ਪੰਜਾਬ 'ਚ ਅੱਜ ਕੋਰੋਨਾ ਦੇ 896 ਨਵੇਂ ਮਾਮਲਿਆਂ ਦੀ ਪੁਸ਼ਟੀ, 29 ਮਰੀਜ਼ਾਂ ਦੀ ਹੋਈ ਮੌਤ

08/05/2020 10:08:42 PM

ਚੰਡੀਗੜ੍ਹ/ਲੁਧਿਆਣਾ,(ਸ਼ਰਮਾ,)- ਪੰਜਾਬ 'ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ ਅੱਜ ਪੰਜਾਬ 'ਚ ਕੋਰੋਨਾ 29 ਲੋਕਾਂ ਦੀ ਮੌਤ ਹੋ ਗਈ ਅਤੇ 896 ਨਵੇਂ ਮਾਮਲੇ ਸਾਹਮਣੇ ਹਨ। ਉਥੇ ਹੀ ਕੋਰੋਨਾ ਮਹਾਮਾਰੀ ਦਾ ਅਸਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਸਿਹਤ ਵਿਭਾਗ ਨਾਲ ਜੁੜੇ ਸੂਤਰਾਂ ਮੁਤਾਬਕ ਸੁਰੱਖਿਆ ਦਸਤੇ ਨਾਲ ਜੁੜੇ 14 ਸੁਰੱੱਖਿਆ ਕਰਮਚਾਰੀਆਂ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਇਨ੍ਹਾਂ 'ਚੋਂ 13 ਜਵਾਨ ਸੀ. ਆਰ. ਪੀ. ਐੱਫ. ਨਾਲ ਸਬੰਧਿਤ ਹਨ, ਜਦਕਿ 1 ਪੰਜਾਬ ਪੁਲਸ ਦਾ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਦੀ ਸੁਰੱਖਿਆ ਨਾਲ ਜੁੜੇ ਦਸਤੇ 'ਚ 3 ਸੀ. ਆਰ. ਪੀ. ਐੱਫ. ਜਵਾਨਾਂ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ ਸੀ। ਇਨ੍ਹਾਂ 3 ਮਾਮਲਿਆਂ ਦੇ ਬਾਅਦ ਹੁਣ 13 ਹੋਰ ਸੀ. ਆਰ. ਪੀ. ਐੱਫ. ਜਵਾਨਾਂ ਦਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਮੁੱਖ ਮੰਤਰੀ ਦੇ ਸੁਰੱੱਖਿਆ ਤੰਤਰ ਨਾਲ ਜੁੜੀ ਵਿਵਸਥਾ ਅਤੇ ਸਿਹਤ ਵਿਭਾਗ 'ਚ ਹੜਕੰਪ ਦੀ ਸਥਿਤੀ ਪੈਦਾ ਹੋ ਗਈ ਹੈ। ਅੱਜ ਪੰਜਾਬ 'ਚ ਕੋਰੋਨਾ ਨੇ 29 ਲੋਕਾਂ ਦੀ ਜਾਨ ਲੈ ਲਈ, ਜਦਕਿ 896 ਨਵੇਂ ਮਰੀਜ਼ ਸਾਹਮਣੇ ਆਏ ਹਨ। ਲੁਧਿਆਣਾ 'ਚ ਸਥਿਤੀ ਵਿਸਫੋਟਕ ਬਣੀ ਹੋਈ ਹੈ, ਜਿਥੇ 9 ਮਰੀਜ਼ਾਂ ਦੀ ਮੌਤ ਦੇ ਨਾਲ 306 ਮਾਮਲੇ ਸਾਹਮਣੇ ਆਏ ਹਨ। ਹਸਪਤਾਲਾਂ 'ਚ ਹਾਊਸਫੁੱਲ ਦੀ ਸਥਿਤੀ ਬਣੀ ਹੋਈ ਹੈ। ਮਰੀਜ਼ ਹਸਪਤਾਲਾਂ ਦੇ ਬਾਹਰ ਐਂਬੂਲੈਂਸ 'ਚ ਪਏ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ।
ਅੱਜ ਜਿਨ੍ਹਾਂ 29 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚ ਲੁਧਿਆਣਾ 'ਚ 9, ਪਟਿਆਲਾ 5, ਜਲੰਧਰ 4, ਗੁਰਦਾਸਪੁਰ 3, ਸੰਗਰੂਰ 2 ਅਤੇ ਅੰਮ੍ਰਿਤਸਰ, ਫਰੀਦਕੋਟ, ਫਿਰੋਜ਼ਪੁਰ, ਕਪੂਰਥਲਾ, ਮਾਨਸਾ ਅਤੇ ਰੋਪੜ 'ਚੋਂ 1-1 ਮਰੀਜ਼ ਸਾਹਮਣੇ ਆਏ ਹਨ। ਪਾਜ਼ੇਟਿਵ ਆਏ ਲੋਕਾਂ 'ਚ ਲੁਧਿਆਣਾ ਤੋਂ 306, ਜਲੰਧਰ 101, ਅੰਮ੍ਰਿਤਸਰ 53, ਪਟਿਆਲਾ 184, ਤਰਨਤਾਰਨ 23, ਬਠਿੰਡਾ 29, ਬਰਨਾਲਾ 23, ਐਸ. ਏ. ਐਸ. ਨਗਰ 27, ਫਿਰੋਜ਼ਪੁਰ 19, ਪਠਾਨਕੋਟ 18, ਫਤਿਹਗੜ੍ਹ ਸਾਹਿਬ 14, ਮੋਗਾ 14, ਸੰਗਰੂਰ 17, ਗੁਰਦਾਸਪੁਰ 11, ਫਰੀਦਕੋਟ 13, ਫਾਜ਼ਿਲਕਾ 9, ਕਪੂਰਥਲਾ 8, ਹੁਸ਼ਿਆਰਪੁਰ 6, ਸ੍ਰੀ ਮੁਕਤਸਰ 11 ਅਤੇ ਰੋਪੜ ਤੋਂ 10 ਮਰੀਜ਼ ਸ਼ਾਮਲ ਹਨ।

2131 ਮਰੀਜ਼ਾਂ ਦੀ ਰਿਪੋਰਟ ਅਜੇ ਪੈਂਡਿੰਗ

ਅੱਜ 326 ਪਾਜ਼ੇਟਿਵ ਮਰੀਜ਼ ਆਉਣ ਦੇ ਬਾਵਜੂਦ 2131 ਦੀ ਰਿਪੋਰਟ ਅਜੇ ਪੈਂਡਿੰਗ ਹੈ, ਜਿਸ ਦੇ ਨਤੀਜੇ ਆਉਣੇ ਬਾਕੀ ਹਨ। ਮਰੀਜ਼ਾਂ ਦੀ ਵਧਦੀ ਭੀੜ ਕਾਰਨ ਲੈਬ ਵਿਚ ਵੀ ਕਾਫੀ ਕੰਮ ਪੈਂਡਿੰਗ ਚੱਲ ਰਿਹਾ ਹੈ। ਮਰੀਜ਼ਾਂ ਦੀ ਰਿਪੋਰਟ ਆਉਣ ਵਿਚ 4 ਤੋਂ 5 ਦਿਨ ਵੀ ਲੱਗ ਰਹੇ ਹਨ।

ਇਕ ਲੈਬ ਤੋਂ ਰਿਹੈ ਪਾਜ਼ੇਟਿਵ ਤੇ ਦੂਜੇ ਤੋਂ ਨੈਗੇਟਿਵ

ਸ਼ਹਿਰ ’ਚ ਅਜਿਹੇ ਕਈ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਨੇ ਦੋ ਲੈਬਰ ਤੋਂ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ ਤਾਂ ਇਕ ਲੈਬ ਦੇ ਨਤੀਜੇ ਪਾਜ਼ੇਟਿਵ ਹਨ ਤਾਂ ਦੂਜੀ ਦੇ ਨੈਗੇਟਿਵ, ਜਿਸ ਕਾਰਨ ਲੋਕ ਕਾਫੀ ਦੁਚਿੱਤੀ ’ਚ ਦਿਖਾਈ ਦੇ ਰਹੇ ਹਨ। ਇਕ ਵਿਅਕਤੀ ਵਿਕਾਸ ਕੁਮਾਰ ਨੇ ਦੱਸਿਆ ਕਿ ਉਸ ਨੇ ਸਿਵਲ ਹਸਪਤਾਲ ’ਚ ਆਪਣਾ ਸੈਂਪਲ ਦਿੱਤਾ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆ ਗਈ। ਜਦੋਂ ਉਨ੍ਹਾਂ ਨੇ ਇਕ ਨਿੱਜੀ ਹਸਪਤਾਲ ਤੋਂ ਆਪਣੀ ਜਾਂਚ ਕਰਵਾਈ ਤਾਂ ਉਥੇ ਰਿਪੋਰਟ ਨੈਗੇਟਿਵ ਆਈ ਪਰ ਇਸ ਨੂੰ ਕੋਈ ਵੀ ਮੰਨਣ ਲਈ ਤਿਆਰ ਨਹੀਂ ਹੈ।

949 ਸੈਂਪਲ ਜਾਂਚ ਲਈ ਭੇਜੇ

ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ 949 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਹੁਣ ਤੱਕ ਕਾਲ 67,594 ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ’ਚੋਂ 65,363 ਸੈਂਪਲਾਂ ਦੀ ਰਿਪੋਰਟ ਉਨ੍ਹਾਂ ਨੂੰ ਮਿਲੀ ਹੈ, ਜਦੋਂਕਿ 60,762 ਸੈਂਪਲ ਜਾਂਚ ’ਚ ਨੈਗੇਟਿਵ ਪਾਏ ਗਏ ਹਨ।

399 ਵਿਅਕਤੀਆਂ ਨੂੰ ਭੇਜਿਆ ਹੋਮ ਆਈਸੋਲੇਸ਼ਨ ’ਚ

ਸਿਵਲ ਸਰਜਨ ਨੇ ਦੱਸਿਆ ਕਿ ਅੱਜ ਜਾਂਚ ਤੋਂ ਬਾਅਦ 399 ਵਿਅਕਤੀਆਂ ਨੂੰ ਸ਼ੱਕੀ ਮਰੀਜ਼ ਮੰਨਦੇ ਹੋਏ ਹੋਮ ਆਈਸੋਲੇਸ਼ਨ ਵਿਚ ਵੀ ਭੇਜਿਆ ਗਿਆ ਹੈ। ਮੌਜੂਦਾ ਸਮੇਂ ਵਿਚ 4564 ਵਿਅਕਤੀ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।

ਕੋਵਿਡ-19 ਇਲਾਜ ਲਈ ਚੁਣੇ ਗਏ ਨਵੇਂ ਪ੍ਰਾਈਵੇਟ ਹਸਪਤਾਲਾਂ ਦੀ (ਥਾਣਿਆਂ ਮੁਤਾਬਿਕ) ਸੂਚੀ

ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ ਦੇ ਇਲਾਜ ਲਈ ਚੁਣੇ ਗਏ ਨਵੇਂ ਨਿੱਜੀ ਹਸਪਤਾਲ ਥਾਣਾ ਜਮਾਲਪੁਰ ਅਧੀਨ ਪੈਂਦੇ ਰਾਜ ਹਸਪਤਾਲ, ਦਰੇਸੀ ਅਧੀਨ ਭਗਵਾਨ ਰਾਮ ਚੈਰੀਟੇਬਲ ਹਸਪਤਾਲ, ਦੀਪਕ ਹਸਪਤਾਲ, ਗੁਰਦੇਵ ਹਸਪਤਾਲ, ਡਿਵੀਜ਼ਨ ਨੰਬਰ 6 ਅਧੀਨ ਲਾਈਫ ਲਾਈਨ ਹਸਪਤਾਲ, ਡਵੀਜ਼ਨ ਨੰ. 8 ਅਧੀਨ ਏਮਸ ਬੱਸੀ ਹਸਪਤਾਲ ਹਨ। ਡੇਹਲੋਂ ਅਧੀਨ ਪੈਂਦਾ ਪ੍ਰੋਲਾਈਫ ਹਸਪਤਾਲ, ਮਾਡਲ ਟਾਊਨ ਅਧੀਨ ਸ਼੍ਰੀ ਕ੍ਰਿਸ਼ਨਾ ਚੈਰੀਟੇਬਲ ਹਸਪਤਾਲ, ਸਰਾਭਾ ਨਗਰ ਅਧੀਨ ਸ਼੍ਰੀ ਰਘੂਨਾਥ ਹਸਪਤਾਲ, ਸਰਾਭਾ ਨਗਰ ਅਧੀਨ ਮੈਡੀਵੇਜ਼, ਸਰਾਭਾ ਨਗਰ ਅਧੀਨ ਗਲੋਬਲ ਹਾਰਟ ਹਸਪਤਾਲ, ਡਵੀਜ਼ਨ ਨੰ. 8 ਅਧੀਨ ਅਰੋੜਾ ਨਿਊਰੋ ਸੈਂਟਰ, ਸੋਬਤੀ ਨਿਊਰੋ ਸੈਂਟਰ, ਪੀ. ਏ. ਯੂ. ਅਧੀਨ ਕੁਲਵੰਤ ਹਾਰਟ ਸੈਂਟਰ, ਡਵੀਜ਼ਨ ਨੰ. 8 ਅਧੀਨ ਚਾਵਲਾ ਹਸਪਤਾਲ, ਦਰੇਸੀ ਅਧੀਨ ਪੈਂਦੇ ਯੂ. ਪੀ. ਐੱਸ. ਸੀ. ਜੈਨ ਚੈਰੀਟੇਬਲ ਹਸਪਤਾਲ, ਡਵੀਜ਼ਨ ਨੰ. 8 ਅਧੀਨ ਇਕਬਾਲ ਨਰਸਿੰਗ ਹੋਮ, ਡੀ. ਐੱਮ. ਸੀ. ਨਰਸਿੰਗ ਹੋਮ ਦੇ ਸਾਹਮਣੇ ਲਾਈਫ ਲਾਈਨ ਹਸਪਤਾਲ, ਪੀ. ਏ. ਯੂ. ਅਧੀਨ ਮਾਹਲ ਮਲਟੀ ਸਪੈਸ਼ਲਿਟੀ ਹਸਪਤਾਲ, ਡਵੀਜ਼ਨ ਨੰ. 6 ਅਧੀਨ ਆਉਂਦੇ ਗਰੇਵਾਲ ਹਸਪਤਾਲ, ਮਾਡਲ ਟਾਊਨ ਅਧੀਨ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਅਤੇ ਆਈ. ਐੱਮ. ਏ. ਜੋ ਕਿ ਭਗਵਾਨ ਮਹਾਵੀਰ ਹੋਮਿਓਪੈਥਿਕ ਦੀ ਦੇਖ-ਰੇਖ ਹੇਠ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਹੋਰ ਪ੍ਰਾਈਵੇਟ ਹਸਪਤਾਲ ਵੀ ਲੁਧਿਆਣਾ ਵਿਚ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਸ਼ੁਰੂ ਕਰਨਗੇ।


 


Deepak Kumar

Content Editor

Related News