ਫਿਲੌਰ ਵਿਖੇ ਪੰਜਾਬ ਪੁਲਸ ਅਕੈਡਮੀ ’ਚ ਡਰੱਗ ਰੈਕੇਟ ਦੇ ਮਾਮਲੇ ’ਚ ਆਇਆ ਨਵਾਂ ਮੋੜ, ਹੋ ਸਕਦੀ ਹੈ CBI ਜਾਂਚ

Saturday, May 28, 2022 - 05:30 PM (IST)

ਫਿਲੌਰ ਵਿਖੇ ਪੰਜਾਬ ਪੁਲਸ ਅਕੈਡਮੀ ’ਚ ਡਰੱਗ ਰੈਕੇਟ ਦੇ ਮਾਮਲੇ ’ਚ ਆਇਆ ਨਵਾਂ ਮੋੜ, ਹੋ ਸਕਦੀ ਹੈ CBI ਜਾਂਚ

ਫਿਲੌਰ (ਭਾਖੜੀ)– ਪੁਲਸ ਅਕੈਡਮੀ ਵਿਚ ਚੱਲ ਰਹੇ ਨਸ਼ੇ ਦੇ ਡਰੱਗ ਰੈਕੇਟ ਦਾ ਪਰਦਾਫਾਸ਼ ਹੋਣ ਤੋਂ ਬਾਅਦ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਇਸ ਮਾਮਲੇ ਵਿਚ ਬੀਤੇ ਦਿਨ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਇਕ ਰਿਟ ਪਟੀਸ਼ਨ ਦਾਇਰ ਕੀਤੀ ਗਈ, ਜਿਸ ਤੋਂ ਬਾਅਦ ਅਕੈਡਮੀ ਤੋਂ ਲੈ ਕੇ ਪੂਰੇ ਪੰਜਾਬ ਪੁਲਸ ਪ੍ਰਸ਼ਾਸਨ ਵਿਚ ਹੰਗਾਮਾ ਮਚ ਗਿਆ ਹੈ। ਰਿਟ ਪਟੀਸ਼ਨ ਦਾਇਰ ਕਰਨ ਵਾਲੇ ਸ਼ਿਕਾਇਤਕਰਤਾ ਨੇ ਪੂਰੇ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਪੁਲਸ ਨੇ ਜਿਨ੍ਹਾਂ 7 ਮੁਲਜ਼ਮ ਪੁਲਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਹ ਤਾਂ ਸਿਰਫ਼ ਮੋਹਰੇ ਹਨ, ਪਿੱਛੇ ਬੈਠੇ ਵੱਡੇ ਆਕਾ ਜੋ ਚਾਲ ਚੱਲ ਰਹੇ ਸਨ, ਉਨ੍ਹਾਂ ਨੂੰ ਜਦੋਂ ਤਕ ਬੇਨਕਾਬ ਨਹੀਂ ਕੀਤਾ ਜਾਂਦਾ, ਉਸ ਵੇਲੇ ਤਕ ਪੁਲਸ ਅਕੈਡਮੀ ਵਿਚ ਸੁਧਾਰ ਆ ਸਕਣਾ ਅਸੰਭਵ ਹੈ।

ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਰਿਟ ਦਾਇਰ ਕਰ ਕੇ ਸ਼ਿਕਾਇਤਕਰਤਾ ਦੇ ਵਕੀਲ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਕਿਲ੍ਹੇ ਵਿਚ ਚੱਲ ਰਹੀ ਪੰਜਾਬ ਪੁਲਸ ਅਕੈਡਮੀ ਫਿਲੌਰ ਦਾ ਪੂਰੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਨਾਂ ਹੈ। ਜਿੱਥੇ ਛੋਟੇ ਪੁਲਸ ਮੁਲਾਜ਼ਮਾਂ ਤੋਂ ਲੈ ਕੇ ਵੱਡੇ ਅਧਿਕਾਰੀਆਂ ਨੂੰ ਦੇਸ਼ ਦੀ ਸੇਵਾ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਸ ਅਕੈਡਮੀ ਵਿਚ ਪਿਛਲੇ 3-4 ਸਾਲਾਂ ਤੋਂ ਤਾਇਨਾਤ ਪੁਲਸ ਮੁਲਾਜ਼ਮ ਨਾ ਸਿਰਫ਼ ਖੁਲ੍ਹੇਆਮ ਚਿੱਟੇ ਦੀ ਵਰਤੋਂ ਕਰ ਰਹੇ ਸਨ, ਸਗੋਂ ਕੁਝ ਪੁਲਸ ਮੁਲਾਜ਼ਮ ਨਸ਼ੇ ਦੀ ਸਮੱਗਲਿੰਗ ਕਰ ਕੇ ਰੁਪਏ ਵੀ ਕਮਾ ਰਹੇ ਸਨ।

ਇਹ ਵੀ ਪੜ੍ਹੋ: ਪੰਜਾਬ-ਦਿੱਲੀ 'ਚ ਬਣੀ ਸਹਿਮਤੀ, ਹਵਾਈ ਅੱਡੇ ਤੋਂ 3 ਕਿਮੀ. ਦੂਰ ਸਵਾਰੀਆਂ ਨੂੰ ਉਤਾਰਨਗੀਆਂ ਰੋਡਵੇਜ਼ ਦੀਆਂ ਬੱਸਾਂ

‘ਜਗ ਬਾਣੀ’ ਵੱਲੋਂ ਮਾਮਲੇ ਦਾ ਪਰਦਾਫ਼ਾਸ਼ ਕਰਨ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਜਾਂਚ ਟੀਮਾਂ ਬਿਠਾਈਆਂ ਗਈਆਂ, ਜਿਸ ਤੋਂ ਬਾਅਦ 7 ਪੁਲਸ ਮੁਲਾਜ਼ਮਾਂ ਨੂੰ ਨਸ਼ਾ ਕਰਨ ਅਤੇ ਸਮੱਗਲਿੰਗ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਉਕਤ ਮਾਮਲੇ ਨੂੰ ਦਬਾਉਣ ’ਚ ਕਿਲ੍ਹੇ ਦੀ ਪੁਲਸ ਹੀ ਨਹੀਂ ਸਗੋਂ ਬਾਹਰ ਦੀ ਪੁਲਸ ਨੇ ਵੀ ਪੂਰਾ ਯੋਗਦਾਨ ਦਿੱਤਾ। ਨਾ ਤਾਂ ਫੜੇ ਗਏ ਮੁਲਜ਼ਮਾਂ ਦੇ ਬੈਂਕ ਖਾਤੇ ਚੈੱਕ ਕੀਤੇ ਗਏ ਕਿ ਉਨ੍ਹਾਂ ਦੇ ਖ਼ਾਤਿਆਂ ਵਿਚ ਟਰਾਂਜ਼ੈਕਸ਼ਨ ਕਿਵੇਂ ਹੋ ਰਹੀ ਸੀ ਅਤੇ ਨਾ ਹੀ ਉਨ੍ਹਾਂ ਦੇ ਕੋਲੋਂ ਕੋਈ ਵੱਡੀ ਰਿਕਵਰੀ ਵਿਖਾਈ ਗਈ। ਉਨ੍ਹਾਂ ਨੂੰ ਇਹ ਵੀ ਨਹੀਂ ਪੁੱਛਿਆ ਗਿਆ ਕਿ ਉਨ੍ਹਾਂ ਦੀ ਪਿੱਠ ਉੱਤੇ ਅਕੈਡਮੀ ਦੇ ਕਿਸ ਵੱਡੇ ਅਧਿਕਾਰੀ ਦਾ ਹੱਥ ਸੀ, ਜਿਸ ਨਾਲ ਉਹ ਹੁਣ ਤਕ ਬਚਦੇ ਆਏ ਹਨ। ਇਨ੍ਹਾਂ ਸਭ ਕਾਰਣਾਂ ਕਰ ਕੇ ਸੀ. ਬੀ. ਆਈ. ਜਾਂਚ ਦੀ ਮੰਗ ਉੱਠੀ ਹੈ। ਅਦਾਲਤ ਨੇ ਡੀ. ਜੀ. ਪੀ. ਪੰਜਾਬ ਪੁਲਸ ਅਤੇ ਗ੍ਰਹਿ ਵਿਭਾਗ ਦੇ ਸਕੱਤਰ ਨੂੰ ਐਫੀਡੇਵਿਟ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।

ਪਰਦਾ ਪਾਉਂਦਾ ਰਿਹਾ ਪੁਲਸ ਪ੍ਰਸ਼ਾਸਨ
ਪੂਰੇ ਮਾਮਲੇ ਤੋਂ ਪਰਦਾ ਉਸ ਵੇਲੇ ਉੱਠਿਆ ਜਦੋਂ ਇਕ ਹੌਲਦਾਰ ਹਰਮਨ ਬਾਜਵਾ ਦੀ ਤਬੀਅਤ ਖ਼ਰਾਬ ਹੋ ਗਈ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਾਲਾਂਕਿ ਅਧਿਕਾਰੀ ਮੀਡੀਆ ਨੂੰ ਉਸ ਦੇ ਬੀਮਾਰ ਹੋਣ ਬਾਰੇ ਦੱਸਦੇ ਰਹੇ ਪਰ ਹਸਪਤਾਲ ਦੇ ਡਾਕਟਰਾਂ ਨੇ ਸਪੱਸ਼ਟ ਕਹਿ ਦਿੱਤਾ ਕਿ ਚਿੱਟੇ ਦਾ ਨਸ਼ਾ ਕਰਨ ਕਰਕੇ ਉਸ ਦੇ ਸਰੀਰ ਦੀਆਂ ਨਸਾਂ ਖ਼ਤਮ ਹੋ ਚੁੱਕੀਆਂ ਹਨ। ਅਖ਼ੀਰ ’ਚ ਹੌਲਦਾਰ ਦੀ ਮੌਤ ਹੋ ਗਈ। ਜੋ ਅਧਿਕਾਰੀ ਘਟਨਾ ’ਤੇ ਪਰਦਾ ਪਾ ਰਹੇ ਸਨ, ਉਨ੍ਹਾਂ ਦੀ ਵੀ ਕਿਰਕਿਰੀ ਹੋਈ।

ਇਹ ਵੀ ਪੜ੍ਹੋ: ਵਧ ਸਕਦੀਆਂ ਨੇ ਬਰਖ਼ਾਸਤ ਸਿਹਤ ਮੰਤਰੀ ਸਿੰਗਲਾ ਦੀਆਂ ਮੁਸ਼ਕਿਲਾਂ, ਮਾਮਲੇ ਦੀ ਕਰ ਸਕਦੀ ਹੈ ED ਜਾਂਚ

ਗਵਾਹ ਨੂੰ ਹੀ ਭੇਜ ਦਿੱਤਾ ਜੇਲ੍ਹ
ਪੂਰੀ ਘਟਨਾ ’ਤੇ ਜਾਂਚ ਟੀਮ ਬਿਠਾਈ ਗਈ ਤਾਂ ਇਕ ਸਿਪਾਹੀ ਰਮਨ ਨੇ ਜਾਂਚ ਟੀਮ ਅੱਗੇ ਪੇਸ਼ ਹੋ ਕੇ ਦੱਸਿਆ ਕਿ ਅਕੈਡਮੀ ਅੰਦਰ ਬਹੁਤ ਵੱਡੇ ਪੱਧਰ ’ਤੇ ਨਸ਼ੇ ਦਾ ਰੈਕੇਟ ਚੱਲ ਰਿਹਾ ਹੈ। ਇਹ ਰੈਕੇਟ ਪੁਲਸ ਮੁਲਾਜ਼ਮ ਚਲਾ ਰਹੇ ਹਨ। ਉਸ ਨੇ ਦੱਸਿਆ ਕਿ ਉਹ ਵੀ ਇਸ ਰੈਕੇਟ ਦਾ ਸ਼ਿਕਾਰ ਹੋ ਚੁੱਕਾ ਹੈ ਅਤੇ ਉਸ ਦਾ ਕਣ-ਕਣ ਕਰਜ਼ੇ ਦੇ ਬੋਝ ਹੇਠ ਦੱਬ ਚੁੱਕਾ ਹੈ। ਉਸ ਨੇ ਦੱਸਿਆ ਕਿ 10 ਮੁਲਾਜ਼ਮ ਹੋਰ ਹਨ, ਜੋ ਇਸ ਨਸ਼ੇ ਦੇ ਜਾਲ ਵਿਚ ਫਸੇ ਹੋਏ ਹਨ। ਉਸ ਨੂੰ ਤਰਸ ਦੇ ਅਧਾਰ ’ਤੇ ਭਰਤੀ ਕੀਤਾ ਗਿਆ ਹੈ। ਅਧਿਕਾਰੀ ਜੇ ਉਸ ਦਾ ਇਲਾਜ ਕਰਵਾ ਦਿੰਦੇ ਹਨ ਅਤੇ ਉਸ ਨੂੰ ਨੌਕਰੀ ਤੋਂ ਕੱਢਦੇ ਨਹੀਂ ਤਾਂ ਉਹ ਅਕੈਡਮੀ ਅੰਦਰ ਚੱਲ ਰਹੇ ਰੈਕੇਟ ਦਾ ਪੂਰੀ ਤਰ੍ਹਾਂ ਪਰਦਾਫ਼ਾਸ਼ ਕਰ ਸਕਦਾ ਹੈ। ਉਸ ਦੇ ਬਿਆਨਾਂ ’ਤੇ ਜਾਂਚ ਅੱਗੇ ਵਧੀ ਤਾਂ 7 ਮੁਲਜ਼ਮ ਪੁਲਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਨ ’ਚ ਪੁਲਸ ਨੇ ਸਫ਼ਲਤਾ ਹਾਸਲ ਕਰ ਲਈ। ਇਸ ਤੋਂ ਪਹਿਲਾਂ ਕਿ ਫੜੇ ਗਏ ਪੁਲਸ ਮੁਲਾਜ਼ਮ ਅਤੇ ਗਵਾਹ ਬਣਨ ਵਾਲਾ ਰਮਨ ਕੁਮਾਰ ਕਿਸੇ ਵੱਡੇ ਅਧਿਕਾਰੀ ਦਾ ਨਾਂ ਲੈਂਦਾ, ਪੁਲਸ ਨੇ ਉਸ ਨੂੰ ਵੀ ਗ੍ਰਿਫ਼ਤਾਰ ਕਰਕੇ ਜੇਲ੍ਹ ਵਿਚ ਸੁੱਟ ਦਿੱਤਾ। ਸਥਾਨਕ ਪੁਲਸ ਨੇ ਇਹ ਸਭ ਕੁਝ ਦਬਾਅ ਹੇਠ ਆ ਕੇ ਕੀਤਾ। ਉਸ ਦੇ ਜੇਲ੍ਹ ਜਾਣ ਨਾਲ ਸਾਰੇ ਰਾਜ਼ ਉਥੇ ਹੀ ਦਫ਼ਨ ਹੋ ਕੇ ਰਹਿ ਗਏ। ਹੁਣ ਹਰ ਕਿਸੇ ਦੀਆਂ ਨਜ਼ਰਾਂ ਸੀ. ਬੀ. ਆਈ. ਜਾਂਚ ’ਤੇ ਟਿਕੀਆਂ ਹੋਈਆਂ ਹਨ।

ਇਹ ਵੀ ਪੜ੍ਹੋ: ਘਰ ’ਚ ਕੰਮ ਵਾਲੀਆਂ ਰੱਖਣ ਵਾਲੇ ਹੋ ਜਾਣ ਸਾਵਧਾਨ, ਤੁਸੀਂ ਵੀ ਹੋ ਸਕਦੇ ਹੋ ਇੰਝ ਲੁੱਟ ਦਾ ਸ਼ਿਕਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News