ਪੁਲਸ ਦੇ ਜਵਾਨਾਂ ਦਾ ਨਵਾਂ ਟ੍ਰੈਂਡ, ਮੁੱਛਾਂ ਖੁੰਡੀਆਂ ਤੇ ਉੱਚੀ ਪੈਂਟ

06/21/2019 6:27:12 PM

ਲੁਧਿਆਣਾ : ਪੰਜਾਬ ਪੁਲਸ ਦੇ ਜਵਾਨਾਂ ਦੀ ਵਰਦੀ 'ਤੇ ਹੁਣ ਫੈਸ਼ਨ ਦਾ ਤੜਕਾ ਲੱਗਣਾ ਸ਼ੁਰੂ ਹੋ ਗਿਆ ਹੈ। ਨਵੇਂ ਭਰਤੀ ਹੋਏ ਮੁਲਾਜ਼ਮ ਲੋਅ ਵੇਸਟ ਪੈਂਟ, ਸ਼ਾਰਟ-ਸਲੀਵ ਸ਼ਰਟ, ਸਕਿਨ ਟਾਈਟ ਸ਼ਰਟ ਅਤੇ ਨੈਰੋ ਬਾਟਮ ਪੈਂਟ ਤਕ ਪਹਿਨ ਕੇ ਸਟਾਈਲਿਸ਼ ਬਣ ਗਏ ਹਨ। ਹਾਲਾਂਕਿ ਹੁਣ ਵਿਭਾਗ ਨੇ ਇਸ ਪਾਸੇ ਨਜ਼ਰ ਟੇਢੀ ਕਰਨੀ ਸ਼ੁਰੂ ਕਰ ਲਈ ਹੈ ਪਰ ਬਾਲੀਵੁੱਡ ਦਾ ਤੜਕਾ ਪੁਲਸ ਜਵਾਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅਜਿਹੇ ਮੁਲਾਜ਼ਮਾਂ ਨੂੰ ਵਿਭਾਗ ਨੇ ਕਾਰਵਾਈ ਲਈ ਤਿਆਰ ਰਹਿਣ ਦੀ ਵੀ ਚਿਤਾਵਨੀ ਦਿੱਤੀ ਹੈ। 

ਖਾਕੀ ਦਾ ਰੰਗ ਵੀ ਬਦਲਿਆ-ਬਦਲਿਆ ਨਜ਼ਰ ਆ ਰਿਹਾ ਹੈ। ਕਰਮਚਾਰੀ ਖਾਕੀ ਰੰਗ ਦਾ ਟੋਨ ਬਦਲ ਕੇ ਲੁਭਾਉਣੇ ਟੋਨ 'ਚ ਵਰਦੀ ਸੁਆ ਰਹੇ ਹਨ। ਅਜਿਹੇ ਵਿਚ ਜਦੋਂ ਸਾਰੇ ਮੁਲਾਜ਼ਮ ਇਕ ਜਗ੍ਹਾ ਹੁੰਦੇ ਹਨ ਤਾਂ ਵਰਦੀ ਦੇ ਵੱਖ-ਵੱਖ ਰੰਗ ਸਾਫ ਨਜ਼ਰ ਆਉਂਦਾ ਹੈ। ਅਨੁਸ਼ਾਸਨ ਤੋੜਨ ਵਾਲੇ ਪੁਲਸ ਵਾਲੇ ਜ਼ਿਆਦਾਤਰ 2010 ਤੋਂ ਬਾਅਦ ਭਰਤੀ ਹੋਏ ਹਨ। ਦੱਸਣਯੋਗ ਹੈ ਕਿ ਅਜਿਹੇ ਮਾਮਲਿਆਂ 'ਚ ਸ਼ਰਟ ਦੀ ਸਲੀਵ ਅਤੇ ਪੈਂਟ ਦੀ ਲੰਬਾਈ ਤੈਅ ਮਾਨਕਾਂ ਤੋਂ ਘੱਟ ਨਿਕਲੀ ਹੈ। ਇਥੋਂ ਤਕ ਮਹਿਲਾ ਪੁਲਸ ਕਰਮਚਾਰੀ ਵੀ ਟਾਈਟ ਫਿੱਟ ਸ਼ਰਟ ਅਤੇ ਲੋਅ ਵੇਸਟ ਪੈਂਟ ਪਹਿਨਣ ਲੱਗੀਆਂ ਹਨ। 

ਬੂਟ ਦਾ ਰੰਗ ਬਦਲਿਆ, ਬਾਂਹ ਅਤੇ ਗਲੇ 'ਤੇ ਬਣਾਏ ਟੈਟੂ
ਵਰਦੀ ਦੇ ਨਾਲ-ਨਾਲ ਬੂਟਾਂ ਦਾ ਰੰਗ ਵੀ ਬਦਲ ਰਿਹਾ ਹੈ। ਪਹਿਲਾਂ ਸਾਰੇ ਕਰਮਚਾਰੀ ਪੁਲਸ ਲਾਈਨ ਤੋਂ ਇਕ ਹੀ ਰੰਗ ਦੇ ਬੂਟ ਖਰੀਦਦੇ ਸਨ ਪਰ ਹੁਣ ਨਵੇਂ ਕਰਮਚਾਰੀ ਬ੍ਰਾਂਡੇਡ ਕੰਪਨੀਆਂ ਦੇ ਬੂਟ ਖਰੀਦ ਰਹੇ ਹਨ। ਉਥੇ ਹੀ ਪੰਜਾਬ ਪੁਲਸ ਦੇ ਕਈ ਮੁਲਾਜ਼ਮ ਆਪਣੇ ਹੱਥ, ਬਾਂਗ ਅਤੇ ਗਲੇ 'ਤੇ ਟੈਟੂ ਬਨਵਾ ਰਹੇ ਹਨ। ਬਾਂਹ 'ਤੇ ਟੈਟੂ ਦੇ ਨਾਲ ਸ਼ਾਰਟ ਸਲੀਵ ਸ਼ਰਟ ਪਹਿਨੀ ਜਾ ਰਹੀ ਹੈ। 

ਮੁੱਛਾਂ ਵੀ ਸਟਾਈਲਿਸ਼
ਪੁਲਸ ਵਿਭਾਗ 'ਚ ਭਰਤੀ ਹੋਈ ਨੌਜਵਾਨ ਪੀੜ੍ਹੀ ਨੇ ਤਾਂ ਮੁੱਛਾਂ ਦਾ ਸਟਾਈਲ ਵੀ ਬਦਲ ਲਿਆ ਹੈ। ਨਵੇਂ ਮੁਲਾਜ਼ਮ ਮੁੱਛਾਂ ਨੂੰ ਲੈ ਕੇ ਵੀ ਸਟਾਈਲਿਸ਼ ਹਨ ਅਤੇ ਬਕਾਇਦਾ ਸੈਲੂਨ ਜਾ ਕੇ ਮੁੱਛਾਂ ਦੇ ਸਟਾਈਲ ਬਣਵਾਉਂਦੇ ਹਨ। 

ਹੁਣ ਤਕ 400 ਮੁਲਾਜ਼ਮਾਂ ਨੂੰ ਜਾਰੀ ਹੋਇਆ ਨੋਟਿਸ
ਪੁਲਸ ਸੂਤਰਾਂ ਅਨੁਸਾਰ ਘੱਟ ਕਮਰ ਵਾਲੀਆਂ ਪੈਂਟਾਂ ਅਤੇ ਸਕਿਨ ਟਾਈਟ ਸ਼ਰਟ 'ਚ ਮਹਿਲਾਵਾਂ ਸਮੇਤ 400 ਤੋਂ ਵੱਧ ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਵਰਦੀ ਦੇ ਨਿਯਮਾਂ ਦੇ ਉਲੰਘਣ 'ਤੇ ਨੋਟਿਸ ਜਾਰੀ ਹੋ ਚੁੱਕਾ ਹੈ। ਇਨ੍ਹਾਂ ਵਿਚ 6 ਏ. ਐੱਸ. ਆਈ. ਅਤੇ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਸ਼ਾਮਲ ਹਨ। 


Gurminder Singh

Content Editor

Related News