ਪੰਜਾਬ ਪੁਲਸ ਦੇ 10 ਅਧਿਕਾਰੀਆਂ ਦੀ ਸੀ. ਐੱਮ. ਮੈਡਲ ਲਈ ਚੋਣ
Friday, Aug 14, 2020 - 02:21 AM (IST)

ਚੰਡੀਗੜ੍ਹ,(ਰਮਨਜੀਤ)-ਪੰਜਾਬ ਸਰਕਾਰ ਵਲੋਂ ਇਸ ਆਜ਼ਾਦੀ ਦਿਵਸ ਮੌਕੇ 'ਚੀਫ ਮਨਿਸਟਰ ਰੱਖਿਅਕ ਮੈਡਲ' ਅਤੇ 'ਚੀਫ਼ ਮਨਿਸਟਰ ਮੈਡਲ ਫਾਰ ਆਊਟਸਟੈਂਡਿੰਗ ਡਿਵੋਸ਼ਨ ਟੂ ਡਿਊਟੀ' ਦੇਣ ਲਈ 10 ਪੁਲਸ ਅਧਿਕਾਰੀਆਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਵਿਚ ਐੱਸ.ਐੱਸ.ਪੀ. ਬਰਨਾਲਾ ਸਮੇਤ 4 ਪੀ. ਪੀ. ਐੱਸ. ਅਧਿਕਾਰੀ ਅਤੇ 4 ਇੰਸਪੈਕਟਰ ਪੱਧਰ ਦੇ ਅਧਿਕਾਰੀ ਅਤੇ 1 ਸਬ-ਇੰਸਪੈਕਟਰ ਅਤੇ 1 ਅਸਿਸਟੈਂਟ ਸਬ-ਇੰਸਪੈਕਟਰ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਚੀਫ਼ ਮਨਿਸਟਰ ਮੈਡਲ ਫਾਰ ਆਊਟਸਟੈਂਡਿੰਗ ਡਿਵੋਸ਼ਨ ਟੂ ਡਿਊਟੀ ਮੈਡਲ ਲਈ ਐੱਸ.ਐੈੱਸ.ਪੀ. ਬਰਨਾਲਾ ਸੰਦੀਪ ਗੋਇਲ, 13ਵੀਂ ਬਟਾਲੀਅਨ ਪੀ.ਏ.ਪੀ. ਦੇ ਕਮਾਂਡੈਂਟ ਬਲਵੰਤ ਕੌਰ, ਡੀ.ਐੱਸ.ਪੀ. ਸਪੈਸ਼ਲ ਕ੍ਰਾਈਮ ਮੋਗਾ ਸੁਖਵਿੰਦਰ ਸਿੰਘ, ਡੀ.ਐੱਸ.ਪੀ. ਫਾਜ਼ਿਲਕਾ ਜਗਦੀਸ਼ ਕੁਮਾਰ, ਇੰਸਪੈਕਟਰ ਭੁਪਿੰਦਰ ਸਿੰਘ ਇੰਟੈਲੀਜੈਂਸ, ਸੀ.ਆਈ.ਏ. ਇੰਚਾਰਜ ਬਰਨਾਲਾ ਬਲਜੀਤ ਸਿੰਘ, ਸੀ.ਆਈ.ਏ. ਇੰਚਾਰਜ ਫਿਰੋਜ਼ਪੁਰ ਇੰਸਪੈਕਟਰ ਕੌਰ ਸਿੰਘ, ਐੱਸ.ਐੈੱਚ.ਓ. ਥਾਣਾ ਮਟੌਰ ਇੰਸਪੈਕਟਰ ਰਾਜੀਵ ਕੁਮਾਰ ਅਤੇ ਸਬ-ਇੰਸਪੈਕਟਰ ਸੁਖਬੀਰ ਸਿੰਘ ਇੰਟੈਲੀਜੈਂਸ ਵਿੰਗ ਨੂੰ ਚੁਣਿਆ ਗਿਆ ਹੈ। ਏ.ਐੱਸ.ਆਈ. ਸਵਰਨ ਸਿੰਘ ਦੀ ਚੀਫ਼ ਮਨਿਸਟਰ ਰੱਖਿਅਕ ਮੈਡਲ ਲਈ ਚੋਣ ਕੀਤੀ ਗਈ ਹੈ। ਇਨ੍ਹਾਂ ਸਾਰੇ ਪੁਲਸ ਅਧਿਕਾਰੀਆਂ ਨੂੰ ਆਜ਼ਾਦੀ ਦਿਵਸ ਮੌਕੇ ਐੱਸ.ਏ.ਐੱਸ. ਨਗਰ ਮੋਹਾਲੀ ਵਿਚ ਆਯੋਜਿਤ ਹੋਣ ਵਾਲੇ ਸਮਾਰੋਹ ਦੌਰਾਨ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵਲੋਂ ਸਨਮਾਨਿਤ ਕੀਤਾ ਜਾਵੇਗਾ।