ਡੇਰਾ ਮੁਖੀ ਦੇ ਮਾਮਲੇ ਸਬੰਧੀ 25 ਨੂੰ ਫੈਸਲਾ ਆਉਣ ਨੂੰ ਲੈ ਕੇ ਬਠਿੰਡਾ-ਮਾਨਸਾ ਪੁਲਸ ਛਾਉਣੀ ''ਚ ਤਬਦੀਲ
Thursday, Aug 24, 2017 - 02:30 AM (IST)
ਮਾਨਸਾ(ਸੰਦੀਪ ਮਿੱਤਲ)-ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਵੱਲੋਂ ਡੇਰਾ ਸੱਚਾ ਸੌਦਾ ਦੇ ਮੁਖੀ ਦੇ ਸਾਧਵੀ ਯੋਨ ਸ਼ੋਸ਼ਣ ਦੇ ਮਾਮਲੇ ਸਬੰਧੀ 25 ਅਗਸਤ ਨੂੰ ਫੈਸਲਾ ਆਉਣ ਨੂੰ ਲੈ ਕੇ ਪੁਲਸ, ਪੈਰਾ ਮਿਲਟਰੀ ਫੋਰਸ ਦੇ ਨਾਲ ਜ਼ਿਲਾ ਪ੍ਰਸ਼ਾਸਨ ਨੇ ਸਾਰੇ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਹਨ। ਉਥੇ ਹੀ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਦੀ ਸੰਭਾਵਨਾ ਨੂੰ ਦੇਖਦਿਆਂ ਪੰਜਾਬ, ਹਰਿਆਣਾ ਦੀਆਂ ਸਰਕਾਰਾਂ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਸਥਿਤੀ ਬਾਰੇ ਜਾਣੂ ਕਰਵਾ ਕੇ ਹੋਰ ਲੋੜੀਂਦੇ ਸੁਰੱਖਿਆ ਦਸਤੇ ਵੀ ਮੰਗਵਾ ਲਏ ਹਨ। ਮਾਲਵਾ ਖੇਤਰ ਦੇ ਬਠਿੰਡਾ ਅਤੇ ਮਾਨਸਾ ਜ਼ਿਲੇ ਅੰਦਰ ਪੰਜਾਬ ਪੁਲਸ , ਪੈਰਾ ਮਿਲਟਰੀ, ਰੈਪਿਡ ਐਕਸ਼ਨ ਫੋਰਸ ਅਤੇ ਨੀਮ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਕੇ ਬੜੀ ਚੌਕਸੀ ਵਰਤੀ ਜਾ ਰਹੀ ਹੈ। ਮਾਨਸਾ ਜ਼ਿਲਾ ਪੁਲਸ ਛਾਉਣੀ 'ਚ ਤਬਦੀਲ ਹੋਣ ਲੱਗਾ ਹੈ। ਪੁਲਸ ਵੱਲੋਂ ਸਰੱਖਿਆ ਬਲਾਂ ਨੂੰ ਲੈ ਕੇ ਫਲੈਗ ਮਾਰਚ ਅਤੇ ਬੱਸ ਸਟੈਂਡ, ਰੇਲਵੇ ਸਟੇਸ਼ਨ ਸ਼ਹਿਰ ਦੇ ਆਸ-ਪਾਸ ਦੀਆਂ ਪ੍ਰਮੁੱਖ ਸੜਕਾਂ, ਹੋਰ ਜਨਤਕ ਥਾਵਾਂ 'ਤੇ ਬੜੀ ਤੇਜ਼ੀ ਨਾਲ ਤਲਾਸ਼ੀ ਮੁਹਿੰਮ ਜਾਰੀ ਹੈ।
ਪ੍ਰਸ਼ਾਸਨ ਨੇ ਅਸਲਾ ਚੁੱਕਣ 'ਤੇ ਲਾਈ ਪਾਬੰਦੀ
ਜ਼ਿਲਾ ਪ੍ਰਸ਼ਾਸਨ, ਮਾਨਸਾ ਨੇ ਫੌਜਦਾਰੀ ਜ਼ਾਬਤਾ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਮਾਨਸਾ ਦੀ ਹਦੂਦ ਅੰਦਰ 20 ਸਤੰਬਰ 2017 ਤੱਕ ਹਰ ਕਿਸਮ ਦਾ ਅਸਲਾ ਚੁੱਕਣ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਾਈ ਹੈ। ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ ਨੇ ਇਹ ਹੁਕਮ ਸੁਣਾਉਂਦਿਆਂ ਕਿਹਾ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਅਤੇ ਲੋਕ ਹਿੱਤ ਵਿਚ ਹਰ ਕਿਸਮ ਦਾ ਅਸਲਾ ਚੁੱਕਣ 'ਤੇ ਪਾਬੰਦੀ ਲਾਈ ਜਾਣੀ ਜ਼ਰੂਰੀ ਬਣ ਗਈ ਹੈ ਪਰ ਇਹ ਹੁਕਮ ਆਰਮੀ ਪ੍ਰਸੋਨਲ, ਪੈਰਾ ਮਿਲਟਰੀ ਫੋਰਸਿਜ਼ ਅਤੇ ਬਾਵਰਦੀ ਪੁਲਸ ਕਰਮਚਾਰੀਆਂ 'ਤੇ ਲਾਗੂ ਨਹੀਂ ਹੋਵੇਗਾ। ਜ਼ਿਲਾ ਪ੍ਰਸ਼ਾਸਨ ਨੇ ਫੌਜਦਾਰੀ ਜ਼ਾਬਤਾ ਧਾਰਾ 144 ਤਹਿਤ ਜ਼ਿਲਾ ਮਾਨਸਾ ਦੀ ਹਦੂਦ ਅੰਦਰ ਅਸਲਾ ਡੀਲਰਾਂ ਦੀਆਂ ਸਾਰੀਆਂ ਦੁਕਾਨਾਂ 24 ਤੋਂ 27 ਅਗਸਤ 2017 ਤੱਕ ਖੋਲ੍ਹਣ 'ਤੇ ਪਾਬੰਦੀ ਲਾ ਦਿੱਤੀ ਹੈ।
ਸਾਰੇ ਵੋਕੇਸ਼ਨਲ ਅਤੇ ਵਿੱਦਿਅਕ ਅਦਾਰੇ ਬੰਦ ਰੱਖਣ ਦੇ ਹੁਕਮ
ਡਿਪਟੀ ਕਮਿਸ਼ਨਰ ਨੇ ਸੰਭਾਵੀਂ ਵਿਗੜਨ ਵਾਲੇ ਹਾਲਾਤ ਦੇ ਮੱਦੇਨਜ਼ਰ ਫੈਸਲਾ ਲਿਆ ਹੈ ਕਿ 25 ਅਗਸਤ 2017 ਨੂੰ ਇਕ ਦਿਨ ਲਈ ਜ਼ਿਲੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਵੋਕੇਸ਼ਨਲ ਅਤੇ ਵਿੱਦਿਅਕ ਸੰਸਥਾਨ ਬੰਦ ਰਹਿਣਗੇ।
ਪ੍ਰਸ਼ਾਸਨ ਵੱਲੋਂ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧ ਮੁਕੰਮਲ
ਡਿਪਟੀ ਕਮਿਸ਼ਨਰ ਧਰਮਪਾਲ ਗੁਪਤਾ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਲੋਕਾਂ ਨੂੰ ਜ਼ਿਲੇ ਵਿਚ ਸ਼ਾਂਤੀ ਬਣਾਈ ਰੱਖਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲਾ ਵਾਸੀ ਕਿਸੇ ਵੀ ਤਰ੍ਹਾਂ ਦੇ ਸੋਸ਼ਲ ਮੀਡੀਆ ਦੀ ਅਫਵਾਹ ਵਿਚ ਵਿਸ਼ਵਾਸ ਨਾ ਕਰਨ ਤੇ ਨਾ ਹੀ ਸੋਸ਼ਲ ਮੀਡੀਆ 'ਤੇ ਕਿਸੇ ਵੀ ਤਰ੍ਹਾਂ ਦੀ ਗਲਤ ਅਫਵਾਹ ਫੈਲਾਉਣ।
ਡੇਰੇ ਅੱਗੇ ਪੁਲਸ ਤਾਇਨਾਤ
ਇੱਥੋਂ ਦੇ ਸਿਰਸਾ ਰੋਡ 'ਤੇ ਸਥਿਤ ਡੇਰਾ ਸੱਚਾ ਸੌਦਾ ਅੱਗੇ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ 'ਚ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਜੋ ਦਿਨ-ਰਾਤ ਆਪਣੀ ਡਿਊਟੀ ਨਿਭਾਅ ਰਹੇ ਹਨ, ਉਥੇ ਹੀ ਜ਼ਿਲੇ 'ਚ ਵੱਖ-ਵੱਖ ਥਾਵਾਂ 'ਤੇ ਬੱਸਾਂ, ਰੇਲਗੱਡੀਆਂ ਤੇ ਹੋਰ ਵ੍ਹੀਕਲਾਂ ਨੂੰ ਰੋਕ ਕੇ ਉਨ੍ਹਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ।
