ਪੰਜਾਬ ਪੁਲਸ ਅਕੈਡਮੀ 'ਚ ਚੱਲ ਰਹੇ ਡਰੱਗ ਰੈਕੇਟ ਦੇ ਮਾਮਲੇ 'ਚ ਖੁੱਲ੍ਹਣ ਲੱਗੀਆਂ ਪਰਤਾਂ, ਨਿਸ਼ਾਨੇ 'ਤੇ 6 ਹੋਰ ਮੁਲਾਜ਼ਮ

Thursday, May 12, 2022 - 01:12 PM (IST)

ਪੰਜਾਬ ਪੁਲਸ ਅਕੈਡਮੀ 'ਚ ਚੱਲ ਰਹੇ ਡਰੱਗ ਰੈਕੇਟ ਦੇ ਮਾਮਲੇ 'ਚ ਖੁੱਲ੍ਹਣ ਲੱਗੀਆਂ ਪਰਤਾਂ, ਨਿਸ਼ਾਨੇ 'ਤੇ 6 ਹੋਰ ਮੁਲਾਜ਼ਮ

ਫਿਲੌਰ (ਭਾਖੜੀ)– ਪੰਜਾਬ ਪੁਲਸ ਅਕੈਡਮੀ ’ਚ ਚੱਲ ਰਹੇ ਡਰੱਗ ਰੈਕੇਟ ਦਾ ਪਰਦਾਫ਼ਾਸ਼ ਹੋਣ ਤੋਂ ਬਾਅਦ 2 ਪੁਲਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮਾਮਲੇ ਦੀਆਂ ਪਰਤਾਂ ਖੁੱਲ੍ਹਦੀਆਂ ਜਾ ਰਹੀਆਂ ਹਨ। ਅੱਜ ਇਕ ਹੋਰ ਸੀਨੀਅਰ ਪੁਲਸ ਅਧਿਕਾਰੀ ਨੇ ਡਾਇਰੈਕਟਰ ਪੁਲਸ ਅਕੈਡਮੀ ਫਿਲੌਰ ਅਤੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੂੰ ਆਪਣੀ ਰਿਪੋਰਟ ਭੇਜੀ ਹੈ। ਰਿਪੋਰਟ ਮੁਤਾਬਕ ਉਕਤ ਰੈਕੇਟ ਵਿਚ 2 ਨਹੀਂ, ਸਗੋਂ ਇਨ੍ਹਾਂ ਤੋਂ ਇਲਾਵਾ 6 ਹੋਰ ਪੁਲਸ ਮੁਲਾਜ਼ਮ ਸ਼ਾਮਲ ਹਨ, ਜਿਨ੍ਹਾਂ ਵਿਰੁੱਧ ਵੀ ਸਖ਼ਤ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਸੀਨੀਅਰ ਅਧਿਕਾਰੀ ਨੇ ਆਪਣੀ ਜਾਂਚ ਰਿਪੋਰਟ ਵਿਚ ਇਨ੍ਹਾਂ ਸਾਰੇ ਅੱਠਾਂ ਦੇ ਨਾਂ, ਰੈਂਕ ਅਤੇ ਜ਼ਿਲ੍ਹੇ ਨਾਲ ਸਬੰਧਤ ਖ਼ੁਲਾਸਾ ਕੀਤਾ ਹੈ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਵਿਖੇ ਘਰ ਦੇ ਬਾਹਰ ਖੜ੍ਹੀ 6 ਸਾਲਾ ਬੱਚੀ ਨੂੰ ਇੰਝ ਪਾਇਆ ਮੌਤ ਨੇ ਘੇਰਾ, ਜੋ ਕਿਸੇ ਨੇ ਸੋਚਿਆ ਵੀ ਨਾ ਸੀ

ਐੱਸ. ਟੀ. ਐੱਫ਼. ਨੂੰ ਜਾਂਚ ਸੌਂਪਣ ਦੀ ਉੱਠੀ ਮੰਗ
ਇਕ ਹੋਰ ਸੀਨੀਅਰ ਅਧਿਕਾਰੀ ਨੇ ਆਪਣੀ ਰਿਪੋਰਟ ’ਚ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਪੁਲਸ ਅਕੈਡਮੀ ’ਚ ਚੱਲ ਰਹੇ ਇਸ ਡਰੱਗ ਰੈਕੇਟ ਦੀ ਜਾਂਚ ਦੀ ਜ਼ਿੰਮੇਵਾਰੀ ਐੱਸ. ਟੀ. ਐੱਫ਼. ਨੂੰ ਸੌਂਪੀ ਜਾਵੇ। ਇਸ ਮਾਮਲੇ ’ਚ ਨਸ਼ੇ ਵਾਲੇ ਪਦਾਰਥ ਵੇਚਣ ਅਤੇ ਖ਼ਰੀਦਣ ਦਾ ਕੰਮ ਕੀਤਾ ਗਿਆ ਹੈ ਅਤੇ ਉਸ ਵਿਚ ਰੁਪਿਆਂ ਦੀ ਵੀ ਵਸੂਲੀ ਹੋਣੀ ਹੈ। ਇਸ ਲਈ ਇਸ ਕੇਸ ਦੀ ਜਾਂਚ ਦੀ ਜ਼ਿੰਮੇਵਾਰੀ ਐੱਸ. ਟੀ. ਐੱਫ਼. ਨੂੰ ਸੌਂਪੀ ਜਾਵੇ। ਇਸ ਨਾਲ ਵੱਡੇ ਸਮੱਗਲਰਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾ ਸਕੇਗਾ। ਅਕੈਡਮੀ ’ਚ ਆਖ਼ਰ ਚਿੱਟਾ ਕੌਣ ਭੇਜ ਰਿਹਾ ਸੀ, ਇਸ ਗੱਲ ਦਾ ਪਤਾ ਲਾਉਣਾ ਵੀ ਜ਼ਰੂਰੀ ਹੈ।

PunjabKesari

ਮੁਲਜ਼ਮਾਂ ਦਾ ਬਚਾਅ ਕਰ ਗਈ ਪੁਲਸ?
ਬੁੱਧਵਾਰ ਸਥਾਨਕ ਅਦਾਲਤ ਨੇ ਫੜੇ ਗਏ ਦੋਵਾਂ ਮੁਲਜ਼ਮਾਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ। ਸਥਾਨਕ ਪੁਲਸ ਅਦਾਲਤ ’ਚ ਕੋਈ ਠੋਸ ਦਲੀਲ ਨਹੀਂ ਰੱਖ ਸਕੀ, ਜਦੋਂਕਿ ਐੱਨ. ਡੀ. ਪੀ. ਐੱਸ. ਐਕਟ ਦੇ ਛੋਟੇ ਤੋਂ ਛੋਟੇ ਮੁਕੱਦਮੇ ’ਚ ਵੀ ਪੁਲਸ ਮੁਲਜ਼ਮ ਨੂੰ ਪੁੱਛਗਿੱਛ ਲਈ 1 ਤੋਂ 2 ਦਿਨ ਦੇ ਰਿਮਾਂਡ ’ਤੇ ਲੈ ਲੈਂਦੀ ਹੈ। ਡਰੱਗ ਰੈਕੇਟ ਕੇਸ ਵਿਚ ਫੜੇ ਗਏ ਦੋਵੇਂ ਮੁਲਜ਼ਮ ਸ਼ਕਤੀ ਤੇ ਜੈ ਬਹੁਤ ਅਹਿਮ ਸਨ, ਜਿਨ੍ਹਾਂ ਨੂੰ ਉੱਚ ਅਧਿਕਾਰੀਆਂ ਦੀ ਜਾਂਚ ’ਚ ਕਸੂਰਵਾਰ ਪਾਏ ਜਾਣ ਤੋਂ ਬਾਅਦ ਫੜਿਆ ਗਿਆ। ਇਸ ਰੈਕੇਟ ਵਿਚ ਹੋਰ ਕਿਹੜੇ-ਕਿਹੜੇ ਮਗਰਮੱਛ ਸ਼ਾਮਲ ਹਨ, ਉਨ੍ਹਾਂ ਦੇ ਬਾਹਰ ਕਿਨ੍ਹਾਂ ਸਮੱਗਲਰਾਂ ਨਾਲ ਸਬੰਧ ਸਨ, ਜਿੱਥੋਂ ਉਹ ਨਸ਼ੇ ਵਾਲਾ ਪਾਊਡਰ ਖ਼ਰੀਦਦੇ ਸਨ। ਦੂਜਾ ਪੁਲਸ ਨੇ ਸ਼ਕਤੀ ਕੁਮਾਰ ਤੋਂ ਉਨ੍ਹਾਂ ਰੁਪਿਆਂ ਦੀ ਵਸੂਲੀ ਵੀ ਕਰਨੀ ਸੀ, ਜੋ ਉਸ ਨੇ ਨਸ਼ਾ ਵੇਚ ਕੇ ਦੂਜੇ ਪੁਲਸ ਮੁਲਾਜ਼ਮਾਂ ਤੋਂ ਲਏ ਸਨ। ਇਨ੍ਹਾਂ ਰੁਪਿਆਂ ਦਾ ਜ਼ਿਕਰ ਵੀ ਬਾਕਾਇਦਾ ਜਾਂਚ ਰਿਪੋਰਟ ਵਿਚ ਅਧਿਕਾਰੀਆਂ ਵੱਲੋਂ ਕੀਤਾ ਗਿਆ ਹੈ ਕਿ ਸ਼ਕਤੀ ਨੇ ਪੁਲਸ ਮੁਲਾਜ਼ਮਾਂ ਦੇ ਬੈਂਕ ਤੋਂ ਲੋਨ ਕਰਵਾ ਕੇ ਆਪਣੇ ਖ਼ਾਤੇ ਵਿਚ ਪੈਸੇ ਟਰਾਂਸਫ਼ਰ ਕਰਵਾਏ ਹਨ। ਪੁਲਸ ਵਿਭਾਗ ਨੂੰ ਲੱਗਾ ਕਿ ਫੜੇ ਗਏ ਦੋਵੇਂ ਮੁਲਜ਼ਮ ਆਉਣ ਵਾਲੇ ਦਿਨਾਂ ’ਚ ਉਸ ਦੇ ਲਈ ਵੱਡੀ ਸਿਰਦਰਦੀ ਬਣ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਚੁੱਪਚਾਪ ਅਦਾਲਤ ’ਚ ਪੇਸ਼ ਕਰ ਕੇ ਸਿੱਧਾ ਜੇਲ ਛੱਡ ਆਏ। ਉਨ੍ਹਾਂ ਦੋਵਾਂ ਦੇ ਜੇਲ ਜਾਣ ਨਾਲ ਉਹ ਸਾਰੇ ਰਾਜ਼ ਵੀ ਨਾਲ ਚਲੇ ਗਏ, ਜਿਨ੍ਹਾਂ ਉੱਪਰੋਂ ਪੁਲਸ ਨੇ ਪਰਦਾ ਚੁੱਕਣਾ ਸੀ।

ਇਹ ਵੀ ਪੜ੍ਹੋ: ਮੋਹਾਲੀ ਵਿਖੇ ਹੋਏ ਰਾਕੇਟ ਹਮਲੇ ਦੇ ਮਾਮਲੇ ’ਚ ਪੁਲਸ ਯੂ-ਟਿਊਬ ’ਤੇ ਰੱਖਣ ਲੱਗੀ ਨਜ਼ਰ, ਮਿਲੇ ਅਹਿਮ ਸੁਰਾਗ

ਜਾਂਚ ਅਧਿਕਾਰੀ ਨੇ ਕਾਰਵਾਈ ਲਈ ਐੱਸ. ਐੱਸ. ਪੀ. ਅਤੇ ਡਾਇਰੈਕਟਰ ਅਕੈਡਮੀ ਨੂੰ ਭੇਜੀ ਰਿਪੋਰਟ, ਡੋਪ ਟੈਸਟ ਵੱਲ ਵਧਣ ਲੱਗੀ ਜਾਂਚ
ਜਾਂਚ ਟੀਮ ਕੋਲ ਇਕ ਸਿਪਾਹੀ ਨੇ ਖ਼ੁਲਾਸਾ ਕੀਤਾ ਸੀ ਕਿ ਉਹ ਖ਼ੁਦ ਨਸ਼ੇ ਦੀ ਲਤ ਦਾ ਸ਼ਿਕਾਰ ਬਣ ਚੁੱਕਾ ਹੈ। ਉਸ ਦੇ ਵਰਗੇ ਅਕੈਡਮੀ ਵਿਚ 8 ਤੋਂ 10 ਹੋਰ ਮੁਲਾਜ਼ਮ ਸ਼ਾਮਲ ਹਨ, ਜੋ ਇਸ ਦਲਦਲ ਵਿਚ ਧਸ ਚੁੱਕੇ ਹਨ। ਇਸ ਗੱਲ ਦੀ ਪੁਸ਼ਟੀ ਕਰਨ ਲਈ ਕਿ ਕਿਹੜੇ ਮੁਲਾਜ਼ਮ ਨਸ਼ੇ ਦੀ ਵਰਤੋਂ ਕਰ ਰਹੇ ਹਨ ਅਤੇ ਕਿਹੜੇ ਨਹੀਂ, ਉੱਥੇ ਤਾਇਨਾਤ ਸਾਰੇ ਮੁਲਾਜ਼ਮਾਂ ਦੇ ਡੋਪ ਟੈਸਟ ਕਰਵਾਏ ਜਾਣ। ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਸ ਚਿੱਟੇ ਦੀ ਲਪੇਟ ’ਚ ਕਿੰਨੇ ਮੁਲਾਜ਼ਮ ਆ ਚੁੱਕੇ ਹਨ।

ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡੀ ਵਾਰਦਾਤ, ਰੇਲਵੇ ਸਟੇਸ਼ਨ ਨੇੜੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News