸ.ਪੀ. ਜਾਂ ਐੱਸ.ਪੀ. ਰੈਂਕ ਦਾ ਇਕ ਗਜ਼ਟਿਡ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ, ਜੋ ਆਪਣੇ ਅਧਿਕਾਰ ਖੇਤਰ ’ਚ ਰਾਤ ਦੀ ਗਸ਼ਤ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਰੁਟੀਨ ਨਾਕਿਆਂ ਜਾਂ ਵਾਹਨਾਂ ਦੀ ਚੈਕਿੰਗ ਤੋਂ ਇਲਾਵਾ ਤਾਇਨਾਤ ਕੀਤੇ ਗਏ ਅਫ਼ਸਰਾਂ ਨੂੰ ਸੰਵੇਦਨਸ਼ੀਲ ਥਾਵਾਂ, ਜਿਵੇਂ ਕਿ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਧਾਰਮਿਕ ਸਥਾਨਾਂ, ਆਰ.ਐੱਸ.ਐੱਸ. ਸ਼ਾਖਾਵਾਂ ਅਤੇ ਹੋਰ ਮਹੱਤਵਪੂਰਨ ਸਥਾਨਾਂ ’ਤੇ ਵੀ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਪੁਲਸ ਕਮਿਸ਼ਨਰਾਂ/ਐੱਸ.ਐੱਸ.ਪੀਜ਼ ਨੂੰ ਵੀ ਡਰੋਨਾਂ ਅਤੇ ਸੰਵੇਦਨਸ਼ੀਲ ਖੇਤਰਾਂ ’ਚ ਘੁੰਮਣ ਵਾਲੇ ਸ਼ੱਕੀ ਵਿਅਕਤੀਆਂ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਡੀ.ਜੀ.ਪੀ. ਨੇ ਸੀ.ਪੀਜ਼/ਐੱਸ. ਐੱਸ.ਪੀਜ਼ ਨੂੰ ਸਾਰੇ ਪੀ.ਸੀ.ਆਰ./ਆਰ.ਆਰ.ਪੀ.ਐੱਸ. ਵਾਹਨਾਂ ਅਤੇ ਬੁਲੇਟ ਪਰੂਫ ਮੋਰਚਿਆਂ ਦੀ ਵਰਤੋਂ ਸੰਵੇਦਨਸ਼ੀਲ ਥਾਵਾਂ ਨੂੰ ਕਵਰ ਕਰਨ ਦੇ ਨਾਲ-ਨਾਲ ਸਾਰੇ ਕੰਟਰੋਲ ਰੂਮਾਂ ਨੂੰ ਸਰਗਰਮ ਕਰਨ ਦੇ ਹੁਕਮ ਦਿੱਤੇ।