ਪੰਜਾਬ ਦੇ ਇਨ੍ਹਾਂ ਬਿਰਧ ਘਰਾਂ ਲਈ ਸਰਕਾਰ ਦਾ ਅਹਿਮ ਐਲਾਨ, ਅਧਿਕਾਰੀਆਂ ਨੂੰ ਜਾਰੀ ਹੋਏ ਹੁਕਮ
Saturday, Aug 12, 2023 - 05:08 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਬਿਰਧ ਘਰ ਮਾਨਸਾ ਅਤੇ ਬਰਨਾਲਾ ਦੀ ਉਸਾਰੀ ਲਈ ਚਾਲੂ ਵਿੱਤੀ ਸਾਲ 2023-24 ਲਈ 10.00 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਇੱਥੇ ਕੀਤਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਓਲਡ ਏਜ ਹੋਮ ਦੀ ਸਕੀਮ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਈ ਜਾ ਰਹੀ ਹੈ। ਵਿਭਾਗ ਵੱਲੋਂ ਦਾ ਮੈਂਨਟੇਨੈਂਸ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜਨ ਐਕਟ, 2007 ਸੈਕਸ਼ਨ 19 ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਸੀਨੀਅਰ ਸਿਟੀਜ਼ਨ ਸਥਾਪਿਤ ਕੀਤੇ ਜਾਣੇ ਹਨ।
ਇਹ ਵੀ ਪੜ੍ਹੋ : ਇਟਲੀ ਤੋਂ ਆਈ ਖ਼ਬਰ ਨੇ ਤੋੜਿਆ ਮਾਪਿਆਂ ਦਾ ਲੱਕ, ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਪੁੱਤ ਦੀ ਮੌਤ
ਇਸ ਐਕਟ ਤਹਿਤ, ਬੇਸਹਾਰਾ ਸੀਨੀਅਰ ਨਾਗਰਿਕਾਂ ਲਈ ਓਲਡ ਏਜ ਹੋਮ ਦਾ ਪ੍ਰਬੰਧਨ ਕਰਨ ਅਤੇ ਲੋੜਵੰਦ ਬਜ਼ੁਰਗਾਂ ਅਤੇ ਕਮਜ਼ੋਰਾਂ ਨੂੰ ਪਨਾਹ ਦੇਣ ਦੀ ਵਿਵਸਥਾ ਹੈ। ਬਜ਼ੁਰਗਾਂ ਦੀ ਦੇਖ-ਭਾਲ ਕਰਨ ਤੋਂ ਇਲਾਵਾ ਇਨ੍ਹਾਂ ਬਜ਼ੁਰਗਾਂ ਨੂੰ ਭੋਜਨ, ਕੱਪੜੇ, ਰਿਹਾਇਸ਼ ਅਤੇ ਡਾਕਟਰੀ ਸਹੂਲਤਾਂ ਵੀ ਮੁਫ਼ਤ ਮੁਹੱਈਆ ਕੀਤੇ ਜਾਣ ਦੀ ਵਿਵਸਥਾ ਹੈ। ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਖੇ ਉਸਾਰੇ ਜਾਣ ਵਾਲੇ 3.5 ਏਕੜ (29353 ਵਰਗ ਗਜ਼) ਬਿਰਧ ਘਰ ਦੀ ਸਮਰੱਥਾ 72 ਲਾਭਪਾਤਰੀਆਂ ਲਈ 24 ਕਮਰੇ ਦਾ ਉਪਬੰਧ ਹੈ। ਇਸ ਦਾ 60 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਵਿਖੇ ਉਸਾਰੇ ਜਾਣ ਵਾਲੇ 26 ਕਨਾਲ 17 ਮਰਲੇ (31827 ਵਰਗ ਗਜ਼) ਸੀਨੀਅਰ ਸਿਟੀਜ਼ਨ ਹੋਮ ਦੀ ਸਮਰੱਥਾ 72 ਲਾਭਪਾਤਰੀਆਂ ਲਈ 24 ਕਮਰਿਆਂ ਦਾ ਉਪਬੰਧ ਹੈ।
ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ 'ਤੇ ਪੰਜਾਬ ਪੁਲਸ ਦੇ 4 ਅਧਿਕਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ
ਇਸ ਬਿਰਧ ਘਰ ਦਾ 82 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਜ਼ੁਰਗਾਂ ਦੀ ਭਲਾਈ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਸੂਬਾ ਸਰਕਾਰ ਵੱਲੋਂ ਇਸ ਸਬੰਧੀ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਉਸਾਰੇ ਜਾਣ ਵਾਲੇ ਬਿਰਧ ਘਰਾਂ 'ਚ ਬਜ਼ੁਰਗਾਂ ਲਈ ਅਨੁਕੂਲ ਮਾਹੌਲ ਸਿਰਜਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾਵੇਗੀ, ਜਿਸ ਨਾਲ ਬਜ਼ੁਰਗਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਿਰਧ ਘਰ ਮਾਨਸਾ ਅਤੇ ਬਰਨਾਲਾ ਦੇ ਕੰਮਾਂ 'ਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਅਤੇ ਫੰਡਾਂ ਦੀ ਕੁਸ਼ਲਤਾ ਤੇ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ