ਪੰਜਾਬ ਪੁਲਸ ਵਲੋਂ ਛੇ ਮਹੀਨਿਆਂ ’ਚ 1447 ਵੱਡੇ ਤਸਕਰ ਗ੍ਰਿਫਤਾਰ, 565.94 ਕਿੱਲੋ ਹੈਰੋਇਨ ਬਰਾਮਦ
Monday, Jan 09, 2023 - 06:41 PM (IST)
ਚੰਡੀਗੜ੍ਹ : ਪੰਜਾਬ ਪੁਲਸ ਨੇ 5 ਜੁਲਾਈ 2022 ਤੋਂ ਹੁਣ ਤੱਕ 9917 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚ 1447 ਵੱਡੇ ਤਸਕਰ ਸ਼ਾਮਲ ਹਨ। ਪੁਲਸ ਨੇ ਕੁੱਲ 7533 ਐੱਫ. ਆਈ. ਆਰ. ਦਰਜ ਕੀਤੀਆਂ, ਜਿਨ੍ਹਾਂ ਵਿਚੋਂ 852 ਵਪਾਰਕ ਪੱਧਰ ਦੀਆ ਹਨ। ਸੋਮਵਾਰ ਨੂੰ ਇੱਥੇ ਆਪਣੀ ਹਫਤਾਵਾਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇੰਸਪੈਕਟਰ ਜਨਰਲ ਆਫ ਪੁਲਸ (ਆਈ. ਜੀ. ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਟੀਮਾਂ ਨੇ ਸੂਬੇ ਭਰ ’ਚ ਨਸ਼ਾ ਪ੍ਰਭਾਵਿਤ ਇਲਾਕਿਆਂ ’ਚ ਨਾਕਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ ਅਤੇ ਸੂਬੇ ਭਰ ਦੇ ਸੰਵੇਦਨਸ਼ੀਲ ਰੂਟਾਂ ’ਤੇ ਨਾਕੇ ਲਗਾ ਕੇ 418.44 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਪੁਲਸ ਦੀਆਂ ਟੀਮਾਂ ਵੱਲੋਂ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ 147.5 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਸਿਰਫ ਛੇ ਮਹੀਨਿਆਂ ਵਿਚ ਹੈਰੋਇਨ ਦੀ ਕੁੱਲ ਪ੍ਰਭਾਵੀ ਰਿਕਵਰੀ 565.94 ਕਿੱਲੋ ਹੋ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਡ ਦਰਮਿਆਨ ਪੈਦਾ ਹੋਇਆ ਇਕ ਹੋਰ ਸੰਕਟ, ਵੱਜੀ ਖਤਰੇ ਦੀ ਘੰਟੀ
ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ ਆਈ.ਜੀ.ਪੀ. ਨੇ ਦੱਸਿਆ ਕਿ ਪੁਲਸ ਨੇ ਸੂਬੇ ਭਰ ਵਿਚੋਂ 407 ਕਿੱਲੋ ਅਫੀਮ, 407 ਕਿੱਲੋ ਗਾਂਜਾ, 233 ਕੁਇੰਟਲ ਭੁੱਕੀ ਅਤੇ 33.88 ਲੱਖ ਨਸ਼ੇ ਦੀਆਂ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ। ਪੁਲਸ ਨੇ ਇਨਾਂ ਛੇ ਮਹੀਨਿਆਂ ਵਿਚ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿਚੋਂ 7.72 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਹਫਤਾਵਾਰੀ ਅਪਡੇਟ ਦਿੰਦੇ ਹੋਏ ਆਈ. ਜੀ. ਪੀ. ਨੇ ਦੱਸਿਆ ਕਿ ਪਿਛਲੇ ਇਕ ਹਫਤੇ ਵਿਚ ਪੁਲਿਸ ਨੇ 247 ਐੱਫ. ਆਈ. ਆਰ. ਜਿਨ੍ਹਾਂ ਵਿਚ 19 ਵਪਾਰਕ ਮਾਮਲੇ ਸ਼ਾਮਲ ਹਨ, ਦਰਜ ਕਰਕੇ 311 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 11.76 ਕਿੱਲੋ ਹੈਰੋਇਨ, 9.87 ਕਿੱਲੋ ਅਫੀਮ, 6.37 ਕੁਇੰਟਲ ਭੁੱਕੀ, ਅਤੇ ਫਾਰਮਾ ਓਪੀਔਡਜ ਦੀਆਂ 32118 ਨਸ਼ੇ ਦੀਆਂ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਤੋਂ ਇਲਾਵਾ 2.88 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।
ਇਹ ਵੀ ਪੜ੍ਹੋ : ਪੰਜਾਬ ’ਚ ਹੱਡ ਚੀਰਵੀਂ ਠੰਡ ਦਾ ਦੌਰ ਜਾਰੀ, ਸੂਬਾ ਸਰਕਾਰ ਵਲੋਂ ਬੱਚਿਆਂ ਦੀਆਂ ਛੁੱਟੀਆਂ ’ਚ ਵਾਧਾ
ਉਨ੍ਹਾਂ ਕਿਹਾ ਕਿ 5 ਜੁਲਾਈ 2022 ਨੂੰ ਪੀ.ਓਜ਼/ਭਗੌੜਿਆਂ ਨੂੰ ਗ੍ਰਿਫਤਾਰ ਕਰਨ ਦੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ, ਪਿਛਲੇ ਇਕ ਹਫਤੇ ਦੌਰਾਨ 13 ਹੋਰ ਭਗੌੜੇ ਐੱਨ. ਡੀ. ਪੀ. ਐੱਸ. ਕੇਸਾਂ ਵਿਚ ਗ੍ਰਿਫਤਾਰ ਕੀਤੇ ਜਾਣ ਨਾਲ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 608 ਤੱਕ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਸਾਰੇ ਸੀ. ਪੀਜ਼/ਐੱਸ. ਐੱਸ. ਪੀਜ਼ ਨੂੰ ਸਖਤ ਹਦਾਇਤਾਂ ਦਿੱਤੀਆਂ ਸਨ ਕਿ ਉਹ ਹਰੇਕ ਮਾਮਲੇ ਵਿਚ ਖਾਸ ਤੌਰ ’ਤੇ ਨਸ਼ਿਆਂ ਦੀ ਬਰਾਮਦਗੀ ਨਾਲ ਸਬੰਧਤ ਸਾਰੀਆਂ ਕੜੀਆਂ ਦੀ ਬਾਰੀਕੀ ਨਾਲ ਜਾਂਚ ਕਰਨ, ਭਾਵੇਂ ਉਨ੍ਹਾਂ ਕੋਲੋਂ ਮਾਮੂਲੀ ਮਾਤਰਾ ਵਿਚ ਵੀ ਜ਼ਬਤੀ ਹੋਈ ਹੋਵੇ।
ਇਹ ਵੀ ਪੜ੍ਹੋ : ਪੰਜਾਬ ’ਚ ਅਜੇ ਜਾਰੀ ਰਹੇਗਾ ਹੱਡ ਚੀਰਵੀਂ ਠੰਡ ਦਾ ਦੌਰ, ਮੌਸਮ ਵਿਭਾਗ ਨੇ ਜਾਰੀ ਕੀਤਾ ਬੁਲੇਟਿਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।