ਪੰਜਾਬ ''ਚ ਵੀਰਵਾਰ ਨੂੰ ਕੋਰੋਨਾ ਦੇ 1741 ਨਵੇਂ ਮਾਮਲੇ ਆਏ ਸਾਹਮਣੇ, 37 ਮਰੀਜ਼ਾਂ ਦੀ ਮੌਤ

08/20/2020 9:48:44 PM

ਲੁਧਿਆਣਾ,(ਸਹਿਗਲ) : ਪੰਜਾਬ 'ਚ ਕੋਰੋਨਾ ਵਾਇਰਸ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ, ਪਿਛਲੇ ਕੁੱਝ ਦਿਨਾਂ ਤੋਂ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੱਜ ਵਾਇਰਸ ਕਾਰਣ 37 ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 1741 ਨਵੇਂ ਮਰੀਜ਼ ਸਾਹਮਣੇ ਆਏ ਹਨ। ਪੰਜਾਬ 'ਚ ਹੁਣ ਤਕ 37824 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁਕੇ ਹਨ, ਜਦਕਿ ਇਨ੍ਹਾਂ 'ਚ 957 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ। ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ 345 ਮਰੀਜ਼ ਆਕਸੀਜਨ ਸਪੋਰਟ 'ਤੇ ਹਨ ਜਦਕਿ 39 ਮਰੀਜ਼ਾਂ ਨੂੰ ਵੈਂਟੀਲੇਟਰ ਲੱਗਾ ਹੈ, ਜਿਨ੍ਹਾਂ 'ਚ ਅੱਜ 12 ਨਵੇਂ ਗੰਭੀਰ ਮਰੀਜ਼ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੂੰ ਵੈਂਟੀਲੇਟਰ ਸਪੋਰਟ ਦੇਣੀ ਪਈ ਹੈ। ਜਿਨ੍ਹਾਂ 37 ਮਰੀਜ਼ਾਂ ਦੀ ਕੋਰੋਨਾ ਵਾਇਰਸ ਕਾਰਣ ਮੌਤ ਹੋਈ ਹੈ, ਉਨ੍ਹਾਂ 'ਚ ਲੁਧਿਆਣਾ ਤੋਂ 10, ਐਸ. ਏ. ਐਸ. ਨਗਰ ਪਟਿਆਲਾ ਤੇ ਸੰਗਰੂਰ 'ਚ 5-5 ਮਰੀਜ਼, ਜਲੰਧਰ ਤੋਂ 3, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਐਸ. ਬੀ. ਐਸ. ਨਗਰ ਤੋਂ 2-2 ਮਰੀਜ਼ ਅਤੇ ਗੁਰਦਾਸਪੁਰ, ਮੁਕਤਸਰ, ਕਪੂਰਥਲਾ 'ਚ ਇਕ-ਇਕ ਮਰੀਜ਼ ਦੀ ਕੋਰੋਨਾ ਵਾਇਰਸ ਕਾਰਣ ਮੌਤ ਹੋਈ ਹੈ। ਹਾਲਾਂਕਿ ਸਰਕਾਰ ਨੇ ਨਿਯਮ ਸਖ਼ਤ ਕਰਨ ਦਾ ਐਲਾਨ ਕੀਤਾ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਵਾਇਰਸ ਦੇ ਮਾਮਲਿਆਂ 'ਚ ਵਾਧਾ ਅਗਲੇ ਕੁੱਝ ਦਿਨਾਂ ਤਕ ਸਾਹਮਣੇ ਆਉਂਦਾ ਰਹੇਗਾ ਜੇਕਰ ਇਸ 'ਤੇ ਕਾਬੂ ਕਰਨ ਲਈ ਪ੍ਰਭਾਵੀ ਕਦਮ ਨਾ ਚੁੱਕੇ ਗਏ ਤਾਂ ਹਾਲਾਤ ਬਦਤਰ ਵੀ ਹੋ ਸਕਦੇ ਹਨ।

ਲੁਧਿਆਣਾ 'ਚ ਵੀ ਸਥਿਤੀ ਬਣੀ ਵਿਸਫੋਟਕ
ਲੁਧਿਆਣਾ 'ਚ ਵੀ ਸਥਿਤੀ ਵਿਸਫੋਟਕ ਬਣੀ ਹੋਈ ਹੈ, ਜਿਥੇ 398 ਨਵੇਂ ਮਰੀਜ਼ ਸਾਹਮਣੇ ਆਏ ਹਨ ਜਦਕਿ 10 ਮਰੀਜ਼ਾਂ ਦੀ ਮੌਤ ਹੋ ਗਈ। ਲੁਧਿਆਣਾ ਜ਼ਿਲ੍ਹੇ 'ਚ ਅੱਜ ਕੁੱਲ 417 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ 'ਚੋਂ 398 ਮਰੀਜ਼ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ। ਬਾਕੀ 19 ਮਰੀਜ਼ ਬਾਹਰਲੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਜ਼ਿਲ੍ਹੇ 'ਚ ਜਿਥੇ ਵੱਡੀ ਗਿਣਤੀ 'ਚ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ, ਉਥੇ ਹੀ 13 ਮਰੀਜ਼ਾਂ ਦੀ ਕੋਰੋਨਾ ਕਾਰਣ ਮੌਤ ਵੀ ਚੁਕੀ ਹੈ, ਜਿਨ੍ਹਾਂ 'ਚੋਂ 10 ਲੁਧਿਆਣਾ ਨਾਲ ਸਬੰਧਿਤ ਹਨ ਅਤੇ ਬਾਕੀ 3 ਬਾਹਰਲੇ ਜ਼ਿਲ੍ਹਿਆਂ ਨਾਲ ਸੰਬੰਧਿਤ ਹਨ।

 


Deepak Kumar

Content Editor

Related News