ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ

08/20/2020 8:27:30 PM

ਪੰਜਾਬ ਦੇ ਰਾਜਨੀਤਕ, ਧਾਰਮਿਕ, ਮਨੋਰੰਜਕ, ਸਮਾਜਿਕ, ਆਰਥਿਕ ਆਦਿ ਮਸਲਿਆਂ ਨਾਲ ਸਬੰਧਿਤ ਵੱਡੀਆਂ ਖਬਰਾਂ ਦੀ ਜਾਣਕਾਰੀ ਥੋੜੇ ਸਮੇਂ 'ਚ ਹਾਸਲ ਕਰਨ ਲਈ 'ਜਗ ਬਾਣੀ' ਵਲੋਂ ਇਹ ਬੁਲੇਟਿਨ ਪਾਠਕਾਂ ਲਈ ਤਿਆਰ ਕੀਤਾ ਗਿਆ ਹੈ। ਇਸ ਰਾਹੀਂ ਪਾਠਕਾਂ ਨੂੰ ਪੰਜਾਬ ਦੀਆਂ ਦਿਨ ਭਰ ਦੀਆਂ ਅਹਿਮ ਖਬਰਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ।
'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-

https://play.google.com/store/apps/details?id=com.jagbani

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-
ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਕੈਪਟਨ ਦੀ ਸਖਤੀ, ਕਰਫ਼ਿਊ ਸਬੰਧੀ ਨਵੇਂ ਹੁਕਮ ਜਾਰੀ
ਚੰਡੀਗੜ੍ਹ/ਜਲੰਧਰ—ਪੰਜਾਬ 'ਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਸਖ਼ਤੀ ਹੋਰ ਵਧਾ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਹੁਣ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫ਼ਿਊ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਹੁਣ ਪੰਜਾਬ 'ਚ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਕਰਫ਼ਿਊ ਲੱਗਾ ਰਹੇਗਾ। ਇਹ ਹੁਕਮ ਕੱਲ੍ਹ ਯਾਨੀ ਸ਼ੁੱਕਰਵਾਰ ਤੋਂ ਜਾਰੀ ਹੋਣਗੇ। ਦੁਕਾਨਾਂ ਅਤੇ ਹੋਟਲ-ਰੈਸਟੋਰੈਂਟ ਵੀ 7 ਵਜੇ ਤੱਕ ਬੰਦ ਕਰਨੇ ਹੋਣਗੇ ਪਰ ਉਂਝ ਅਜੇ ਦੁਕਾਨਾਂ ਅਤੇ ਹੋਟਲ-ਰੈਸਟੋਰੈਂਟ ਸਬੰਧੀ ਕੋਈ ਟਾਈਮਿੰਗ ਨਹੀਂ ਆਈ ਹੈ।
 

ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਦੇ 1741 ਨਵੇਂ ਮਾਮਲੇ ਆਏ ਸਾਹਮਣੇ, 37 ਮਰੀਜ਼ਾਂ ਦੀ ਮੌਤ
ਲੁਧਿਆਣਾ: ਪੰਜਾਬ 'ਚ ਕੋਰੋਨਾ ਵਾਇਰਸ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ, ਪਿਛਲੇ ਕੁੱਝ ਦਿਨਾਂ ਤੋਂ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੱਜ ਵਾਇਰਸ ਕਾਰਣ 37 ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 1741 ਨਵੇਂ ਮਰੀਜ਼ ਸਾਹਮਣੇ ਆਏ ਹਨ। ਪੰਜਾਬ 'ਚ ਹੁਣ ਤਕ 37824 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁਕੇ ਹਨ, ਜਦਕਿ ਇਨ੍ਹਾਂ 'ਚ 957 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ। ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ 345 ਮਰੀਜ਼ ਆਕਸੀਜਨ ਸਪੋਰਟ 'ਤੇ ਹਨ ਜਦਕਿ 39 ਮਰੀਜ਼ਾਂ ਨੂੰ ਵੈਂਟੀਲੇਟਰ ਲੱਗਾ ਹੈ, ਜਿਨ੍ਹਾਂ 'ਚ ਅੱਜ 12 ਨਵੇਂ ਗੰਭੀਰ ਮਰੀਜ਼ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੂੰ ਵੈਂਟੀਲੇਟਰ ਸਪੋਰਟ ਦੇਣੀ ਪਈ ਹੈ।
 

ਕੋਰੋਨਾ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, ਐਮਰਜੈਂਸੀ ਪੈਣ 'ਤੇ ਹੁਣ ਭਟਕਣਾ ਨਹੀਂ ਪਵੇਗਾ
ਲੁਧਿਆਣਾ : ਕੋਰੋਨਾ ਮਰੀਜ਼ਾਂ ਲਈ ਇਕ ਰਾਹਤ ਭਰੀ ਖ਼ਬਰ ਹੈ। ਹੁਣ ਅਮਰਜੈਂਸੀ ਪੈਣ 'ਤੇ ਪਲਾਜ਼ਮਾਂ ਡੋਨਰ ਲੱਭਣ ਲਈ ਇਧਰ-ਉਧਰ ਭਟਕਣਾ ਨਹੀਂ ਪਵੇਗਾ। 'ਜਗ ਬਾਣੀ' ਨਾਲ ਵਿਸ਼ੇਸ਼ ਗੱਲ ਕਰਦਿਆਂ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਹੁਣ ਕੋਰੋਨਾ ਮਰੀਜ਼ਾਂ ਨੂੰ ਪਲਾਜ਼ਮਾ ਡੋਨਰ ਦੀ ਲੋੜ ਪਵੇਗੀ ਤਾਂ ਸਿੱਧਾ ਪੁਲਸ ਕੰਟਰੋਲ ਦੇ ਨੰਬਰ 78370-18500 'ਤੇ ਆਪਣੀ ਜਾਣਕਾਰੀ ਦੇਣ।

ਪੰਜਾਬ 'ਚ 'ਜ਼ਹਿਰੀਲੀ ਸ਼ਰਾਬ' ਨਾਲ ਮੌਤਾਂ ਤੋਂ ਬਾਅਦ ਸਰਕਾਰ ਸਖ਼ਤ, ਜਾਰੀ ਕੀਤੇ ਨਵੇਂ ਹੁਕਮ
ਚੰਡੀਗੜ੍ਹ : ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਸਖ਼ਤੀ ਕਰਦੇ ਹੋਏ ਨਵੇਂ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਮੁਤਾਬਕ ਸਿਰਫ ਈਥਾਨੌਲ ਅਤੇ ਸਪਿਰਟ ਦੀ ਸਪਲਾਈ ਸਿਰਫ ਜੀ. ਪੀ. ਐੱਸ. ਲੱਗੇ ਵਾਹਨਾਂ 'ਚ ਹੀ ਹੋ ਸਕੇਗੀ ਅਤੇ ਇਹ ਨਿਯਮ 5 ਸਤੰਬਰ, 2020 ਤੋਂ ਲਾਗੂ ਹੋਣਗੇ। ਨਕਲੀ ਸ਼ਰਾਬ 'ਤੇ ਰੋਕਥਾਮ ਦੇ ਮਕਸਦ ਨਾਲ ਆਬਕਾਰੀ ਮਹਿਕਮੇ ਨੇ ਇਸ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਸਰਬੱਤ ਖਾਲਸਾ ਦੇ ਮੁਤਵਾਜ਼ੀ ਜਥੇਦਾਰ ਨੇ ਗਿਆਨੀ ਇਕਬਾਲ ਸਿੰਘ ਨੂੰ ਪੰਥ 'ਚੋਂ ਛੇਕਿਆ
ਅੰਮ੍ਰਿਤਸਰ : ਸਰਬੱਤ ਖਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੇ ਅਯੁੱਧਿਆ 'ਚ ਰਾਮ ਮੰਦਰ ਦੀ ਉਸਾਰੀ ਸਮੇਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਸਿੱਖਾਂ ਨੂੰ ਲਵ-ਕੁਛ ਦੀ ਔਲਾਦ ਕਹਿਣ 'ਤੇ 20 ਤਾਰੀਖ਼ ਤੱਕ ਦਾ ਸਮਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਲਈ ਦਿੱਤਾ ਸੀ। ਪਰ ਇਕਬਾਲ ਸਿੰਘ ਦੇ ਪੇਸ਼ ਨਾ ਹੋਣ 'ਤੇ ਜਥੇਦਾਰ ਧਿਆਨ ਸਿੰਘ ਮੰਡ ਤੇ ਉਨ੍ਹਾਂ ਨਾਲ ਚਾਰ ਹੋਰ ਸਿੰਘਾਂ ਭਾਈ ਬਲਵੰਤ ਸਿੰਘ ਗੋਪਾਲਾ, ਜਥੇਦਾਰ ਬਾਬਾ ਰਾਜਾ ਰਾਜ ਨਿਹੰਗ ਸਿੰਘ, ਬਾਬਾ ਨਛੱਤਰ ਸਿੰਘ ਕੱਲਰ ਭੈਣੀ ਤੇ ਬਾਬਾ ਹਿੰਮਤ ਸਿੰਘ ਨੇ ਇਕਬਾਲ ਸਿੰਘ ਨੂੰ ਇਕ ਸਾਂਝਾ ਗੁਰਮਤਾ ਪਾ ਕੇ ਪੰਥ 'ਚੋਂ ਛੇਦ ਦਿੱਤਾ ਹੈ।

ਕੋਰੋਨਾ ਵਾਇਰਸ : ਸਰਵੇ 'ਚ ਖੁਲਾਸਾ, 27.7 ਫੀਸਦੀ ਪੰਜਾਬੀ ਬੀਮਾਰ ਹੋ ਕੇ ਹੋਏ ਠੀਕ
ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਚੱਲਦੇ ਪੰਜਾਬ ਦੇ ਕੰਟੇਨਮੈਂਟ ਜ਼ੋਨ 'ਚ ਵੱਡਾ ਸਰਵੇ ਹੋਇਆ, ਜਿਸ 'ਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਹਨ। ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਮਾਰੀ ਨੂੰ ਲੈ ਕੇ ਇਕ ਸਰਵੇ ਕਰਵਾਇਆ ਗਿਆ, ਜਿਸ 'ਚੋਂ ਇਹ ਸਾਹਮਣੇ ਆਇਆ ਹੈ ਕਿ 27.7 ਫੀਸਦੀ ਲੋਕ ਕੋਰੋਨਾ ਨਾਲ ਬੀਮਾਰ ਹੋ ਕੇ ਠੀਕ ਹੋ ਚੁਕੇ ਹਨ। ਜਿਸ ਦੌਰਾਨ ਵੱਡੀ ਗੱਲ ਇਹ ਹੈ ਕਿ ਟੈਸਟ 'ਚ ਪਤਾ ਲੱਗਾ ਕਿ ਇਨ੍ਹਾਂ ਦੇ ਸ਼ਰੀਰ ਐਂਟੀ ਬਾਡੀ ਸੈਲ ਹਨ ਜੋ ਕਿ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਅਦ ਹੀ ਬਣਦੇ ਹਨ।

ਕੋਰੋਨਾ ਆਈਸੋਲੇਸ਼ਨ ਵਾਰਡ 'ਚ ਵਿਆਹ ਵਰਗਾ ਮਾਹੌਲ, ਕੋਈ ਪਾ ਰਿਹੈ ਭੰਗੜਾ ਤੇ ਕੋਈ ਲਵਾ ਰਿਹੈ ਮਹਿੰਦੀ
ਭਵਾਨੀਗੜ੍ਹ : ਕੋਰੋਨਾ ਮਹਾਮਾਰੀ ਦੇ ਡਰ ਨੇ ਜਿੱਥੇ ਪੂਰੇ ਦੇਸ਼ ਨੂੰ ਆਪਣੀ ਜਕੜ 'ਚ ਲੈ ਰੱਖਿਆ ਹੈ ਉੱਥੇ ਹੀ ਸ਼ਹਿਰ ਨੇੜਲੇ ਪਿੰਡ ਘਾਬਦਾਂ ਵਿਖੇ ਕੋਵਿਡ-19 ਦੇ ਸੰਕ੍ਰਮਿਤ ਮਰੀਜ਼ਾਂ ਲਈ ਸਥਾਪਿਤ ਆਈਸੋਲੇਸ਼ਨ ਸੈਂਟਰ 'ਚ ਬਣੇ ਵਾਰਡ ਦਾ ਦ੍ਰਿਸ਼ ਦੇਖਿਆ ਜਾਵੇ ਤਾਂ ਉਹ ਕਿਸੇ ਵਿਆਹ ਦੇ ਪ੍ਰੋਗਰਾਮ ਜਾਂ ਕਿਸੇ ਫਿਲਮ ਦੀ ਸ਼ੂਟਿੰਗ ਤੋਂ ਘੱਟ ਨਹੀਂ ਹੈ। ਵਾਰਡ 'ਚ ਭਰਤੀ ਕੋਰੋਨਾ ਮਰੀਜ਼ ਫ਼ਿਲਮੀ ਗਾਣਿਆਂ 'ਤੇ ਨੱਚਦੇ ਹਨ ਅਤੇ ਜਨਾਨੀਆਂ ਤੀਜ ਦਾ ਤਿਉਹਾਰ ਇਕ-ਦੂਜੇ ਦੇ ਹੱਥਾਂ 'ਤੇ ਮਹਿੰਦੀ ਲਾ ਕੇ ਮਨਾਉਂਦੀਆਂ ਹਨ, ਇੱਥੋਂ ਤੱਕ ਕਿ ਬੀਬੀ ਡਾਕਟਰ ਵੀ.ਪੀ.ਪੀ.ਈ. ਕਿੱਟ ਪਾ ਕੇ ਮਹਿਲਾਂ ਮਰੀਜ਼ਾਂ ਦੇ ਹੱਥਾਂ 'ਤੇ ਮਹਿੰਦੀ ਲਾ ਕੇ ਉਨ੍ਹਾਂ ਨਾਲ ਖੁਸ਼ੀਆਂ ਸਾਂਝੀਆਂ ਕਰਦੀਆਂ ਹਨ।

ਸਵੱਛਤਾ ਸਰਵੇਖਣ 2020 ਦੇ ਨਤੀਜਿਆਂ 'ਚ ਜਲੰਧਰ ਕੈਂਟ ਨੇ ਮਾਰੀ ਬਾਜ਼ੀ
ਜਲੰਧਰ : ਕੇਂਦਰ ਦੀ ਸਰਕਾਰ ਵੱਲੋਂ ਕਰਵਾਏ ਗਏ ਸਵੱਛਤਾ ਸਰਵੇਖਣ ਦੇ ਨਤੀਜਿਆਂ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ। ਇਨ੍ਹਾਂ ਨਤੀਜਿਆਂ 'ਚ ਇੰਦੌਰ ਨੇ ਸਭ ਤੋਂ ਪਹਿਲੇ ਨੰਬਰ 'ਤੇ ਬਾਜ਼ੀ ਮਾਰੀ ਹੈ, ਜਿਸ ਨੇ ਲਗਾਤਾਰ ਚੌਥੀ ਵਾਰ ਭਾਰਤ ਦੇ ਸਭ ਤੋਂ ਸਾਫ-ਸੁਥਰੇ ਸ਼ਹਿਰ ਵਜੋ ਆਪਣੀ ਪਛਾਣ ਬਣਾਈ ਹੈ।

ਇਕ ਵਾਰ ਫਿਰ ਖਾਕੀ ਹੋਈ ਦਾਗਦਾਰ, ਚਿੱਟਾ ਪੀਂਦੇ 1S9 ਦੀ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਥਾਣਾ ਸਰਾਏ ਅਮਾਨਤ ਖਾਂ 'ਚ ਤਾਇਨਾਤ ਇਕ ਏ.ਐੱਸ.ਆਈ. ਦੀ ਕਥਿਤ ਤੌਰ 'ਤੇ ਹੈਰੋਇਨ (ਚਿੱਟਾ) ਪੀਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਪੰਜਾਬ ਪੁਲਸ ਦੀ ਵਰਦੀ 'ਚ ਮੌਜੂਦ ਏ. ਐੱਸ.ਆਈ. ਲਾਈਟਰ ਨਾਲ ਪੰਨੀ ਦੇ ਸਹਾਰੇ ਹੈਰੋਇਨ ਦਾ ਨਸ਼ਾ ਕਥਿਤ ਤੌਰ 'ਤੇ ਲੈਂਦਾ ਨਜ਼ਰ ਆ ਰਿਹਾ ਹੈ। ਉਸ ਦੇ ਕੋਲ ਕੁਝ ਲੋਕ ਵੀ ਮੌਜੂਦ ਹਨ। ਇਹ ਨਸ਼ਾ ਕਰਨ ਤੋਂ ਬਾਅਦ ਉਹ ਕੱਪੜੇ ਨਾਲ ਵਾਰ-ਵਾਰ ਆਪਣਾ ਨੱਕ ਅਤੇ ਮੂੰਹ ਸਾਫ਼ ਕਰਦਾ ਦਿਖਾਈ ਦੇ ਰਿਹਾ ਹੈ।

ਪੰਜਾਬ 'ਚ ਹੁਣ ਵਾਹਨਾਂ 'ਤੇ ਲੱਗੇਗੀ ਸਰਕਾਰੀ ਨੰਬਰ ਪਲੇਟ, ਨਹੀਂ ਤਾਂ ਹੋਵੇਗਾ ਭਾਰੀ ਜੁਰਮਾਨਾ
ਅੰਮ੍ਰਿਤਸਰ/ਫਿਰੋਜ਼ਪੁਰ : ਪੰਜਾਬ ਸਰਕਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਹੁਣ ਵਾਹਨਾਂ 'ਤੇ ਹਾਈ ਸਕਿਊਰਟੀ ਨੰਬਰ ਪਲੇਟਾਂ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਪੰਜਾਬ ਸਰਕਾਰ ਨੇ ਇਸ ਲਈ ਅਕਤੂਬਰ ਮਹੀਨੇ ਤੱਕ ਦਾ ਸਮਾਂ ਤੈਅ ਕੀਤਾ ਹੈ, ਜਿਸ 'ਚ ਸਾਰੇ ਨਵੇਂ ਪੁਰਾਣੇ ਵਾਹਨਾਂ 'ਤੇ ਨੰਬਰ ਪਲੇਟਾਂ ਲਗਾਉਣੀਆਂ ਜ਼ਰੂਰੀਆਂ ਹੋਣਗੀਆਂ। ਅਜਿਹਾ ਨਾ ਕਰਨ 'ਤੇ ਦੋ ਹਜ਼ਾਰ ਤੱਕ ਦਾ ਜ਼ੁਰਾਮਨਾ ਭਰਨਾ ਭਵੇਗਾ।

ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦਾ ਵੱਡਾ ਧਮਾਕਾ, 398 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਲੁਧਿਆਣਾ: ਪੰਜਾਬ ਦਾ ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਬਹੁਤ ਹੀ ਜ਼ਿਆਦਾ ਵੱਧ ਗਿਆ ਹੈ। ਜ਼ਿਲ੍ਹੇ 'ਚ ਜਿਥੇ ਰੋਜ਼ 200 ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਉਂਦੇ ਸਨ। ਉਥੇ ਹੀ ਅੱਜ ਜ਼ਿਲ੍ਹੇ 'ਚ ਹੈਰਾਨ ਕਰ ਦੇਣ ਵਾਲੇ ਤੇ ਵੱਡੀ ਗਿਣਤੀ 'ਚ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਲੁਧਿਆਣਾ ਜ਼ਿਲ੍ਹੇ 'ਚ ਅੱਜ 398 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਅਤੇ 10 ਦੀ ਕੋਰੋਨਾ ਕਾਰਣ ਮੌਤ ਹੋ ਗਈ ਹੈ।

ਜਲੰਧਰ: ਕੁਝ ਘੰਟੇ ਪਹਿਲਾਂ ਜੰਮਿਆ ਬੱਚਾ ਸਿਵਲ ਹਸਪਤਾਲ 'ਚੋਂ ਹੋਇਆ ਅਗਵਾ, ਮਚੀ ਹਫੜਾ-ਦਫੜੀ
ਜਲੰਧਰ — ਜਲੰਧਰ ਦੇ ਸਿਵਲ ਹਸਪਤਾਲ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਥੋਂ ਕੁਝ ਘੰਟੇ ਪਹਿਲਾਂ ਜੰਮਿਆ ਬੱਚਾ ਅਗਵਾ ਹੋ ਗਿਆ। ਇਸ ਦੌਰਾਨ ਸਿਵਲ ਹਸਪਤਾਲ ਅਤੇ ਪੁਲਸ ਪ੍ਰਸ਼ਾਸਨ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਮਿਲੀ ਜਾਣਕਾਰੀ ਮੁਤਾਬਕ ਬਸਤੀ ਬਾਵਾ ਖੇਲ ਦੇ ਕਬੀਰ ਨਗਰ ਦੇ ਰਹਿਣ ਵਾਲੇ ਦੀਪਕ ਕੁਮਾਰ ਦੀ ਪਤਨੀ ਖੁਸ਼ਬੂ ਦੇਵੀ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਨੇ ਅੱਜ 12 ਵਜੇ ਦੇ ਕਰੀਬ ਇਕ ਬੱਚੇ ਨੂੰ ਜਨਮ ਦਿੱਤਾ।

ਇਹ ਵੀ ਪੜ੍ਹੋ : ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ

 

 


Deepak Kumar

Content Editor

Related News