ਨਸ਼ੇ ਦੇ ਨਾਜਾਇਜ਼ ਕਾਰੋਬਾਰ ਸਬੰਧੀ ਫਿਰ ਚਰਚਾ ’ਚ ਫਿਲੌਰ ਦੀ ਪੰਜਾਬ ਪੁਲਸ ਅਕੈਡਮੀ, ਖੁੱਲ੍ਹੇ ਵੱਡੇ ਰਾਜ਼

Sunday, Feb 12, 2023 - 06:34 PM (IST)

ਫਿਲੌਰ (ਭਾਖੜੀ)-ਨਸ਼ੇ ਦੇ ਨਾਜਾਇਜ਼ ਕਾਰੋਬਾਰ ਸਬੰਧੀ ਪੰਜਾਬ ਪੁਲਸ ਅਕੈਡਮੀ ਇਕ ਵਾਰ ਫਿਰ ਚਰਚਾ ਵਿਚ ਹੈ। ਹੁਣ ਪੁਲਸ ਅਕੈਡਮੀ ’ਚ ਤਾਇਨਾਤ ਪੁਲਸ ਅਧਿਕਾਰੀ ਹੀ ਧੜੱਲੇ ਨਾਲ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਵਾ ਰਹੇ ਸਨ। ਨਾਜਾਇਜ਼ ਸ਼ਰਾਬ ਵੇਚਣ ਵਾਲੇ ਵੀ ਪੁਲਸ ਅਧਿਕਾਰੀ ਅਤੇ ਖ਼ਰੀਦ ਕੇ ਪੀਣ ਵਾਲੇ ਵੀ ਟ੍ਰੇਨਿੰਗ ਲੈਣ ਵਾਲੇ ਹਨ। ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਤੋਂ ਪਰਦਾ ਉੱਠਿਆ ਤਾਂ ਮੁਕੱਦਮਾ ਦਰਜ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅਕੈਡਮੀ ਦੇ ਅੰਦਰ ਪ੍ਰਾਈਵੇਟ ਤੌਰ ’ਤੇ ਧੋਬੀ ਦਾ ਕੰਮ ਕਰਨ ਵਾਲੇ 2 ਮੁੰਡੇ ਨਾਜਾਇਜ਼ ਸ਼ਰਾਬ ਵੇਚਣ ਦੇ ਜੁਰਮ ’ਚ ਫੜੇ ਗਏ। ਪੁਲਸ ਅਕੈਡਮੀ ਦੇ ਅੰਦਰ ਪਿਛਲੇ 10 ਸਾਲਾਂ ਤੋਂ ਪ੍ਰਾਈਵੇਟ ਤੌਰ ’ਤੇ ਕੱਪੜੇ ਪ੍ਰੈੱਸ ਕਰਨ ਦਾ ਕੰਮ ਕਰਨ ਵਾਲੇ ਜਤਿੰਦਰ ਕੁਮਾਰ ਅਤੇ ਵਿੱਕੀ ਨੇ ਜ਼ਮਾਲਤ ’ਤੇ ਬਾਹਰ ਆ ਕੇ ਦੱਸਿਆ ਕਿ ਪੁਲਸ ਅਕੈਡਮੀ ਦੇ ਅੰਦਰ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਜਦੋਂ ਤੋਂ ਉਹ 10 ਸਾਲ ਪਹਿਲਾਂ ਉਥੇ ਲੱਗੇ ਸਨ, ਉਦੋਂ ਤੋਂ ਹੀ ਚੱਲ ਰਿਹਾ ਹੈ।

ਉਨ੍ਹਾਂ ਦੇ ਕਮਰੇ ਅੰਦਰ ਜੋ ਨਾਜਾਇਜ਼ ਸ਼ਰਾਬ ਦੀਆਂ ਕੁਝ ਬੋਤਲਾਂ ਮਿਲੀਆਂ ਹਨ, ਇਸ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਅੰਜਾਮ ਅਕੈਡਮੀ ’ਚ ਹੀ ਤਾਇਨਾਤ 3 ਪੁਲਸ ਅਧਿਕਾਰੀ ਦੇ ਰਹੇ ਸਨ, ਜੋ ਐੱਸ. ਆਈ. ਤੋਂ ਲੈ ਕੇ ਥਾਣੇਦਾਰ ਰੈਂਕ ਦੇ ਹਨ। ਰੋਜ਼ਾਨਾ ਸ਼ਰਾਬ ਦੀ ਪੇਟੀ ਐੱਲ. ਓ. ਸੰਤੋਖ ਰਾਮ ਉਨ੍ਹਾਂ ਦੇ ਕਮਰੇ ’ਚ ਰੱਖ ਕੇ ਜਾਂਦਾ ਸੀ। ਸ਼ਾਮ ਸਾਢੇ 6 ਵਜੇ ਪੁਲਸ ਅਕੈਡਮੀ ’ਚ ਟ੍ਰੇਨਿੰਗ ਕਰਨ ਵਾਲੇ ਮੁਲਾਜ਼ਮਾਂ ਦੀ ਜਿਵੇਂ ਹੀ ਗਿਣਤੀ ਹੁੰਦੀ ਸੀ ਤਾਂ ਉਸ ਤੋਂ ਬਾਅਦ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਸ਼ੁਰੂ ਹੋ ਜਾਂਦਾ ਸੀ। ਇਹ ਧੰਦਾ ਪਿਛਲੇ 8 ਮਹੀਨਿਆਂ ਤੋਂ ਚੱਲ ਰਿਹਾ ਸੀ।

ਇਹ ਵੀ ਪੜ੍ਹੋ : ਗੈਂਗਸਟਰਾਂ ਤੇ ਅੱਤਵਾਦੀ ਸੰਗਠਨਾਂ ਨੂੰ ਲੈ ਕੇ ਪੰਜਾਬ ਪੁਲਸ ਸਖ਼ਤ, DGP ਗੌਰਵ ਯਾਦਵ ਨੇ ਦਿੱਤਾ ਅਹਿਮ ਬਿਆਨ

ਨਾਜਾਇਜ਼ ਸ਼ਰਾਬ ਖ਼ਰੀਦਣ ਲਈ ਅਕੈਡਮੀ ਦੀ ਕੰਟੀਨ ਤੋਂ ਜਾਰੀ ਹੁੰਦਾ ਸੀ ਕੋਰਡ ਵਰਡ
ਉਨ੍ਹਾਂ ਦੱਸਿਆ ਕਿ ਨਾਜਾਇਜ਼ ਸ਼ਰਾਬ ਵਿਕਣ ’ਚ ਐੱਲ. ਓ. ਦੇ 2 ਹੋਰ ਸਹਿਯੋਗੀ ਹਨ। ਇਨ੍ਹਾਂ ’ਚ ਇਕ ਕੰਟੀਨ ਦਾ ਇੰਚਾਰਜ ਏ. ਐੱਸ. ਆਈ. ਸ਼ਾਮ ਸੁੰਦਰ ਹੈ, ਜਿਸ ਪੁਲਸ ਅਧਿਕਾਰੀ ਨੇ ਅਕੈਡਮੀ ਦੇ ਅੰਦਰੋਂ ਸ਼ਰਾਬ ਲੈਣੀ ਹੁੰਦੀ ਸੀ, ਉਹ ਕੰਟੀਨ ’ਚ ਜਾਂਦੇ ਸਨ। ਸ਼ਾਮ ਸੁੰਦਰ ਉਨ੍ਹਾਂ ਤੋਂ ਰੁਪਏ ਲੈਣ ਤੋਂ ਬਾਅਦ ਇਕ ਪਰਚੀ ’ਤੇ ਕੋਰਡ ਵਰਡ ਜਾਰੀ ਕਰਦਾ ਸੀ। ਉਹ ਅਧਿਕਾਰੀ ਪਰਚੀ ਲੈ ਕੇ ਸਿੱਧਾ ਉਨ੍ਹਾਂ ਕੋਲ ਆ ਜਾਂਦਾ ਸੀ। ਇਸੇ ਤਰ੍ਹਾਂ ਏ. ਐੱਸ. ਆਈ. ਮਨਜੀਤ ਸਿੰਘ ਵੀ ਉਨ੍ਹਾਂ ਕੋਲ ਗਾਹਕ ਭੇਜਦਾ ਸੀ। ਉਕਤ ਲੜਕਿਆਂ ਨੇ ਦੱਸਿਆ ਕਿ ਜਿਸ ਇਕ ਪੇਟੀ ਨਾਜਾਇਜ਼ ਸ਼ਰਾਬ ਦਾ ਮੁਕੱਦਮਾ ਉਨ੍ਹਾਂ ’ਤੇ ਪਾਇਆ ਗਿਆ ਹੈ, ਉਹ ਸ਼ਰਾਬ ਪੁਲਸ ਅਕੈਡਮੀ ਦੇ ਅੰਦਰ ਉਨ੍ਹਾਂ ਦੇ ਕਮਰੇ ਵਿਚੋਂ ਫੜੀ ਗਈ। ਅਕੈਡਮੀ ਦੀ ਬਦਨਾਮੀ ਨਾ ਹੋਵੇ, ਇਸ ਲਈ ਮੁਕੱਦਮਾ ਅਕੈਡਮੀ ਤੋਂ ਬਾਹਰ ਦਾ ਬਣਾ ਕੇ ਉਨ੍ਹਾਂ ’ਤੇ ਪਾ ਦਿੱਤਾ ਗਿਆ।

ਕੀ ਕਹਿਣੈ ਅਧਿਕਾਰੀਆਂ ਦਾ
ਇਸ ਸਬੰਧੀ ਜਦੋਂ ਅਕੈਡਮੀ ’ਚ ਤਾਇਨਾਤ ਐੱਲ. ਓ. ਸੰਤੋਖ ਰਾਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਲੜਕੇ ਵਿੱਕੀ ਅਤੇ ਜਤਿੰਦਰ ਦੋਵੇਂ ਝੂਠ ਬੋਲ ਰਹੇ ਹਨ। ਸ਼ਰਾਬ ਦੇ ਨਾਜਾਇਜ਼ ਕਾਰੋਬਾਰ ’ਚ ਉਨ੍ਹਾਂ ਦਾ ਕੋਈ ਹੱਥ ਨਹੀਂ ਹੈ, ਉਹ ਫੜੇ ਗਏ ਹਨ, ਇਸ ਲਈ ਉਨ੍ਹਾਂ ਦਾ ਝੂਠਾ ਹੀ ਨਾਮ ਲਾ ਕੇ ਬਦਨਾਮ ਕਰ ਰਹੇ ਹਨ। ਉਨ੍ਹਾਂ ਨੇ ਮੰਨਿਆ ਕਿ ਸ਼ਰਾਬ ਅਕੈਡਮੀ ਦੇ ਅੰਦਰੋਂ ਫੜੀ ਗਈ ਹੈ ਪਰ ਉਹ ਉਸ ਦਿਨ ਉਥੇ ਮੌਜੂਦ ਨਹੀਂ ਸਨ, ਜਦੋਂਕਿ ਸਾਰੇ ਮੁਲਾਜ਼ਮਾਂ ਨੂੰ ਪਤਾ ਹੈ ਕਿ ਐੱਲ. ਓ. ਸੰਤੋਖ ਰਾਮ ਉਸ ਦਿਨ ਆਪਣੇ ਫੋਨ ਰਾਹੀਂ ਮੌਕੇ ’ਤੇ ਵੀਡੀਓ ਬਣਾ ਰਹੇ ਸਨ। ਇਹੀ ਗੱਲ ਇੰਸਪੈਕਟਰ ਸੁਖਵਿੰਦਰ ਸੁੱਖੀ ਨੇ ਕਹੀ, ਜਿਨ੍ਹਾਂ ’ਤੇ ਲੜਕਿਆਂ ਨੇ ਦੋਸ਼ ਲਾਇਆ ਸੀ ਕਿ ਜਿਸ ਦਿਨ ਉਹ ਫੜੇ ਗਏ, ਉਕਤ ਮੁਲਾਜ਼ਮਾਂ ਨੇ ਉਨ੍ਹਾਂ ਤੋਂ 30 ਹਜ਼ਾਰ ਰੁਪਏ ਲਏ ਸਨ। ਉਨ੍ਹਾਂ ਕਿਹਾ ਕਿ ਉਸ ਸਮੇਂ ਜਦੋਂ ਉਹ ਉਥੇ ਮੌਜੂਦ ਹੀ ਨਹੀਂ ਸਨ ਤਾਂ ਉਨ੍ਹਾਂ ਲੜਕਿਆਂ ਨੂੰ ਛੱਡਣ ਬਦਲੇ ਉਹ ਪੈਸੇ ਕਿਵੇਂ ਲੈ ਸਕਦੇ ਹਨ। ਉਨ੍ਹਾਂ ਦੇ ਦੋਸ਼ ਬਿਲਕੁਲ ਝੂਠੇ ਹਨ। ਦੋਵੇਂ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਜਦੋਂ ਕੰਟੀਨ ਦੇ ਇੰਚਾਰਜ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਤੁਰੰਤ ਆਪਣਾ ਫੋਨ ਕੱਟ ਦਿੱਤਾ ਅਤੇ ਆਪਣਾ ਪੱਖ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ : ਮਕਾਨ ਬਣਾਉਣ ਲਈ ਸਸਤੀ ਰੇਤਾ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਅਹਿਮ ਖ਼ਬਰ


shivani attri

Content Editor

Related News