ਦੇਸ਼ ਭਰ 'ਚੋਂ ਪੰਜਾਬ ਸੂਬਾ ਮੋਹਰੀ ਸਨਅਤੀ ਵਜੋਂ ਉੱਭਰੇਗਾ : CM ਭਗਵੰਤ ਮਾਨ

Tuesday, Feb 07, 2023 - 06:21 PM (IST)

ਅੰਮ੍ਰਿਤਸਰ (ਨੀਰਜ)- ਪੰਜਾਬ ਦੇ ਮੁੱਖ ਮੰਤਰੀ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਆਖਿਆ ਕਿ ਮੌਜੂਦਾ ਸਿਆਸੀ ਸਥਿਰਤਾ ਦੇ ਦੌਰ ਅਤੇ ਤੇਜ਼ ਗਤੀ ਨਾਲ ਫ਼ੈਸਲੇ ਲੈਣ ਦੇ ਢਾਂਚੇ ਦੇ ਨਾਲ-ਨਾਲ ਲੀਕ ਤੋਂ ਹਟਵੇਂ ਵਿਚਾਰਾਂ ਨਾਲ ਪੰਜਾਬ ਛੇਤੀ ਹੀ ਦੇਸ਼ ਭਰ 'ਚੋਂ ਮੋਹਰੀ ਸਨਅਤੀ ਸੂਬਾ ਬਣ ਕੇ ਉੱਭਰੇਗਾ। ਮੁਹਾਲੀ ਵਿਖੇ 23 ਤੇ 24 ਫਰਵਰੀ ਨੂੰ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੀਆਂ ਤਿਆਰੀਆਂ ਦੌਰਾਨ ਅੱਜ ਇੱਥੇ ਸਨਅਤਕਾਰਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਦਾ ਜਨਮ ਹੀ ਨੰਬਰ ਇਕ 'ਤੇ ਪੁੱਜਣ ਲਈ ਹੋਇਆ ਹੈ ਕਿਉਂਕਿ ਮਿਹਨਤ ਤੇ ਸਮਰਪਣ ਦੀ ਭਾਵਨਾ ਪੰਜਾਬੀਆਂ ਦੇ ਖ਼ੂਨ 'ਚ ਹੀ ਸਮਾਈ ਹੋਈ ਹੈ। ਉਨ੍ਹਾਂ ਕਿਹਾ ਕਿ ਇਸੇ ਜਜ਼ਬੇ ਨਾਲ ਪੰਜਾਬੀਆਂ ਨੇ ਹਮੇਸ਼ਾ ਹਰੇਕ ਖ਼ੇਤਰ 'ਚ ਮੱਲਾਂ ਮਾਰੀਆਂ ਅਤੇ ਸੂਬੇ ਦੇ ਉੱਦਮੀਆਂ ਨੇ ਦੁਨੀਆ ਭਰ 'ਚ ਆਪਣੇ ਲਈ ਵੱਖਰਾ ਮੁਕਾਮ ਹਾਸਲ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਸਨਅਤੀ ਤਰੱਕੀ ਦੀ ਤੇਜ਼ ਰਫ਼ਤਾਰ ਦਾ ਪਾਂਧੀ ਬਣੇਗਾ।

ਸੂਬੇ ਭਰ 'ਚ ਸੈਰ-ਸਪਾਟਾ ਸਨਅਤ ਨੂੰ ਦਿੱਤਾ ਹੁਲਾਰਾ

ਸੂਬੇ ਭਰ 'ਚ ਸੈਰ-ਸਪਾਟਾ ਸਨਅਤ ਨੂੰ ਹੁਲਾਰਾ ਦੇਣ ਲਈ ਇਸ ਖ਼ੇਤਰ ਵਿਚਲੀਆਂ ਅਥਾਹ ਸੰਭਾਵਨਾਵਾਂ ਦਾ ਪੂਰਾ ਲਾਹਾ ਲੈਣ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਇਸ ਗੱਲੋਂ ਖ਼ੁਸ਼ਕਿਸਮਤ ਹੈ ਕਿ ਇੱਥੇ ਬਹੁਤ ਸਾਰੇ ਕੁਦਰਤੀ ਸਰੋਤ ਹਨ, ਜਿਨ੍ਹਾਂ ਨੂੰ ਕੌਮਾਂਤਰੀ ਸੈਲਾਨੀਆਂ ਲਈ ਸੈਰਗਾਹਾਂ ਵਜੋਂ ਵਿਕਸਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਰਣਜੀਤ ਸਾਗਰ ਡੈਮ, ਚੋਹਾਲ ਡੈਮ, ਨੂਰਪੁਰ ਬੇਦੀ ਤੇ ਹੋਰ ਥਾਵਾਂ ਨੂੰ ਆਧੁਨਿਕ ਸੈਰਗਾਹਾਂ ਵਜੋਂ ਵਿਕਸਤ ਕਰਨ ਲਈ ਪੁਖ਼ਤਾ ਤਜਵੀਜ਼ ਲਿਆ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਸੈਰ-ਸਪਾਟਾ ਕੇਂਦਰਾਂ 'ਚ ਅਥਾਹ ਸੰਭਾਵਨਾਵਾਂ ਹਨ, ਜਿਹੜੀਆਂ ਸੂਬੇ ਨੂੰ ਕੌਮਾਂਤਰੀ ਸੈਰ-ਸਪਾਟੇ ਦੇ ਨਕਸ਼ੇ ਉਤੇ ਲਿਆ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਸੈਰ-ਸਪਾਟੇ ਪੱਖੋਂ ਇਸ ਤਰ੍ਹਾਂ ਵਿਕਸਤ ਕੀਤਾ ਜਾਵੇਗਾ, ਜਿਸ ਤੋਂ ਧਾਰਮਿਕ ਤੇ ਦੇਸ਼ ਭਗਤੀ ਦੇ ਜਜ਼ਬੇ ਦਾ ਝਲਕਾਰਾ ਮਿਲੇ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਸੈਰ-ਸਪਾਟਾ ਖ਼ੇਤਰ ਦੀ ਤਰੱਕੀ ਲਈ ਹਰ ਹੀਲਾ ਵਰਤਿਆ ਜਾਵੇਗਾ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੁਨੀਆ ਭਰ ਦੇ ਸੈਲਾਨੀਆਂ ਦਾ ਧਿਆਨ ਆਪਣੇ ਵੱਲ ਖਿੱਚੇਗਾ।

ਇਹ ਵੀ ਪੜ੍ਹੋ- ਡਾਲਰਾਂ ਦੀ ਚਮਕ ਤੋਂ ਵੱਡੀ ਦੇਸ਼ ਸੇਵਾ! ਪੰਜਾਬ ਦੀਆਂ ਇਨ੍ਹਾਂ ਧੀਆਂ ਨੇ ਪਹਿਲੀ ਵਾਰ 'ਚ ਪਾਸ ਕੀਤੀ ਅਗਨੀਵੀਰ ਪ੍ਰੀਖਿਆ

ਉਨ੍ਹਾਂ ਕਿਹਾ ਕਿ ਇਨ੍ਹਾਂ ਸੈਰਗਾਹਾਂ ਨੂੰ ਵਿਕਸਤ ਕਰਨ ਲਈ ਦੇਸ਼ ਭਰ ਤੋਂ ਜਾਂ ਵਿਦੇਸ਼ਾਂ ਤੋਂ ਵੱਡੀਆਂ ਕੰਪਨੀਆਂ ਨੂੰ ਸੱਦਣ ਦੀ ਥਾਂ ਸਥਾਨਕ ਸਨਅਤਕਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਨਾਲ ਸਥਾਨਕ ਸਨਅਤਕਾਰਾਂ ਨੂੰ ਇਸ ਖ਼ੇਤਰ 'ਚ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ 'ਚ ਪੈਦਾ ਹੋਣ ਵਾਲੀ ਕੁੱਲ ਬਾਸਮਤੀ ਦੀ 80 ਫ਼ੀਸਦੀ ਪੈਦਾਵਾਰ ਪੰਜਾਬ 'ਚ ਹੁੰਦੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਸ ਦਾ ਉਤਪਾਦਨ ਹੋਰ ਵਾਧਾ ਕੀਤਾ ਜਾਵੇਗਾ।

ਪੰਜਾਬ ਸਰਕਾਰ ਸੂਬੇ 'ਚ ਉਦਯੋਗਾਂ ਲਈ ਸੁਖਾਵਾਂ ਮਾਹੌਲ ਕਰ ਰਹੀ ਪ੍ਰਦਾਨ

ਮੁੱਖ ਮੰਤਰੀ ਨੇ ਉੱਦਮੀਆਂ ਨਾਲ ਭਾਵੁਕ ਸਾਂਝ ਪਾਉਂਦਿਆਂ ਆਖਿਆ ਕਿ ਉਹ ਕਿਧਰੇ ਹੋਰ ਨਾ ਜਾਣ ਅਤੇ ਆਪਣੀ ਮਾਤ ਭੂਮੀ ਦੀ ਸੇਵਾ ਲਈ ਇੱਥੇ ਆਪਣਾ ਕਾਰੋਬਾਰ ਵਧਾਉਣ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਸੂਬੇ 'ਚ ਉਦਯੋਗਾਂ ਲਈ ਸੁਖਾਵਾਂ ਮਾਹੌਲ ਪ੍ਰਦਾਨ ਕਰ ਰਹੀ ਹੈ। ਪੰਜਾਬੀ ਉੱਦਮੀਆਂ ਨੇ ਦੁਨੀਆ ਭਰ ਵਿੱਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ ਅਤੇ ਹੁਣ ਉਨ੍ਹਾਂ ਨੂੰ ਸੂਬੇ ਵਿੱਚ ਆਪਣੇ ਪਸਾਰ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਦਯੋਗ ਦੀ ਸਹੂਲਤ ਲਈ ਆਦਮਪੁਰ, ਹਲਵਾਰਾ ਅਤੇ ਭਿਸੀਆਣਾ ਹਵਾਈ ਅੱਡਿਆਂ ਤੋਂ ਘਰੇਲੂ ਉਡਾਣਾਂ ਸ਼ੁਰੂ ਕਰਨ ਲਈ ਵੀ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ।

ਸਿਆਸੀ ਪਾਰਟੀਆਂ ਦੇ ਕੱਸਿਆ ਤੰਜ 

ਮੁੱਖ ਮੰਤਰੀ ਨੇ ਤੰਜ ਕੱਸਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਉਦਯੋਗਪਤੀਆਂ ਨੂੰ ਆਪਣੇ ਪ੍ਰਾਜੈਕਟਾਂ ਲਈ ਸੱਤਾਧਾਰੀ ਪਰਿਵਾਰਾਂ ਨਾਲ ਸਮਝੌਤਿਆਂ 'ਤੇ ਦਸਤਖ਼ਤ ਕਰਨੇ ਪੈਂਦੇ ਸਨ ਪਰ ਜਦੋਂ ਤੋਂ ਉਨ੍ਹਾਂ ਨੇ ਸੂਬੇ ਦੀ ਵਾਗਡੋਰ ਸੰਭਾਲੀ ਹੈ, ਹੁਣ ਪੰਜਾਬ ਵਾਸੀਆਂ ਦੇ ਹਿੱਤ ਵਿੱਚ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਰਸੂਖਦਾਰ ਪਰਿਵਾਰਾਂ ਨੂੰ ਇਨ੍ਹਾਂ ਸਮਝੌਤਿਆਂ ਦਾ ਲਾਹਾ ਮਿਲਦਾ ਸੀ ਪਰ ਹੁਣ ਪੰਜਾਬੀਆਂ ਨੂੰ ਇਸ ਦਾ ਲਾਭ ਮਿਲੇਗਾ। ਭਗਵੰਤ ਮਾਨ ਨੇ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਅਣਥੱਕ ਯਤਨ ਕਰ ਰਹੀ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਪਿੰਡ ਹਰਚੋਵਾਲ ਵਿਖੇ ਵੱਡੀ ਵਾਰਦਾਤ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਕੀਤਾ ਦਾਤਰ ਨਾਲ ਹਮਲਾ

ਮੁੱਖ ਮੰਤਰੀ ਨੇ ਵਿਅੰਗ ਕਸਦਿਆਂ ਆਖਿਆ ਕਿ ਰਵਾਇਤੀ ਸਿਆਸੀ ਪਾਰਟੀਆਂ ਉਨ੍ਹਾਂ ਨਾਲ ਈਰਖਾ ਕਰਦੀਆਂ ਹਨ ਕਿਉਂਕਿ ਇਨ੍ਹਾਂ ਪਾਰਟੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇਕ ਆਮ ਵਿਅਕਤੀ ਦਾ ਪੁੱਤ ਨੇਕ ਨੀਅਤ ਨਾਲ ਸੂਬੇ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਤੇ ਪੰਜਾਬ ਵਿਰੋਧੀ ਪੈਂਤੜੇ ਕਾਰਨ ਇਹ ਪਾਰਟੀਆਂ ਲੋਕਾਂ ਦਾ ਵਿਸ਼ਵਾਸ ਗੁਆ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਸੂਝਵਾਨ ਅਤੇ ਬਹਾਦਰ ਲੋਕਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਪਾਰਟੀਆਂ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਸੀ, ਜਿਸ ਕਾਰਨ ਉਹ ਨਿਰਾਸ਼ਾ ਦੇ ਦੌਰ ਵਿੱਚੋਂ ਲੰਘ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਆਗੂ ਹੁਣ ਲੋਕਾਂ ਨੂੰ ਗੁਮਰਾਹ ਕਰਨ ਲਈ ਇੱਕ ਦੂਜੇ ਨਾਲ ਗੰਢ-ਤੁੱਪ ਕਰ ਰਹੇ ਹਨ।

ਮੁੱਖ ਮੰਤਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਉਨ੍ਹਾਂ ਨੂੰ ਸੂਬੇ ਦੀ ਭਲਾਈ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਪਹਿਲਕਦਮੀਆਂ ਕਰਨ ਤੋਂ ਨਹੀਂ ਰੋਕ ਸਕਦੀਆਂ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਸਰਕਾਰ ਦੇ ਠੋਸ ਉਪਰਾਲਿਆਂ ਸਦਕਾ ਪੰਜਾਬ ਹਰ ਖੇਤਰ 'ਚ ਸਰਵਪੱਖੀ ਤਰੱਕੀ ਦਾ ਗਵਾਹ ਬਣੇਗਾ। ਭਗਵੰਤ ਮਾਨ ਨੇ ਇਸ ਕਾਰਜ ਲਈ ਲੋਕਾਂ ਤੋਂ ਭਰਪੂਰ ਸਹਿਯੋਗ ਦੀ ਮੰਗ ਵੀ ਕੀਤੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News