ਡੀ. ਜੀ. ਪੀ. ਅਰੋੜਾ ਨੇ ਕੀਤੀ ਐੱਸ. ਐੱਮ. ਐੱਸ. ਅਲਰਟ ਸੇਵਾ ਦੀ ਸ਼ੁਰੂਆਤ
Thursday, Jul 26, 2018 - 05:23 AM (IST)

ਚੰਡੀਗੜ੍ਹ(ਰਮਨਜੀਤ)-ਪੰਜਾਬ ਪੁਲਸ ਵਲੋਂ ਈ-ਇਨੀਸ਼ਿਏਟਿਵ ਪ੍ਰੋਗਰਾਮ ਤਹਿਤ ਰਾਜ ਦੇ ਵਸਨੀਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਕ ਨਿਵੇਕਲੀ ਪਹਿਲ ਕਰਦਿਆਂ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਅੱਜ ਕ੍ਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈੱਟਵਰਕ ਅਤੇ ਪ੍ਰਣਾਲੀ (ਸੀ. ਸੀ. ਟੀ. ਐੱਨ. ਐੱਸ.) 'ਤੇ ਆਧਾਰਿਤ ਸ਼ਿਕਾਇਤਕਰਤਾਵਾਂ ਲਈ ਐੱਸ. ਐੱਮ. ਐੱਸ. ਅਲਰਟ ਸੇਵਾ ਦੀ ਸ਼ੁਰੂਆਤ ਕੀਤੀ ਤਾਂ ਜੋ ਪੁਲਸ ਦੇ ਕੰਮ ਕਾਜ ਵਿਚ ਪਾਰਦਰਸ਼ਿਤਾ ਤੇ ਕੁਸ਼ਲਤਾ ਲਿਆਂਦੀ ਜਾ ਸਕੇ। ਪੰਜਾਬ ਪੁਲਸ ਹੈੱਡਕੁਆਰਟਰ ਵਿਖੇ ਐੱਸ. ਐੱਮ. ਐੱਸ. ਸੇਵਾ ਨੂੰ ਲਾਂਚ ਕਰਦਿਆਂ ਅਰੋੜਾ ਨੇ ਕਿਹਾ ਕਿ ਹੁਣ ਸ਼ਿਕਾਇਤਕਰਤਾ ਵਲੋਂ ਦਰਜ ਕਰਵਾਈ ਐੱਫ. ਆਈ. ਆਰ. ਅਤੇ ਉਸ ਸ਼ਿਕਾਇਤ ਦੀ ਜਾਂਚ ਕਰ ਰਹੇ ਅਧਿਕਾਰੀ ਬਾਰੇ ਉਸ ਨੂੰ ਆਪਣੇ ਮੋਬਾਇਲ ਫ਼ੋਨ 'ਤੇ ਹੀ ਐੱਸ. ਐੱਮ. ਐੱਸ. ਪਹੁੰਚ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਨਾਗਰਿਕ ਆਪਣੀ ਐੱਫ. ਆਈ. ਆਰ. ਦੀ ਨਕਲ ਪੰਜਾਬ ਪੁਲਸ ਦੀ ਵੈੱਬਸਾਈਟ ਤੋਂ ਵੀ ਡਾਊਨਲੋਡ ਕਰ ਸਕਦੇ ਹਨ। ਡੀ. ਜੀ. ਪੀ. ਨੇ ਕਿਹਾ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਨ, ਜਾਂਚ ਅਧਿਕਾਰੀ ਬਦਲਣ ਅਤੇ ਅਦਾਲਤ ਵਿਚ ਚਲਾਨ ਜਮ੍ਹਾ ਕਰਵਾਉਣ ਜਾਂ ਅੰਤਿਮ ਰਿਪੋਰਟ ਦੀ ਸਥਿਤੀ ਬਾਰੇ ਐੱਸ. ਐੱਮ. ਐੱਸ. ਰਾਹੀਂ ਸੰਦੇਸ਼ ਚਲਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੋ ਵੀ ਨਾਗਰਿਕ ਇਸ ਸੇਵਾ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਐੱਫ. ਆਈ. ਆਰ. ਦਰਜ ਕਰਾਉਣ ਵੇਲੇ ਆਪਣਾ ਮੋਬਾਇਲ ਨੰਬਰ ਜ਼ਰੂਰ ਅਪਡੇਟ ਕਰਨ।