ਪੰਜਾਬ ਦੇ ਮੰਤਰੀ ਤੇ ਵਿਧਾਇਕ ਕੁਰਸੀ ਦੀ ਲੜਾਈ ਛੱਡ ਸਿਹਤ ਸਹੂਲਤਾਂ ਵੱਲ ਦੇਣ ਧਿਆਨ : ਭਗਵੰਤ ਮਾਨ
Wednesday, May 12, 2021 - 09:10 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ ਨੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨਾਲ ਸੰਗਰੂਰ ਵਿਖੇ ਮੁਲਾਕਾਤ ਕੀਤੀ। ਉਨ੍ਹਾਂ ਕੋਰੋਨਾ ਮਹਾਮਾਰੀ ਨੂੰ ਲੈ ਕੇ ਚੱਲ ਰਹੇ ਪ੍ਰਬੰਧਾਂ ਸਬੰਧੀ ਚਰਚਾ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਲੋੜ ਹੈ ਪਰ ਕੈਪਟਨ ਅਮਰਿੰਦਰ ਸਿੰਘ ਮਹਿਲਾਂ ’ਚ ਬੈਠੇ ਹਨ, ਜਦਕਿ ਕਾਂਗਰਸ ਦੇ ਮੰਤਰੀ ਤੇ ਵਿਧਾਇਕ ਵੱਖ-ਵੱਖ ਥਾਵਾਂ ’ਤੇ ਟੋਲੀਆਂ ਬਣਾ ਕੇ ਕੁਰਸੀ ਹਥਿਆਉਣ ਲਈ ਲੜਾਈ ਕਰ ਰਹੇ ਹਨ।
ਇਹ ਵੀ ਪੜ੍ਹੋ : ਸਰਹਿੰਦ ਫਤਿਹ ਦਿਵਸ ’ਤੇ ਨੂਰਪੁਰਬੇਦੀ ਪਹੁੰਚੇ ਗੁਰਨਾਮ ਸਿੰਘ ਚਢੂਨੀ, ਮੋਦੀ ਸਰਕਾਰ ’ਤੇ ਕੀਤੇ ਤਿੱਖੇ ਸ਼ਬਦੀ ਹਮਲੇ
ਇਸ ਦੇ ਉਲਟ ਪੰਜਾਬ ਦੇ ਲੋਕ ਹਸਪਤਾਲਾਂ ’ਚ ਬੈੱਡਾਂ, ਦਵਾਈਆਂ, ਆਕਸੀਜਨ ਆਦਿ ਪ੍ਰਾਪਤ ਕਰਨ ਲਈ ਲੜਾਈ ਲੜ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਸ਼ਮਸ਼ਾਨਘਾਟਾਂ ਅਤੇ ਸਰਕਾਰ ਦੇ ਅੰਕੜਿਆਂ ’ਚ ਮੌਤਾਂ ਦਾ ਫ਼ਰਕ ਹੈ। ਸਰਕਾਰ ਪਿੰਡਾਂ ’ਚ ਮਰ ਰਹੇ ਲੋਕਾਂ ਦੀ ਪੂਰੀ ਜਾਣਕਾਰੀ ਨਹੀਂ ਦੇ ਰਹੀ।ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਸਰਕਾਰੀ ਹਸਪਤਾਲ ਖ਼ੁਦ ਬੀਮਾਰ ਹਨ। ਇਨ੍ਹਾਂ ਤੋਂ ਲੋਕਾਂ ਦੇ ਠੀਕ ਹੋਣ ਦੀ ਕੋਈ ਵੀ ਆਸ ਨਹੀਂ ਰੱਖੀ ਜਾ ਸਕਦੀ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ’ਚ ਤੀਸਰੇ ਲੈਵਲ ਦੇ ਕੋਰੋਨਾ ਪੀੜਤ ਮਰੀਜ਼ ਦੀ ਸੰਭਾਲ ਲਈ ਕੋਈ ਪ੍ਰਬੰਧ ਨਹੀਂ, ਜਿਸ ਕਰਕੇ ਇਨ੍ਹਾਂ ਮਰੀਜ਼ਾਂ ਨੂੰ ਲੁਧਿਆਣਾ, ਚੰਡੀਗੜ੍ਹ ਤੇ ਪਟਿਆਲਾ ਵਿਖੇ ਭੇਜਣਾ ਪੈ ਰਿਹਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਉਹ ਆਪਣੇ ਐੱਮ. ਪੀ. ਲੈਂਡ ਫੰਡ ’ਚੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ ਪਰ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਕਿਸ ਚੀਜ਼ ਦੀ ਜ਼ਰੂਰਤ ਹੈ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਿਸ਼ਨ ਫਤਿਹ ਫੇਲ੍ਹ ਹੋ ਚੁੱਕਾ ਹੈ। ਅੱਜ ਮਰੀਜ਼ਾਂ ਨੂੰ ਮਿਸ਼ਨ ਫਤਿਹ ਤਹਿਤ ਕੋਈ ਕਿੱਟ ਨਹੀਂ ਮਿਲ ਰਹੀ। ਸਰਕਾਰੀ ਹਸਪਤਾਲਾਂ ’ਚ ਪਏ ਵੈਂਟੀਲੇਟਰ ਕਬਾੜ ਬਣ ਰਹੇ ਹਨ, ਉਨ੍ਹਾਂ ਨੂੰ ਚਲਾਉਣ ਲਈ ਵੀ ਸਰਕਾਰ ਕੋਲ ਪੂਰੇ ਪੁਖਤਾ ਪ੍ਰਬੰਧ ਨਹੀਂ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਸਰਕਾਰ ਨੂੰ ਲੋਕਾਂ ਦੀ ਸਿਹਤ ਵੱਲ ਧਿਆਨ ਦੇਣ ਦੀ ਲੋੜ ਹੈ। ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਕੁਰਸੀ ਦੀ ਲੜਾਈ ਛੱਡ ਕੇ ਲੋਕਾਂ ਦੀਆਂ ਕੋਰੋਨਾ ਮਹਾਮਾਰੀ ਕਾਰਨ ਹੋ ਰਹੀਆਂ ਮੌਤਾਂ ਨੂੰ ਗੰਭੀਰਤਾ ਨਾਲ ਲਵੇ।