ਜਾਣੋ 5 ਮਿੰਟਾਂ ’ਚ ਪੰਜਾਬ ਦੇ ਤਾਜ਼ਾ ਹਾਲਾਤ

12/28/2020 9:33:33 PM

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

ਕੇਂਦਰ ਨੇ ਕਿਸਾਨਾਂ ਨਾਲ ਗੱਲਬਾਤ ਦੀ ਮਿੱਥੀ ਤਾਰੀਖ਼, ਖੇਤੀਬਾੜੀ ਮੰਤਰੀ ਨੇ ਦਿੱਤਾ ਵੱਡਾ ਬਿਆਨ
ਨਵੀਂ ਦਿੱਲੀ/ਚੰਡੀਗੜ੍ਹ (ਭਾਸ਼ਾ)— 30 ਦਸੰਬਰ ਨੂੰ ਕੇਂਦਰ ਅਤੇ ਸਰਕਾਰ ਵਿਚਾਲੇ ਕਿਸਾਨੀ ਮੁੱਦੇ ’ਤੇ ਚਰਚਾ ਲਈ ਬੈਠਕ ਹੋਵੇਗੀ। ਕਿਸਾਨਾਂ ਦੇ 4 ਸੂਤਰੀ ਏਜੰਡੇ ਮਗਰੋਂ ਕੇਂਦਰ ਸਰਕਾਰ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਕਿਸਾਨਾਂ ਨੂੰ ਰਸਮੀ ਸੱਦਾ ਭੇਜਿਆ ਹੈ। ਇਸ ਦਰਮਿਆਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਿਚਾਲੇ ‘ਯੋਜਨਾਬੱਧ ਤਰੀਕੇ’ ਨਾਲ ‘ਝੂਠ ਦੀ ਕੰਧ’ ਖੜ੍ਹੀ ਕੀਤੀ ਗਈ ਹੈ ਪਰ ਅਜਿਹਾ ਲੰਬੇ ਸਮੇਂ ਤੱਕ ਨਹੀਂ ਚੱਲੇਗਾ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਛੇਤੀ ਹੀ ਸੱਚਾਈ ਦਾ ਅਹਿਸਾਸ ਹੋਵੇਗਾ। 

ਜਲੰਧਰ ਜ਼ਿਲ੍ਹੇ ’ਚ ਕੋਰੋਨਾ ਨੇ ਲਈ 3 ਮਰੀਜ਼ਾਂ ਦੀ ਜਾਨ, 53 ਦੀ ਰਿਪੋਰਟ ਆਈ ਪਾਜ਼ੇਟਿਵ
ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਜਿੱਥੇ ਕੋਰੋਨਾ ਦੇ ਕਾਰਨ 3 ਮਰੀਜ਼ਾਂ ਦੀ ਮੌਤ ਹੋ ਗਈ, ਉਥੇ ਹੀ 53 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਸਿਹਤ ਮਹਿਕਮੇ ਤੋਂ ਐਤਵਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਮਹਿਕਮੇ ਨੂੰ 1840 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚੋਂ 72 ਨੂੰ ਛੁੱਟੀ ਦੇ ਦਿੱਤੀ ਗਈ। ਮਹਿਕਮੇ ਨੇ 2537 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ। 

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-

https://play.google.com/store/apps/details?id=com.jagbani&hl=en

ਕਿਸਾਨ ਅੰਦੋਲਨ: ਕਿਸਾਨਾਂ ਨੂੰ ਕੇਂਦਰ ਦਾ ਰਸਮੀ ਸੱਦਾ, ਬੈਠਕ ਦਾ ਬਦਲਿਆ ਸਮਾਂ ਅਤੇ ਦਿਨ
ਨਵੀਂ ਦਿੱਲੀ/ਚੰਡੀਗੜ੍ਹ— ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਦਿੱਲੀ ਦੀਆਂ ਸੜਕਾਂ ’ਤੇ ਧਰਨਾ ਪ੍ਰਦਰਸ਼ਨ ਅੱਜ 33ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਕਿਸਾਨਾਂ ਅਤੇ ਸਰਕਾਰ ਵਿਚਾਲੇ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਜਾਰੀ ਵਿਵਾਦ ਹੁਣ ਗੱਲਬਾਤ ਵੱਲ ਵਧ ਰਿਹਾ ਹੈ। ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵਲੋਂ ਭੇਜੇ 4 ਸੂਤਰੀ ਏਜੰਡੇ ਮਗਰੋਂ ਅੱਜ ਰਸਮੀ ਸੱਦਾ ਭੇਜਿਆ ਹੈ। ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਦਾ ਸਮਾਂ ਅਤੇ ਦਿਨ ਦੋਵੇਂ ਹੀ ਬਦਲ ਦਿੱਤੇ ਹਨ। ਹੁਣ 29 ਦੀ ਥਾਂ 30 ਦਸੰਬਰ ਦੁਪਹਿਰ 2 ਵਜੇ ਵਿਗਿਆਨ ਭਵਨ ’ਚ ਬੈਠਕ ਹੋਵੇਗੀ, ਜਿਸ ’ਚ ਕਿਸਾਨੀ ਮੁੱਦੇ ’ਤੇ ਚਰਚਾ ਕੀਤੀ ਜਾਵੇਗਾ। 

ਪੰਜਾਬ ਦੇ ਮੰਤਰੀਆਂ ਦੀ 'ਅਸ਼ਵਨੀ ਸ਼ਰਮਾ' ਨੂੰ ਚਿਤਾਵਨੀ, 'ਮਰਿਆਦਾ ਦੀਆਂ ਹੱਦਾਂ ਪਾਰ ਨਾ ਕਰੋ'
ਚੰਡੀਗੜ੍ਹ : ਨੀਵੇਂ ਦਰਜੇ ਦੀ ਬਿਆਨਬਾਜ਼ੀ ਕਰਕੇ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਲਈ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ’ਤੇ ਵਰ੍ਹਦਿਆਂ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਨਿੰਦਣਯੋਗ ਅਤੇ ਅਣਉੱਚਿਤ ਵਤੀਰਾ ਅਪਣਾ ਕੇ ਮਰਿਆਦਾ ਦੀਆਂ ਹੱਦਾ ਪਾਰ ਨਾ ਕਰਨ।  

ਦੋਆਬਾ ਵਾਸੀਆਂ ਨੂੰ ਲੋਹੜੀ ਦਾ ਤੋਹਫ਼ਾ, ਇਸ ਤਾਰੀਖ਼ ਤੋਂ ਰੋਜ਼ਾਨਾ ਦਿੱਲੀ ਲਈ ਉਡਾਣ ਭਰੇਗੀ ਫਲਾਈਟ
ਜਲੰਧਰ (ਸਲਵਾਨ)— ਸਪਾਈਸਜੈੱਟ  ਨੇ ਜਲੰਧਰ ਵਾਸੀਆਂ ਨੂੰ ਲੋਹੜੀ ਦਾ ਤੋਹਫ਼ਾ ਦਿੰਦੇ ਹੋਏ ਅਗਲੇ ਸਾਲ 12 ਜਨਵਰੀ ਤੋਂ ਪੂਰਾ ਹਫ਼ਤਾ ਆਦਮਪੁਰ ਤੋਂ ਦਿੱਲੀ ਲਈ ਉਡਾਣ ਭਰਨ ਦਾ ਫ਼ੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਦੋਆਬਾ ਖੇਤਰ ਦੀ ਇਕਲੌਤੀ ਸ਼ਾਨ ਦੇ ਤੌਰ ’ਤੇ ਸ਼ੁਰੂਆਤੀ ਦੌਰ ’ਚ ਹੀ ਪਛਾਣ ਬਣਾਉਣ ਵਾਲੀ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਰਾਜਧਾਨੀ ਦਿੱਲੀ ਲਈ ਚੱਲਣ ਵਾਲੀ ਸਪਾਈਸਜੈੱਟ ਦੀ ਫਲਾਈਟ ਮੌਜੂਦਾ ਸਮੇਂ ਹਫ਼ਤੇ ’ਚ ਸਿਰਫ਼ 3 ਦਿਨ (ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ) ਨੂੰ ਹੀ ਦਿੱਲੀ-ਆਦਮਪੁਰ-ਦਿੱਲੀ ਲਈ ਉਡਾਣ ਭਰਦੀ ਹੈ। ਦੋਆਬੇ ਦੇ ਲੋਕਾਂ ਲਈ ਲੋਹੜੀ ਮੌਕੇ ਅਗਲੇ ਸਾਲ 12 ਜਨਵਰੀ ਤੋਂ ਇਹ ਹਫ਼ਤੇ ਦੇ ਸੱਤੇ ਦਿਨ ਦਿੱਲੀ-ਆਦਮਪੁਰ-ਦਿੱਲੀ ਲਈ ਉਡਾਣ ਭਰੇਗੀ। 

CBSE ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆ ਲਈ ਜਾਰੀ ਹੋਇਆ ਨਵਾਂ ਪੈਟਰਨ
ਲੁਧਿਆਣਾ (ਵਿੱਕੀ) : 4 ਦਿਨ ਬਾਅਦ ਨਵੇਂ ਸਾਲ ਦੀ ਪੂਰਬਲੀ ਸ਼ਾਮ ’ਤੇ ਜਿੱਥੇ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਜਮਾਤ ਦੀ ਡੇਟਸ਼ੀਟ ਜਾਰੀ ਕਰਨਗੇ, ਉੱਥੇ ਇਸ ਤੋਂ ਪਹਿਲਾਂ ਵਿਦਿਆਰਥੀਆਂ ਦੀਆਂ ਤਮਾਮ ਉਲਝਣਾਂ ਨੂੰ ਦੂਰ ਕਰਨ ਦੀ ਦਿਸ਼ਾ 'ਚ ਸੀ. ਬੀ. ਐੱਸ. ਈ. ਨੇ ਵੀ ਪਹਿਲ ਕਦਮੀ ਕੀਤੀ ਹੈ। ਇਸ ਲੜੀ ਤਹਿਤ ਸੀ. ਬੀ. ਐੱਸ. ਈ. ਨੇ ਵਿਦਿਆਰਥੀਆਂ ਨੂੰ ਰਾਹਤ ਦਿੰਦੇ ਪ੍ਰੀਖਿਆਵਾਂ ਦਾ ਐਡਵਾਂਸ ਸੈਂਪਲ ਜਾਰੀ ਕਰ ਦਿੱਤਾ ਹੈ, ਜਿਸ ਤੋਂ ਬੋਰਡ ਪ੍ਰੀਖਿਆਵਾਂ ਨੂੰ ਪ੍ਰਸ਼ਨ ਪੱਤਰ ਦੇ ਨਵੇਂ ਪੈਟਰਨ ਦੀ ਜਾਣਕਾਰੀ ਮਿਲੇਗੀ। ਐਡਵਾਂਸ ਸੈਂਪਲ ਪੇਪਰ ’ਚ ਦੱਸਿਆ ਗਿਆ ਹੈ ਕਿ ਕੇਸ ਸਟੱਡੀ ਦੇ ਪ੍ਰਸ਼ਨ ਦਾ ਉੱਤਰ ਕਿਵੇਂ ਦੇਣਾ ਹੈ।

ਕਿਸਾਨਾਂ ਦਾ ਐਲਾਨ- ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ, ਉਦੋਂ ਤੱਕ ਟੋਲ ਮੁਫ਼ਤ ਰਹਿਣਗੇ
ਹਰਿਆਣਾ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਧਰਨਾ-ਪ੍ਰਦਰਸ਼ਨ ਲਗਾਤਾਰ 33ਵੇਂ ਦਿਨ ਵੀ ਜਾਰੀ ਹੈ। ਉੱਥੇ ਹੀ ਹਰਿਆਣਾ ਦੇ ਬਸਤਾੜਾ ਟੋਲ 'ਤੇ ਕਿਸਾਨ ਤੀਜੇ ਦਿਨ ਵੀ ਧਰਨੇ 'ਤੇ ਰਹੇ। ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਜਦੋਂ ਤੱਕ ਸਰਕਾਰ ਤਿੰਨੋਂ ਕਾਲੇ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਸਾਰੇ ਟੋਲ ਮੁਫ਼ਤ ਰਹਿਣਗੇ ਅਤੇ ਧਰਨਾ ਵੀ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਕਿਸਾਨਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਨੇ ਕਿਸਾਨਾਂ ਨੂੰ ਉਲਟਾ ਸੜਕਾਂ 'ਤੇ ਖੜ੍ਹਾ ਕਰ ਦਿੱਤਾ। 

ਜਜ਼ਬੇ ਨੂੰ ਸਲਾਮ : ਕਿਸਾਨਾਂ ਦਾ ਸਾਥ ਦੇਣ ਲਈ ਵੀਲ੍ਹ ਚੇਅਰਾਂ 'ਤੇ ਦਿੱਲੀ ਚੱਲੇ ਸੰਗਰੂਰ ਦੇ 'ਅਪਾਹਜ'
ਸੰਗਰੂਰ (ਰਮਨਦੀਪ) : ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਲਗਾਤਾਰ ਦਿੱਲੀ ਵਿਖੇ ਮੋਰਚੇ 'ਤੇ ਡਟੇ ਹੋਏ ਹਨ ਅਤੇ ਹਰ ਵਰਗ ਦੇ ਲੋਕਾਂ ਵੱਲੋਂ ਉਨ੍ਹਾਂ ਦੀ ਹਮਾਇਤ ਕੀਤੀ ਜਾ ਰਹੀ ਹੈ। ਅੱਜ ਕਿਸਾਨ ਅੰਦੋਲਨ ਦਾ ਸਾਥ ਦੇਣ ਲਈ ਸੰਗਰੂਰ ਤੋਂ ਆਜ਼ਾਦ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ ਦੇ ਕਾਰਕੁੰਨ ਦਿੱਲੀ ਲਈ ਰਵਾਨਾ ਹੋਏ। ਇਸ ਮੌਕੇ ਆਗੂ ਚਮਕੌਰ ਸਿੰਘ ਨੇ ਕਿਹਾ ਕਿ ਅਸੀਂ ਜੱਥੇਬੰਦੀਆਂ ਦੇ ਹਰ ਫ਼ੈਸਲੇ ਦਾ ਸਮਰਥਨ ਕਰਦੇ ਹਾਂ। ਬੇਸ਼ੱਕ ਅਸੀਂ ਅਪਾਹਜ ਹਾਂ ਪਰ ਘਰਾਂ ‘ਚ ਬੈਠਣਾ ਸਾਨੂੰ ਸ਼ਰਮਸਾਰ ਕਰਦਾ ਹੈ। ਅਸੀਂ ਆਉਣ ਵਾਲੇ ਸਮੇਂ ‘ਚ ਭੁੱਖ-ਹੜਤਾਲ ਵੀ ਕਰਾਂਗੇ ਤਾਂ ਜੋ ਮੋਦੀ ਸਰਕਾਰ ਦੀ ਨੀਂਦ ਖੁੱਲ੍ਹ ਸਕੇ। 

ਪੰਜਾਬ 'ਚ 'ਕੋਰੋਨਾ ਟੀਕੇ' ਦਾ ਟ੍ਰਾਇਲ ਅੱਜ ਤੋਂ, ਸਰਕਾਰ ਨੇ ਖਿੱਚੀ ਪੂਰੀ ਤਿਆਰੀ
ਚੰਡੀਗੜ੍ਹ (ਸ਼ਰਮਾ) : 28 ਅਤੇ 29 ਦਸੰਬਰ ਨੂੰ ਕੋਰੋਨਾ ਟੀਕੇ ਦੇ ਮਸਨੂਈ ਅਭਿਆਸ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਐੱਸ. ਬੀ. ਐੱਸ. ਨਗਰ ਅਤੇ ਲੁਧਿਆਣਾ 'ਚ ਆਪਣੀ ਤਰ੍ਹਾਂ ਦੇ ਪਹਿਲੇ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਲਈ ਪੂਰੀ ਤਰ੍ਹਾਂ ਤਿਆਰ ਹੈ। ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਟੀਕਾਕਰਨ ਦੀ ਸ਼ੁਰੂਆਤ ਪੜਾਅਵਾਰ ਢੰਗ ਨਾਲ ਕਰਨ ਦੀ ਯੋਜਨਾ ਹੈ, ਜਿਸ ਲਈ ਸਿਹਤ ਮੁਲਾਜ਼ਮ, ਫਰੰਟਲਾਈਨ ਵਰਕਰ, ਬਜ਼ੁਰਗ ਅਤੇ ਸਹਿ-ਰੋਗਾਂ ਵਾਲੀ ਆਬਾਦੀ ਤਰਜੀਹੀ ਸਮੂਹ ਹਨ। 


ਸਾਲ 2020 : 'ਲੁਧਿਆਣਾ ਪੁਲਸ' 'ਤੇ ਸਭ ਤੋਂ ਭਾਰੂ ਰਿਹਾ 'ਕੋਰੋਨਾ', ਮੁਲਾਜ਼ਮਾਂ ਤੋਂ ਲੈ ਕੇ DCP ਤੱਕ ਆਏ ਲਪੇਟ 'ਚ
ਲੁਧਿਆਣਾ (ਰਿਸ਼ੀ) : ਪੰਜਾਬ ਭਰ ’ਚ ਕੋਰੋਨਾ ਦੀ ਲਪੇਟ ’ਚ ਆਉਣ ਵਾਲੇ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਕਮਿਸ਼ਨਰੇਟ ਪੁਲਸ ’ਤੇ ਕੋਰੋਨਾ ਭਾਰੀ ਰਿਹਾ। ਲੁਧਿਆਣਾ ਦੇ 431 ਮੁਲਾਜ਼ਮਾਂ ਤੋਂ ਲੈ ਕੇ ਅਫ਼ਸਰ ਪਾਜ਼ੇਟਿਵ ਹੋਏ। ਇਸ ਗਿਣਤੀ 'ਚ ਡੀ. ਸੀ. ਪੀ. ਰੈਂਕ ਕੇ ਅਫ਼ਸਰ ਵੀ ਸ਼ਾਮਲ ਹਨ,  ਭਾਵੇਂ ਕਿ ਕੋਵਿਡ-19 ਦੌਰਾਨ ਲੁਧਿਆਣਾ ਪੁਲਸ ਨੇ ਆਪਣੇ ਇਕ ਏ. ਸੀ. ਪੀ. ਅਨਿਲ ਕੋਹਲੀ ਅਤੇ ਇਕ ਏ. ਐੱਸ. ਆਈ. ਜਸਪਾਲ ਸਿੰਘ ਨੂੰ ਖੋਹਿਆ ਪਰ ਫਿਰ ਵੀ ਡਿਊਟੀ ’ਤੇ ਡਟੇ ਰਹੇ। ਹੁਣ ਤੱਕ ਕੋਰੋਨਾ ਨੂੰ ਮਾਤ ਦੇ ਚੁੱਕੇ ਕਮਿਸ਼ਨਰੇਟ ਪੁਲਸ ਦੇ 18 ਮੁਲਾਜ਼ਮ ਆਪਣੇ ਪਲਾਜ਼ਮਾ ਡੋਨੇਟ ਕਰ ਚੁੱਕੇ ਹਨ। 


 


Deepak Kumar

Content Editor

Related News