ਪੰਜਾਬ ਪੁਲਸ ''ਚ ਅਫਸਰਾਂ ਦੀ ਚੜ੍ਹਤ, ਮੁਲਾਜ਼ਮਾਂ ਦੇ ਹਾਲ ਮਾੜੇ
Monday, Jan 22, 2018 - 12:48 PM (IST)

ਚੰਡੀਗੜ੍ਹ : ਪੰਜਾਬ ਪੁਲਸ 'ਚ ਸੀਨੀਅਰ ਅਫਸਰਾਂ ਦੀ ਹਰ ਪਾਸਿਓਂ ਬੱਲੇ-ਬੱਲੇ ਹੈ, ਫਿਰ ਭਾਵੇਂ ਹੀ ਬਜਟ ਹੋਵੇ ਜਾਂ ਫਿਰ ਭਰਤੀਆਂ ਪਰ ਦੂਜੇ ਪਾਸੇ ਮੁਲਾਜ਼ਮਾਂ ਦਾ ਹਾਲ ਮਾੜਾ ਹੈ। ਜਿੱਥੇ ਅਫਸਰਾਂ ਦੀਆਂ ਲੋੜਾਂ ਮੁਤਾਬਕ ਉਨ੍ਹਾਂ ਕੋਲ ਹਰ ਚੀਜ਼ ਮੌਜੂਦ ਹੈ, ਉੱਥੇ ਹੀ ਮੁਲਾਜ਼ਮਾਂ ਨੂੰ ਅਮਰਜੈਂਸੀ ਡਿਊਟੀ ਦੇ ਸਮੇਂ ਗੁਰੂਘਰਾਂ 'ਚੋਂ ਲੰਗਰ ਛਕਣਾ ਪੈਂਦਾ ਹੈ। ਇਸ ਸਬੰਧੀ ਕੇਂਦਰੀ ਮੰਤਰਾਲੇ ਦੇ ਤਾਜ਼ਾ ਵੇਰਵੇ ਹੈਰਾਨ ਕਰ ਦੇਣ ਵਾਲੇ ਹਨ, ਜਿਨ੍ਹਾਂ ਮੁਤਾਬਕਾਂ ਅਫਸਰਾਂ ਨੂੰ ਤਾਂ ਸਭ ਕੁਝ ਮਿਲ ਰਿਹਾ ਹੈ ਪਰ ਮੁਲਾਜ਼ਮਾਂ ਨੂੰ ਕਾਫੀ ਕਸ਼ਮਕਸ਼ ਕਰਨੀ ਪੈ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ 'ਚ ਏ. ਆਈ. ਜੀ., ਐੱਸ. ਐੱਸ. ਪੀ. ਅਤੇ ਐੱਸ. ਪੀ. ਦੀਆਂ ਪ੍ਰਵਾਨਿਤ 160 ਪੋਸਟਾਂ ਹਨ, ਜਦੋਂ 192 ਪੁਲਸ ਅਫਸਰ ਇਨ੍ਹਾਂ ਪੋਸਟਾਂ 'ਤੇ ਤਾਇਨਾਤ ਹਨ, ਮਤਲਬ ਕਿ 32 ਪੁਲਸ ਅਫਸਰ ਸਰਪਲੱਸ ਹਨ। ਦੂਜੇ ਪਾਸੇ ਸਿਪਾਹੀਆਂ ਦੀਆਂ 50214 ਪੋਸਟਾਂ ਹਨ, ਜਿਨ੍ਹਾਂ ਚੋਂ ਸਿਰਫ 46,070 ਹੀ ਭਰੀਆਂ ਹਨ। ਇਸੇ ਤਰ੍ਹਾਂ ਹੌਲਦਾਰਾਂ ਦੀਆਂ 10059 ਪੋਸਟਾਂ 'ਚੋਂ ਵੀ ਸਿਰਫ 8511 ਹੀ ਭਰੀਆਂ ਹਨ ਅਤੇ ਬਾਕੀ ਖਾਲੀ ਪਈਆਂ ਹੋਈਆਂ ਹਨ। ਇੰਸਪੈਕਟਰਾਂ ਦੀਆਂ 158, ਸਬ ਇੰਸਪੈਕਟਰਾਂ ਦੀਆਂ 322 ਅਤੇ ਥਾਣੇਦਾਰਾਂ ਦੀਆਂ 418 ਪੋਸਟਾਂ ਖਾਲੀ ਹਨ। ਇਸ ਹਿਸਾਬ ਨਾਲ ਪੰਜਾਬ 'ਚ 363 ਵਿਅਕਤੀਆਂ ਦੀ ਸੁਰੱਖਿਆ ਲਈ ਇਕ ਪੁਲਸ ਮੁਲਾਜ਼ਮ ਤਾਇਨਾਤ ਹੈ। ਕਿਸੇ ਵੀ ਪੁਲਸ ਅਫਸਰ ਕੋਲ ਸਰਕਾਰੀ ਰਿਹਾਇਸ਼ ਦੀ ਕਮੀ ਨਹੀਂ ਹੈ, ਦੂਜੇ ਪਾਸੇ ਪੰਜਾਬ 'ਚ ਹੇਠਲੇ 13083 ਪੁਲਸ ਮੁਲਾਜ਼ਮਾਂ ਕੋਲ ਹੀ ਸਰਕਾਰੀ ਕੁਆਰਟਰ ਹਨ। ਇਸ ਤਰ੍ਹਾਂ ਪੰਜਾਬ ਪੁਲਸ 'ਚ ਮੁਲਾਜ਼ਮਾਂ ਦੀ ਹਾਲਤ ਕਾਫੀ ਤਰਸਯੋਗ ਹੈ।