ਰੋਜ਼ਾਨਾ ਹਾਈ ਅਲਰਟ ''ਤੇ ਰਹਿੰਦੀ ਹੈ ਪੰਜਾਬ ਪੁਲਸ, ਫਿਰ ਵੀ ਹੋ ਜਾਂਦੀਆਂ ਹਨ ਵਾਰਦਾਤਾਂ!

09/07/2019 4:33:40 PM

ਜਲੰਧਰ (ਠਾਕੁਰ) : ਹਾਲ ਹੀ 'ਚ ਤਰਨਤਾਰਨ ਨੇੜੇ ਹੋਏ ਬੰਬ ਧਮਾਕੇ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ 1 ਨੌਜਵਾਨ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ। ਸੂਤਰਾਂ ਅਨੁਸਾਰ ਪੁਲਸ ਇਸ ਨੂੰ ਅੱਤਵਾਦੀ ਸਰਗਰਮੀ ਅਤੇ ਟੈਰਰ ਫੰਡਿੰਗ ਨਾਲ ਜੋੜ ਕੇ ਦੇਖ ਰਹੀ ਹੈ। ਇਹ ਵੀ ਕਿਹਾ ਜਾ  ਰਿਹਾ ਹੈ ਕਿ ਮ੍ਰਿਤਕ ਮੁਲਜ਼ਮ ਅਤੇ ਉਸ ਦਾ ਜ਼ਿੰਦਾ ਸਾਥੀ ਫੈਸਟੀਵਲ ਸੀਜ਼ਨ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ।

ਇਸੇ ਦਰਮਿਆਨ ਸੀ. ਐੱਮ. ਦਾ ਬਿਆਨ ਹੈ ਕਿ ਤਿੰਨੇ ਨੌਜਵਾਨ ਬੋਤਲ ਬੰਬ ਬਣਾ ਰਹੇ ਸਨ ਅਤੇ ਬਲਾਸਟ ਹੋਣ 'ਤੇ ਦੋ ਦੀ ਮੌਤ ਹੋ ਗਈ। ਪੰਜਾਬ ਇਕ ਅਜਿਹਾ ਸੂਬਾ ਹੈ, ਜਿਥੇ ਕਈ ਸਾਲ ਤੋਂ ਪੁਲਸ ਅਤੇ ਪ੍ਰਸ਼ਾਸਨ ਹਾਈ ਅਲਰਟ 'ਤੇ ਰਹਿੰਦੇ ਹਨ ਪਰ ਫਿਰ ਵੀ ਵੱਡੇ-ਵੱਡੇ ਹਾਦਸੇ ਵਾਪਰ ਜਾਂਦੇ ਹਨ। ਇਹੀ ਨਹੀਂ ਆਮ ਜਨਤਾ ਦੀ ਰਾਖੀ ਕਰਨ ਵਾਲੀ ਪੁਲਸ ਖੁਦ ਵੀ ਜ਼ਿਆਦਾ ਸੁਰੱਖਿਅਤ ਨਹੀਂ। ਇਸ ਦਾ ਜਿਊਂਦਾ ਜਾਗਦਾ ਸਬੂਤ ਹੈ 2015 'ਚ ਦੀਨਾਨਗਰ ਪੁਲਸ ਥਾਣੇ 'ਚ ਹੋਇਆ ਅੱਤਵਾਦੀ ਹਮਲਾ, ਜਿਸ 'ਚ ਐੱਸ.ਪੀ. ਸਮੇਤ ਪੁਲਸ ਦੇ 8 ਜਵਾਨ ਸ਼ਹੀਦ ਹੋ ਗਏ ਸਨ। ਮੌਜੂਦਾ ਸਮੇਂ ਵਿਦੇਸ਼ਾਂ 'ਚ ਰਹਿ ਰਹੇ ਖਾਲਿਸਤਾਨੀ ਸਮਰਥਕ ਰੈਫਰੈਂਡਮ 2020 ਦੀ ਤਿਆਰੀ 'ਚ ਜੁਟੇ ਹੋਏ ਹਨ ਅਤੇ ਸਰਕਾਰ ਦੇ ਕੋਲ ਇਨਪੁੱਟ ਹੋਣ ਦੇ ਬਾਵਜੂਦ ਤਰਨਤਾਰਨ ਬਲਾਸਟ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ।

ਧਮਾਕਾ ਨਾ ਹੁੰਦਾ ਤਾਂ ਹਾਈ ਅਲਰਟ 'ਤੇ ਹੀ ਰਹਿ ਜਾਂਦੀ ਪੁਲਸ
ਤਰਨਤਾਰਨ ਨੇੜੇ ਧਮਾਕਾ ਨਾ ਹੋਇਆ ਹੁੰਦਾ ਤਾਂ ਪੁਲਸ ਹਾਈ ਅਲਰਟ 'ਤੇ ਹੀ ਰਹਿ ਜਾਂਦੀ ਅਤੇ ਦੋਸ਼ੀਆਂ ਦੀ ਸਾਜ਼ਿਸ਼ ਫੈਸਟੀਵਲ ਸੀਜ਼ਨ 'ਚ ਕਾਮਯਾਬ ਹੋ ਜਾਂਦੀ। ਤੁਹਾਨੂੰ ਦੱਸ ਦਈਏ ਕਿ ਪੁਲਸ ਦੇ ਹਾਈ ਅਲਰਟ 'ਤੇ ਰਹਿੰਦੇ ਹੋਏ ਪੰਜਾਬ 'ਚ ਅੱਤਵਾਦੀਆਂ ਨੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਪਰ ਬਟਾਲਾ 'ਚ ਮਾਰੇ ਗਏ 23 ਵਿਅਕਤੀਆਂ ਦੀ ਗੱਲ ਕਰੀਏ ਤਾਂ ਇਸ ਮਾਮਲੇ ਦੀ ਨਿਆਇਕ ਜਾਂਚ ਹੋ ਰਹੀ ਹੈ। ਪੰਜਾਬ 'ਚ ਪਟਾਕਿਆਂ ਦੀਆਂ ਫੈਕਟਰੀਆਂ 'ਚ ਲੱਗੀ ਅੱਗ ਦੇ ਬਾਅਦ ਹੋਏ ਧਮਾਕਿਆਂ 'ਚ ਇੰਨੇ ਲੋਕ ਕਦੇ ਨਹੀਂ ਮਾਰੇ ਗਏ। ਹਾਦਸੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਹਾਈ ਅਲਰਟ 'ਤੇ ਰਹਿਣ ਵਾਲੀ ਪੁਲਸ ਹਾਦਸੇ ਦੇ ਬਾਅਦ ਡਬਲ ਮੁਸਤੈਦ ਹੋ ਗਈ ਹੈ। ਕਈ ਨਾਜਾਇਜ਼ ਪਟਾਕਿਆਂ ਦੇ ਟਰੱਕ ਰਾਤੋ-ਰਾਤ ਜ਼ਬਤ ਕਰ ਲਏ ਗਏ।

ਹੜ੍ਹ 'ਚ ਡੁੱਬੇ ਸੈਂਕੜੇ ਪਿੰਡ
ਕੁਦਰਤੀ ਆਫਤ ਦੀ ਗੱਲ ਕਰੀਏ ਤਾਂ ਭਾਖੜਾ ਡੈਮ ਦਾ ਪਾਣੀ ਛੱਡਣ ਦੇ ਬਾਅਦ ਹੜ੍ਹ 'ਚ ਸੈਂਕੜੇ ਪਿੰਡ ਪਾਣੀ 'ਚ ਡੁੱਬ ਗਏ। ਬਰਸਾਤ ਤੋਂ ਪਹਿਲਾਂ ਬਚਾਅ ਦੇ ਪ੍ਰਬੰਧ ਨਹੀਂ ਸਨ, ਜਿਸ ਕਾਰਣ ਹਾਲਾਤ ਭੈੜੇ ਹੋ ਗਏ। ਇਸ ਦੇ ਬਾਅਦ ਪ੍ਰਸ਼ਾਸਨ ਹਾਈ ਅਲਰਟ 'ਤੇ ਰਿਹਾ।

ਰੈਫਰੈਂਡਮ ਦੀ ਦਸਤਕ 2016-17 ਦੇ ਦਰਮਿਆਨ ਪੰਜਾਬ ਦੇ ਮੋਹਾਲੀ, ਸੰਗਰੂਰ, ਫਤਿਹਗੜ੍ਹ ਸਾਹਿਬ, ਬਰਨਾਲਾ, ਗੁਰਦਾਸਪੁਰ, ਪਟਿਆਲਾ, ਅੰਮ੍ਰਿਤਸਰ, ਮੋਗਾ, ਹੁਸ਼ਿਆਰਪੁਰ ਤੇ ਤਰਨਤਾਰਨ 'ਚ ਖਾਲਿਸਤਾਨ ਅਤੇ ਰੈਫਰੈਂਡਮ 2020 ਦੇ ਸਮਰਥਨ 'ਚ ਪੋਸਟਰ ਲਾਉਣ ਦੇ ਕਈ ਮਾਮਲੇ ਸਾਹਮਣੇ ਆਏ ਹਨ। 15 ਸਤੰਬਰ 2018 ਨੂੰ ਜਲੰਧਰ ਜ਼ਿਲੇ ਦੇ ਮਕਸੂਦਾਂ ਥਾਣੇ 'ਚ 4 ਧਮਾਕੇ ਹੋਏ ਸਨ। 10 ਅਕਤੂਬਰ 2018 ਨੂੰ ਪੰਜਾਬ ਪੁਲਸ ਤੇ ਜੰਮੂ-ਕਸ਼ਮੀਰ ਪੁਲਸ ਦੇ ਸਾਂਝੇ ਆਪ੍ਰੇਸ਼ਨ 'ਚ ਜਲੰਧਰ ਦੇ ਇਕ ਇੰਜੀਨੀਅਰ ਕਾਲਜ 'ਚ 3 ਵਿਦਿਆਰਥੀ ਗ੍ਰਿਫਤਾਰ ਹੋਏ, ਜਿਨ੍ਹਾਂ ਕੋਲੋਂ ਏ.ਕੇ. 56 ਅਤੇ ਵੱਡੀ ਗਿਣਤੀ 'ਚ ਕਾਰਤੂਸ ਬਰਾਮਦ ਹੋਏ ਸਨ। ਇਸ ਦੇ ਇਲਾਵਾ 2018 'ਚ ਵੀ ਅੰਮ੍ਰਿਤਸਰ ਜ਼ਿਲੇ ਦੇ ਇਕ ਸਤਿਸੰਗ ਭਵਨ 'ਚ ਬਾਈਕ ਸਵਾਰਾਂ ਨੇ ਬੰਬ ਸੁੱਟ ਦਿੱਤਾ ਸੀ, ਜਿਸ 'ਚ 3 ਵਿਅਕਤੀਆਂ ਦੀ ਮੌਤ ਹੋ ਗਈ ਸੀ। ਵਿਧਾਨ ਸਭਾ 'ਚ ਸਰਕਾਰ ਵਲੋਂ ਪੇਸ਼ ਅੰਕੜਿਆਂ ਅਨੁਸਾਰ ਅਜੇ ਤਕ 20 ਤੋਂ ਵੱਧ ਅੱਤਵਾਦੀ ਮਾਡਿਊਲਜ਼ ਦਾ ਪਰਦਾਫਾਸ਼ ਕੀਤਾ ਗਿਆ ਸੀ। ਇਨ੍ਹਾਂ ਕੋਲੋਂ ਵੱਡੀ ਗਿਣਤੀ 'ਚ ਅਸਲਾ, ਬਾਰੂਦ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ।

ਧਾਰਾ 370 ਹਟਾਏ ਜਾਣ ਦੇ ਬਾਅਦ ਵੱਡੀ ਚੁਣੌਤੀ
ਇਹ ਸਪੱਸ਼ਟ ਹੈ ਕਿ ਵਿਦੇਸ਼ਾਂ 'ਚ ਰਹਿ ਰਹੇ ਖਾਲਿਸਤਾਨੀ ਸਮਰਥਕ ਰੈਫਰੈਂਡਮ 2020 ਦੀ ਤਿਆਰੀ 'ਚ ਲੱਗੇ ਹੋਏ ਹਨ। ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਦੇ ਬਾਅਦ ਪਾਕਿਸਤਾਨੀ ਸਰਪ੍ਰਸਤੀ 'ਚ ਪਲ ਰਹੇ ਅੱਤਵਾਦੀ ਸੰਗਠਨ ਖਾਲਿਸਤਾਨ ਸਮਰਥਕਾਂ ਦੇ ਰੈਫਰੈਂਡਮ ਨੂੰ ਹਵਾ ਦੇਣ 'ਚ ਲੱਗੇ ਹੋਏ ਹਨ। ਕਸ਼ਮੀਰ ਨੂੰ ਲੈ ਕੇ ਜਦੋਂ ਵੱਖਵਾਦੀ ਵਿਦੇਸ਼ਾਂ 'ਚ ਰੋਸ ਵਿਖਾਵੇ ਕਰਦੇ ਹਨ ਤਾਂ ਇਨ੍ਹਾਂ ਦੇ ਪਿੱਛੇ ਖਾਲਿਸਤਾਨੀ ਸਮਰਥਕ ਵੀ ਖੜ੍ਹੇ ਹੋ ਰਹੇ ਹਨ। ਬਦਲੇ ਹੋਏ ਹਾਲਾਤ 'ਚ ਇਹ ਪੰਜਾਬ ਲਈ ਵੱਡੀ ਚੁਣੌਤੀ ਹੈ। ਖਾਲਿਸਤਾਨ ਨੂੰ ਲੈ ਕੇ 13 ਜੂਨ 2014 ਨੂੰ ਨਿਊਯਾਰਕ ਸਥਿਤ ਸਿੱਖਸ ਫਾਰ ਜਸਟਿਸ ਨੇ ਰੈਫਰੈਂਡਮ 2020 ਦੀ ਮੁਹਿੰਮ 'ਚ ਪਹਿਲੀ ਰੈਲੀ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ 2017 'ਚ ਸੱਤਾ ਸੰਭਾਲੀ ਅਤੇ 2018 'ਚ ਸਿਖਸ ਫਾਰ ਜਸਟਿਸ ਨੇ ਲੰਦਨ ਦੇ ਟ੍ਰੈਫਲਗਰ ਸਕੁਏਅਰ 'ਚ ਰੈਫਰੈਂਡਮ 2020 ਨੂੰ ਕਾਮਯਾਬ ਬਣਾਉਣ ਲਈ ਰੈਲੀ ਕੀਤੀ। ਇਸ ਦੇ ਬਾਅਦ ਪੰਜਾਬ 'ਚ ਅੱਤਵਾਦੀ ਮਾਡਿਊਲ ਸਰਗਰਮ ਹੋ ਗਏ ਅਤੇ ਸੂਬੇ ਦੀ ਪੁਲਸ ਹਾਈ ਅਲਰਟ 'ਤੇ ਰਹੀ।

ਲਾਂਘੇ 'ਤੇ ਹੈ ਖਾਲਿਸਤਾਨੀ ਸਮਰਥਕਾਂ ਦੀ ਨਜ਼ਰ
ਸਿੱਖਸ ਫਾਰ ਜਸਟਿਸ ਨੇ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਦੀ ਉਸਾਰੀ ਨੂੰ ਖਾਲਿਸਤਾਨ ਲਈ ਪੁਲ ਦੱਸਿਆ ਹੈ। ਇਹੀ ਨਹੀਂ, ਇਸ ਲਾਂਘੇ ਦੇ ਉਦਘਾਟਨੀ ਸਮਾਰੋਹ 'ਚ ਖਾਲਿਸਤਾਨ ਰਾਏਸ਼ੁਮਾਰੀ ਦੇ ਨਾਲ ਗੋਪਾਲ ਚਾਵਲਾ ਵਲੋਂ ਵਧਾਈ ਨਾਲ ਸਬੰਧਤ ਪੋਸਟਰ ਵੀ ਲੱਗੇ ਸਨ। ਖਤਰਨਾਕ ਖਾਲਿਸਤਾਨ ਸਮਰਥਕ ਚਾਵਲਾ ਨੂੰ ਹਾਫਿਜ਼ ਸਈਦ ਅਤੇ ਆਈ.ਐੱਸ.ਆਈ. ਦਾ ਕਰੀਬੀ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਸਿੱਖਸ ਫਾਰ ਜਸਟਿਸ ਪਾਕਿਸਤਾਨ ਕਰਤਾਰਪੁਰ ਸਾਹਿਬ 2019 ਆਯੋਜਿਤ ਕਰਨ ਦੀ ਯੋਜਨਾ ਬਣਾ ਚੁੱਕਾ ਹੈ। ਇਸ 'ਤੇ ਡੂੰਘਾ ਚਿੰਤਨ ਕਰਨ ਦੀ ਲੋੜ ਹੈ, ਨਹੀਂ ਤਾਂ ਪੰਜਾਬ ਪੂਰੀ ਤਰ੍ਹਾਂ ਦੁਬਾਰਾ ਅੱਤਵਾਦ ਦੀ ਗ੍ਰਿਫਤ 'ਚ ਆ ਸਕਦਾ ਹੈ।

ਹਾਈ ਅਲਰਟ 'ਤੇ ਸੀ ਪੁਲਸ, ਫਿਰ ਵੀ ਹੋ ਗਏ ਵੱਡੇ ਹਮਲੇ
27 ਜੁਲਾਈ 2015 ਨੂੰ ਅੱਤਵਾਦੀਆਂ ਨੇ ਗੁਰਦਾਸਪੁਰ ਦੇ ਦੀਨਾਨਗਰ ਪੁਲਸ ਸਟੇਸ਼ਨ 'ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ 'ਚ ਗੁਰਦਾਸਪੁਰ ਦੇ ਐੱਸ.ਪੀ. ਸਮੇਤ 13 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ 'ਚ 7 ਪੁਲਸ ਮੁਲਾਜ਼ਮ ਵੀ ਸਨ। ਇਸ ਦੇ ਇਲਾਵਾ 2 ਕੈਦੀ ਅਤੇ 3 ਨਾਗਰਿਕ ਵੀ ਮ੍ਰਿਤਕਾਂ 'ਚ ਸ਼ਾਮਲ ਸਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ 'ਚ ਅੱਜ ਤਕ ਜਿੰਨੇ ਵੀ ਅੱਤਵਾਦੀ ਹਮਲੇ ਹੋਏ ਹਨ, ਉਨ੍ਹਾਂ ਦੇ ਪੁਲਸ ਦੇ ਕੋਲ ਏਜੰਸੀਆਂ ਦੇ ਇਨਪੁੱਟ ਸਨ। ਪੁਲਸ ਹਮੇਸ਼ਾ ਵਾਂਗ ਹਾਈ ਅਲਰਟ 'ਤੇ ਸੀ, ਫਿਰ ਵੀ ਅੱਤਵਾਦ ਨੂੰ ਅੰਜਾਮ ਦੇ ਗਏ ਸਨ। ਇਸ ਹਾਦਸੇ ਦੇ ਬਾਅਦ ਵੀ ਪੰਜਾਬ ਪੁਲਸ ਨੇ ਸਬਕ ਨਹੀਂ ਸਿੱਖਿਆ ਸਿਰਫ ਹਾਈ ਅਲਰਟ 'ਤੇ ਰਹੀ। 2 ਜਨਵਰੀ 2016 ਨੂੰ ਪਠਾਨਕੋਟ ਏਅਰਬੇਸ 'ਤੇ ਹਮਲਾ ਕੀਤਾ, ਜਿਸ 'ਚ 7 ਜਵਾਨ ਸ਼ਹੀਦ ਹੋ ਗਏ ਸਨ ਅਤੇ 9 ਅੱਤਵਾਦੀ ਮਾਰੇ ਗਏ ਸਨ।      


Anuradha

Content Editor

Related News