ਪੰਜਾਬੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਰਿਪੋਰਟ

Monday, May 11, 2026 - 04:38 PM (IST)

ਪੰਜਾਬੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਰਿਪੋਰਟ

ਚੰਡੀਗੜ੍ਹ: ਪੰਜਾਬ ਵਿਚ ਐੱਚ.ਆਈ.ਵੀ. ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਕੌਮੀ ਏਡਜ਼ ਨਿਯੰਤਰਣ ਸੰਗਠਨ (NACO) ਦੀ ਤਾਜ਼ਾ ਰਿਪੋਰਟ ਅਨੁਸਾਰ, ਪਿਛਲੇ 5 ਸਾਲਾਂ ਵਿਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਸਾਲ 2021-22 ਵਿਚ ਜਿੱਥੇ HIV ਦੀ ਲਪੇਟ ਵਿਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 8,049 ਸੀ, ਉੱਥੇ ਹੀ 2025-26 ਤੱਕ ਇਹ ਅੰਕੜਾ ਵਧ ਕੇ 13,490 ਤੱਕ ਪਹੁੰਚ ਗਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਵਿਚ ਏਡਜ਼ ਇਕ 'ਸਾਈਲੈਂਟ ਐਪੀਡੇਮਿਕ' ਦਾ ਰੂਪ ਲੈ ਚੁੱਕਾ ਹੈ। ਲੋਕਾਂ ਵਿਚ ਜਾਗਰੂਕਤਾ ਦੀ ਕਾਫ਼ੀ ਕਮੀ ਹੈ, ਖਾਸ ਕਰਕੇ ਨਸ਼ੇ ਦੌਰਾਨ ਸੂਈਆਂ ਸਾਂਝੀਆਂ ਕਰਨ ਵਾਲੇ ਆਈਡੀਯੂ (IDU) ਡਰੱਗ ਯੂਜ਼ਰਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ।

ਸਿਹਤ ਮਾਹਿਰਾਂ ਅਨੁਸਾਰ, ਇਸ ਉਛਾਲ ਪਿੱਛੇ ਸਭ ਤੋਂ ਘਾਤਕ ਕਾਰਨ ਨਸ਼ੇ ਦੇ ਇੰਜੈਕਸ਼ਨਾਂ ਦੀ ਸਾਂਝੀ ਵਰਤੋਂ ਹੈ। ਰਿਪੋਰਟ ਮੁਤਾਬਕ, ਸਾਲ 2024-25 ਵਿਚ 56.15 ਫ਼ੀਸਦੀ ਨਵੇਂ ਐੱਚ.ਆਈ.ਵੀ. ਮਾਮਲੇ ਸੰਕਰਮਿਤ ਸੂਈਆਂ ਅਤੇ ਸਰਿੰਜਾਂ ਦੀ ਵਰਤੋਂ ਕਾਰਨ ਹੋਏ ਹਨ। ਇਸ ਤੋਂ ਇਲਾਵਾ, ਪ੍ਰਵਾਸੀ ਮਜ਼ਦੂਰ ਅਤੇ ਟਰੱਕ ਡਰਾਈਵਰਾਂ ਦਾ ਟ੍ਰਾਂਸਪੋਰਟ ਨੈੱਟਵਰਕ ਵੀ ਸੰਕਰਮਣ ਨੂੰ ਇਕ ਥਾਂ ਤੋਂ ਦੂਜੀ ਥਾਂ ਫੈਲਾਉਣ ਦਾ ਵੱਡਾ ਕਾਰਨ ਬਣ ਰਿਹਾ ਹੈ।

ਸਥਿਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਰਾਜ ਦੀਆਂ ਸਾਰੀਆਂ ਜੇਲ੍ਹਾਂ ਅਤੇ ਓਟ ਸੈਂਟਰਾਂ ਵਿਚ ਮਾਸ-ਟੈਸਟਿੰਗ ਮੁਹਿੰਮ ਸ਼ੁਰੂ ਕੀਤੀ ਹੈ। ਸਿਹਤ ਮੰਤਰਾਲੇ ਦੇ ਵਧੀਕ ਸਕੱਤਰ ਡਾ. ਰਾਕੇਸ਼ ਗੁਪਤਾ ਨੇ ਜ਼ਿਲ੍ਹਾ ਪੱਧਰ 'ਤੇ ਤੁਰੰਤ ਕਾਰਵਾਈ ਅਤੇ ਜਵਾਬਦੇਹੀ ਤੈਅ ਕਰਨ 'ਤੇ ਜ਼ੋਰ ਦਿੱਤਾ ਹੈ। ਜ਼ਿਕਰਯੋਗ ਹੈ ਕਿ NACO ਨੇ 95-95-95 ਦਾ ਟੀਚਾ ਰੱਖਿਆ ਹੈ (ਜਿਸ ਵਿਚ 95% ਲੋਕਾਂ ਨੂੰ ਆਪਣੀ ਸਥਿਤੀ ਦਾ ਪਤਾ ਹੋਵੇ, 95% ਦਾ ਇਲਾਜ ਹੋਵੇ ਅਤੇ 95% ਦੀ ਵਾਇਰਲ ਲੋਡ ਘੱਟ ਹੋਵੇ), ਪਰ ਪੰਜਾਬ ਵਿਚ ਇਹ ਅੰਕੜਾ ਅਜੇ 86% ਹੀ ਹੈ।
 


author

Anmol Tagra

Content Editor

Related News