ਪੰਜਾਬ ਪੁਲਸ ਅਕੈਡਮੀ 'ਚ ਚੱਲ ਰਹੇ ਡਰੱਗ ਰੈਕਟ ਦੇ ਮਾਮਲੇ 'ਚ ਕਾਰਵਾਈ ਲਈ ਡੀ. ਜੀ. ਪੀ. 'ਤੇ ਟਿਕੀਆਂ ਨਜ਼ਰਾਂ

Tuesday, May 10, 2022 - 12:49 PM (IST)

ਫਿਲੌਰ (ਭਾਖੜੀ) : ਪੰਜਾਬ ਪੁਲਸ ਅਕੈਡਮੀ ’ਚ ਫੈਲੇ ਡਰੱਗ ਰੈਕੇਟ ਦਾ ਪਰਦਾਫਾਸ਼ ਹੋਣ ਤੋਂ ਬਾਅਦ ਹੁਣ ਕਾਰਵਾਈ ਨੂੰ ਲੈ ਕੇ ਹਰ ਕਿਸੇ ਦੀਆਂ ਨਜ਼ਰਾਂ ਉੱਚ ਅਧਿਕਾਰੀਆਂ ਨੂੰ ਵਿਸ਼ੇਸ਼ ਕਰ ਕੇ ਡੀ. ਜੀ. ਪੀ. ਅਤੇ ਮੁੱਖ ਮੰਤਰੀ ’ਤੇ ਟਿਕੀਆਂ ਹੋਈਆਂ ਹਨ। ਅੱਜ ਡੀ. ਜੀ. ਪੀ. ਦੇ ਅਕੈਡਮੀ ਪੁੱਜਣ ’ਤੇ ਮੀਡੀਆ ਨੂੰ ਉਨ੍ਹਾਂ ਤੋਂ ਦੂਰ ਰੱਖਿਆ ਗਿਆ। ਦੂਜੇ ਪਾਸੇ ਮੁੱਖ ਮੰਤਰੀ ਨੇ ਪੁਲਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਅਕੈਡਮੀ ਵਿਚ ਚੱਲ ਰਹੇ ਡਰੱਗ ਰੈਕੇਟ ਦੀ ਜਾਂਚ ਲਈ ਅੱਜ ਇਕ ਹੋਰ ਕਮੇਟੀ ਦਾ ਗਠਨ ਵੀ ਹੋਇਆ। ਜਗ ਬਾਣੀ ਵਲੋਂ ਪੁਲਸ ਅਕੈਡਮੀ ਵਿਚ ਕਰਮਚਾਰੀਆਂ ਵਲੋਂ ਨਸ਼ੇ ਦਾ ਸੇਵਨ ਕਰਨ ਅਤੇ ਉਸ ਨੂੰ ਵੇਚਣ ਦੇ ਰੈਕੇਟ ਦਾ ਪਰਦਾਫਾਸ਼ ਹੁੰਦੇ ਹੀ ਪੂਰੇ ਪੁਲਸ ਵਿਭਾਗ ਵਿਚ ਹੁੜਦੰਗ ਮਚ ਗਿਆ। ਮੌਜੂਦਾ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਜਿਸ ਖਾਕੀ ਵਰਦੀ ਦੇ ਮੋਢਿਆਂ ’ਤੇ ਜ਼ਿੰਮੇਵਾਰੀ ਸੌਂਪੀ ਹੋਈ ਹੈ, ਉਸੇ ਦੇ ਖੁਦ ਦੇ ਕਰਮਚਾਰੀ ਹੀ ਕਾਨੂੰਨ ਨੂੰ ਤਾਕ ’ਤੇ ਰੱਖ ਕੇ ਅਕੈਡਮੀ ਵਿਚ ਖੁੱਲ੍ਹੇਆਮ ਨਸ਼ੇ ਦਾ ਰੈਕੇਟ ਚਲਾ ਰਹੇ ਸਨ। ਉਕਤ ਘਟਨਾ ਤੋਂ ਪਰਦਾ ਉਦੋਂ ਉਠਿਆ ਜਦੋਂ ਚਿੱਟੇ ਦੀ ਓਵਰਡੋਜ਼ ਨਾਲ ਇਕ ਹੌਲਦਾਰ ਰੈਂਕ ਦੇ ਮੁਲਾਜ਼ਮ ਦੀ ਤਬੀਅਤ ਵਿਗੜ ਗਈ ਅਤੇ ਉਸ ਨੂੰ ਇਲਾਜ ਲਈ ਜਦੋਂ ਦਯਾਨੰਦ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਮੁਤਾਬਕ ਉਕਤ ਕਰਮਚਾਰੀ ਦੇ ਸਰੀਰ ਵਿਚ ਇਕ ਵੀ ਨਸ ਅਜਿਹੀ ਨਹੀਂ ਬਚੀ, ਜਿਸ ਵਿਚ ਉਸ ਨੇ ਨਸ਼ੇ ਦਾ ਸੇਵਨ ਕਰਨ ਲਈ ਚਿੱਟੇ ਦਾ ਇੰਜੈਕਸ਼ਨ ਨਾ ਲਾਇਆ ਹੋਵੇ, ਇਸੇ ਕਾਰਨ ਉਸ ਦਾ ਇਲਾਜ ਕਰਨ ਵਿਚ ਵੀ ਸਮੱਸਿਆ ਆ ਰਹੀ ਹੈ।

 

ਇਹ ਵੀ ਪੜ੍ਹੋ : ਜਲਾਲਾਬਾਦ ’ਚ ਵਾਪਰਿਆ ਵੱਡਾ ਹਾਦਸਾ : ਮਿੰਨੀ ਬੱਸ ਪਲਟਣ ਨਾਲ 4 ਦੀ ਹੋਈ ਮੌਤ

ਉਕਤ ਘਟਨਾ ਤੋਂ ਬਾਅਦ ਜਦੋਂ ਅਧਿਕਾਰੀਆਂ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਤਾਂ ਇਕ ਪਾਸੇ ਪੁਲਸ ਮੁਲਾਜ਼ਮ ਨੇ ਸਾਹਮਣੇ ਤੋਂ ਆ ਕੇ ਆਪਣੇ ਜੋ ਬਿਆਨਾਂ ਵਿਚ ਸਨਸਨੀਖੇਜ਼ ਖੁਲਾਸੇ ਕੀਤੇ, ਉਸ ਤੋਂ ਪਤਾ ਲੱਗਾ ਕਿ ਕਿਵੇਂ ਪੁਲਸ ਕਰਮਚਾਰੀ ਵੀ ਦੂਜੇ ਪੁਲਸ ਮੁਲਾਜ਼ਮਾਂ ਨੂੰ ਨਸ਼ੇ ਦੇ ਜਾਲ ਵਿਚ ਫਸਾ ਕੇ ਉਨ੍ਹਾਂ ਨੂੰ ਨਾ ਸਿਰਫ ਇਸ ਦਲਦਲ ਵਿਚ ਫਸਾ ਦਿੰਦੇ ਹਨ ਸਗੋਂ ਇਸ ਨਸ਼ੇ ਨੂੰ ਖਰੀਦਣ ਲਈ ਉਹ ਪੁਲਸ ਮੁਲਾਜ਼ਮ ਉਮਰ ਭਰ ਲਈ ਕਰਜ਼ਦਾਰ ਵੀ ਹੋ ਰਹੇ ਹਨ। ਉਸ ਨੇ ਇਹ ਵੀ ਸਪੱਸ਼ਟ ਦੱਸਿਆ ਕਿ ਉਸ ਮੁਤਾਬਕ ਅਕੈਡਮੀ ਵਿਚ ਉਸ ਵਰਗੇ 8 ਤੋਂ 10 ਮੁਲਾਜ਼ਮ ਹੋਰ ਹਨ, ਜੋ ਨਸ਼ੇ ਦੇ ਜਾਲ ਵਿਚ ਫੱਸ ਚੁੱਕੇ ਹਨ।

ਪੁਲਸ ਅਕੈਡਮੀ ’ਚ ਅਨੁਸ਼ਾਸਨਹੀਣਤਾ ਖਾਕੀ ’ਤੇ ਵੱਡਾ ਸਵਾਲ

ਪੁਲਸ ਅਕੈਡਮੀ ਵਿਚ ਫੈਲੀ ਅਨੁਸ਼ਾਸਨਹੀਣਤਾ ਖਾਕੀ ਵਰਦੀ ’ਤੇ ਵੱਡਾ ਸਵਾਲ ਖੜਾ ਕਰਦੀ ਹੈ ਕਿਉਂਕਿ ਇਸੇ ਅਕੈਡਮੀ ਵਿਚ ਦੇਸ਼ ਭਰ ਤੋਂ ਅਾਏ ਪੁਲਸ ਮੁਲਾਜ਼ਮਾਂ ਨੂੰ ਟ੍ਰੇਨਿੰਗ ਦੇ ਕੇ ਤਿਆਰ ਕੀਤਾ ਜਾਂਦਾ ਹੈ। ਜੇਕਰ ਉਹ ਟ੍ਰੇਨਿੰਗ ਦੌਰਾਨ ਹੀ ਨਸ਼ੇ ਦੀ ਆਦਤ ਦਾ ਸ਼ਿਕਾਰ ਹੋ ਜਾਣਗੇ ਅਤੇ ਅਨੁਸ਼ਾਸਨ ਨੂੰ ਬਰਕਰਾਰ ਨਹੀਂ ਰੱਖ ਸਕਣਗੇ ਤਾਂ ਬਾਹਰ ਨਿਕਲ ਕੇ ਕਾਨੂੰਨ ਦੀ ਪਾਲਣਾ ਕਿਵੇਂ ਕਰ ਸਕਣਗੇ।

ਦਾਗੀ ਪੁਲਸ ਮੁਲਾਜ਼ਮਾਂ ਦਾ ਪਤਾ ਕਰਨ ਲਈ ਕਮੇਟੀ ਗਠਿਤ

ਨਸ਼ੇ ਦੇ ਰੈਕੇਟ ਦੀ ਖਬਰ ਛਪਣ ਤੋਂ ਬਾਅਦ ਉਂਝ ਤਾਂ ਚੰਡੀਗੜ੍ਹ ਵਿਚ ਬੈਠੇ ਉੱਚ ਅਧਿਕਾਰੀਆਂ ਨੇ ਆਪਣੇ ਪੱਧਰ ’ਤੇ ਕਮੇਟੀ ਦਾ ਗਠਨ ਕਰ ਦਿੱਤਾ ਸੀ ਅਤੇ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਅਕੈਡਮੀ ਵਿਚ ਵੀ ਇਕ ਉੱਚ ਅਧਿਕਾਰੀਆਂ ਦੀ ਕਮੇਟੀ ਬਿਠਾ ਦਿੱਤੀ ਗਈ ਹੈ, ਜਿਸ ਵਿਚ ਡੀ. ਐੱਸ. ਪੀ. ਅਤੇ ਇੰਸਪੈਕਟਰ ਰੈਂਕ ਦੇ ਅਧਿਕਾਰੀ ਸ਼ਾਮਲ ਕੀਤੇ ਗਏ ਹਨ। ਉਹ ਇਸ ਗੱਲ ਦਾ ਪਤਾ ਲਗਾ ਕੇ ਇਸ ਦੀ ਰਿਪੋਰਟ ਦੇਣਗੇ ਕਿ ਕਿਹੜੇ ਮੁਲਾਜ਼ਮ ਨਸ਼ੇ ਦੀ ਆਦਤ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਕਿਹੜੇ ਮੁਲਾਜ਼ਮ ਹਨ ਜੋ ਇਸ ਦੀ ਅੰਦਰ ਸਮੱਗਲਿੰਗ ਕਰ ਰਹੇ ਹਨ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਣ ਤੋਂ ਬਾਅਦ ਸੰਗਰੂਰ ਦਾ SP ਰੈਂਕ ਦਾ ਅਧਿਕਾਰੀ ਫ਼ਰਾਰ, ASI ਗ੍ਰਿਫ਼ਤਾਰ

ਕਾਰਵਾਈ ’ਚ ਦੇਰੀ ਨੂੰ ਲੈ ਕੇ ਵੀ ਅਧਿਕਾਰੀ ਹੈਰਾਨ

ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਪੁਲਸ ਅਕੈਡਮੀ ਵਿਚ ਨਸ਼ੇ ਦਾ ਮਾਮਲਾ ਕੋਈ ਨਵਾਂ ਨਹੀਂ ਸਗੋਂ ਲੰਬੇ ਸਮੇਂ ਤੋਂ ਚੱਲ ਰਿਹਾ ਸੀ। ਇਸ ਦਾ ਪਤਾ ਲਗਭਗ ਹਰ ਕਿਸੇ ਅਧਿਕਾਰੀ ਨੂੰ ਚੱਲ ਚੁੱਕਾ ਸੀ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਇਕ ਵੱਡੇ ਅਧਿਕਾਰੀ ਨੇ ਮੀਟਿੰਗ ਦੌਰਾਨ ਇਸ ਦਾ ਸੇਵਨ ਕਰਨ ਵਾਲੇ ਅਤੇ ਇਸ ਨੂੰ ਵੇਚਣ ਵਾਲੇ ਮੁਲਾਜ਼ਮਾਂ ਨੂੰ ਸਪੱਸ਼ਟ ਤੌਰ ’ਤੇ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਉਹ ਇਸ ਕੰਮ ਤੋਂ ਤੌਬਾ ਕਰਨ ਲੈਣ ਨਹੀਂ ਤਾਂ ਉਨ੍ਹਾਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ। ਉੱਚ ਅਧਿਕਾਰੀਆਂ ਨੇ ਅੱਜ ਵੀ ਉਸ ਚਿਤਾਵਨੀ ਦੀ ਘਟਨਾ ਦਾ ਜ਼ਿਕਰ ਮੀਟਿੰਗ ਦੌਰਾਨ ਕੀਤਾ। ਇਕ ਅਧਿਕਾਰੀ ਨੇ ਤਾਂ ਸਪੱਸ਼ਟ ਤੌਰ ’ਤੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਹੁਣ ਅੰਦਰਖਾਤੇ ਅਕੈਡਮੀ ਦੇ ਅੰਦਰ ਇਹ ਤਿEਆਰੀ ਚੱਲ ਰਹੀ ਹੈ ਕਿ ਇਕ ਮੁਲਾਜ਼ਮ ’ਤੇ ਕਾਰਵਾਈ ਕਰ ਕੇ ਦੂਜੇ ਦਾਗੀ ਮੁਲਾਜ਼ਮਾਂ ਦਾ ਪਤਾ ਕਰ ਕੇ ਉਨ੍ਹਾਂ ਨੂੰ ਆਪਣੇ ਜ਼ਿਲਿਆਂ ਵਿਚ ਵਾਪਸ ਭੇਜ ਕੇ ਅਕੈਡਮੀ ਨੂੰ ਪਾਕ ਸਾਫ ਹੋਣ ਦਾ ਸਰਟੀਫਿਕੇਟ ਦੇ ਦਿੱਤਾ ਜਾਵੇ। ਜਦਕਿ ਕੁਝ ਵੱਡੇ ਅਧਿਕਾਰੀਆਂ ਨੇ ਇਸ ਕਾਰਵਾਈ ’ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਜੇਕਰ ਇਨ੍ਹਾਂ ਦਾਗੀ ਮੁਲਾਜ਼ਮਾਂ ਨੂੰ ਬਿਨਾਂ ਸਜ਼ਾ ਦਿੱਤੇ ਛੱਡ ਦਿੱਤਾ ਗਿਆ ਤਾਂ ਬਾਹਰ ਜਨਤਾ ਵਿਚ ਗਲਤ ਸੰਦੇਸ਼ ਜਾਵੇਗਾ। ਦੂਜਾ ਇਹ ਦਾਗੀ ਮੁਲਾਜ਼ਮ ਆਪਣੀਆਂ ਹਰਕਤਾਂ ਛੱਡਣਗੇ ਨਹੀਂ ਅਤੇ ਇਹ ਆਪਣੇ ਜ਼ਿਲਿਆਂ ਵਿਚ ਜਾ ਕੇ ਦੂਜੇ ਨਵੇਂ ਮੁਲਾਜ਼ਮਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਉਨ੍ਹਾਂ ਨੂੰ ਵੀ ਦਾਗੀ ਕਰ ਦੇਣਗੇ। ਉਸ ਨੇ ਕਿਹਾ ਬਣਦਾ ਤਾਂ ਇਹ ਹੈ ਕਿ ਇਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਤੋਂ ਪਤਾ ਕਰਵਾਇਆ ਜਾਵੇ ਕਿ ਇਨ੍ਹਾਂ ਦੇ ਬਾਹਰ ਚਿੱਟੇ ਦੇ ਸਮੱਗਲਰਾਂ ਦੇ ਨਾਲ ਸੰਬੰਧ ਕਿਵੇਂ ਸਥਾਪਤ ਹੋਏ ਅਤੇ ਇਨ੍ਹਾਂ ਦਾ ਸਮੱਗਲਰਾਂ ਕੋਲੋਂ ਸਾਮਾਨ ਖਰੀਦਣ ਦਾ ਢੰਗ ਕੀ ਸੀ, ਜਿਸ ਨਾਲ ਪੁਲਸ ਵਿਭਾਗ ਵਿਚ ਫੈਲੀ ਇਸ ਬੀਮਾਰੀ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ।


Meenakshi

News Editor

Related News