ਗਰਮੀ ਕਢਾ ਰਹੀ ਲੋਕਾਂ ਦੇ ਵੱਟ, ਸਿਹਤ ’ਤੇ ਵੀ ਪੈ ਰਿਹਾ ਮਾੜਾ ਅਸਰ, ਇੰਝ ਕਰ ਸਕਦੇ ਹੋ ਬਚਾਅ
Thursday, May 23, 2024 - 05:34 PM (IST)
ਕਪੂਰਥਲਾ (ਮਹਾਜਨ)-ਜੇਠ ਮਹੀਨੇ ਦੀ ਗਰਮੀ ਨੇ ਜਨਜੀਵਨ ’ਤੇ ਬਹੁਤ ਮਾੜਾ ਪ੍ਰਭਾਵ ਪਾਇਆ ਹੈ। ਹਾਲਾਤ ਇਹ ਬਣ ਗਏ ਹਨ ਕਿ ਇਨ੍ਹੀਂ ਦਿਨੀਂ ਦਿਨ ਦਾ ਤਾਪਮਾਨ 48 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਹੈ, ਜੋਕਿ ਪਿਛਲੇ ਸਾਲਾਂ ਨਾਲੋਂ ਕਿਤੇ ਵੱਧ ਹੈ। ਵਧਦੀ ਗਰਮੀ ਅਤੇ ਚੱਲਣ ਵਾਲੀ ਲੂ ਦੇ ਥਪੇੜਿਆਂ ਦਾ ਸਾਹਮਣਾ ਕਰਕੇ ਲੋਕ ਆਪਣੇ ਕੰਮਕਾਜ ਵਾਲੇ ਥਾਵਾਂ ’ਤੇ ਪਹੁੰਚ ਰਹੇ ਹਨ। ਇਸ ਵਧਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਬੱਚਿਆਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਸਾਰੇ ਸਕੂਲਾਂ ’ਚ ਛੁੱਟੀ ਦਾ ਐਲਾਨ ਕੀਤਾ ਹੈ।
ਹਾਲਾਤ ਇਹ ਬਣ ਗਏ ਹਨ ਕਿ ਹੁਣ 11 ਵਜੇ ਤੋਂ ਬਾਅਦ ਲੋਕ ਆਪਣੇ ਘਰਾਂ ਜਾਂ ਕੰਮ ਵਾਲੀਆਂ ਥਾਵਾਂ ਤੋਂ ਬਾਹਰ ਨਹੀਂ ਨਿਕਲਦੇ, ਜਿਸ ਕਾਰਨ ਜ਼ਿਆਦਾਤਰ ਬਾਜ਼ਾਰਾਂ ਅਤੇ ਮੁੱਖ ਸੜਕਾਂ ’ਤੇ ਆਵਾਜਾਈ ਆਮ ਨਾਲੋਂ ਬਹੁਤ ਘੱਟ ਹੈ। ਬਾਜ਼ਾਰਾਂ ’ਚ ਲੋਕਾਂ ਦੀ ਭੀੜ ਘੱਟ ਹੋਣ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਵੀ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਵਧਦੀ ਗਰਮੀ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਕੁਝ ਦਿਨਾਂ ਤੋਂ ਪਹਿਲਾਂ ਹੀ ਅਲਰਟ ਜਾਰੀ ਕਰਕੇ ਲੋਕਾਂ ਨੂੰ ਜ਼ਰੂਰੀ ਕੰਮਾਂ ਲਈ ਹੀ ਘਰਾਂ ਤੋਂ ਬਾਹਰ ਨਿਕਲਣ ਦੀ ਹਦਾਇਤ ਕੀਤੀ ਹੈ। ਅਜਿਹੇ ’ਚ ਲੋਕਾਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ।
ਇਹ ਵੀ ਪੜ੍ਹੋ- ਜਲੰਧਰ ਸੀਟ 'ਤੇ ਇਸ ਵਾਰ ਜ਼ਬਰਦਸਤ ਮੁਕਾਬਲਾ, ਜਾਣੋ ਕੀ ਹੈ ਹੁਣ ਤਕ ਦਾ ਇਤਿਹਾਸ
ਇਨਸਾਨੀਅਤ ਦਾ ਫਰਜ਼ ਨਿਭਾਓ
ਅਜਿਹੀ ਅੱਤ ਦੀ ਗਰਮੀ ਤੇ ਚੱਲਣ ਵਾਲੀ ਲੂ ਜਿੱਥੇ ਲੋਕਾਂ ਦੀ ਸਿਹਤ ’ਤੇ ਬੁਰਾ ਅਸਰ ਪਾ ਰਹੀ ਹੈ, ਉੱਥੇ ਇਨ੍ਹੀਂ ਦਿਨੀਂ ਸਾਡੇ ਲਈ ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਮਨੁੱਖਤਾ ਦਾ ਫਰਜ਼ ਨਿਭਾਉਂਦੇ ਹੋਏ ਸਾਨੂੰ ਆਪਣੇ ਘਰਾਂ ਦੀਆਂ ਛੱਤਾਂ ’ਤੇ ਪਾਣੀ ਨਾਲ ਭਰੇ ਮਿੱਟੀ ਦੇ ਬਰਤਨ ਰੱਖਣੇ ਚਾਹੀਦੇ ਹਨ ਤਾਂ ਜੋ ਕੋਈ ਵੀ ਪਿਆਸਾ ਪੰਛੀ ਆਪਣੀ ਪਿਆਸ ਬੁਝਾ ਸਕੇ। ਇਸ ਤੋਂ ਇਲਾਵਾ ਜੇਕਰ ਕੋਈ ਬੇਸਹਾਰਾ ਜੀਵ ਤੁਹਾਡੇ ਘਰ ਦੇ ਬਾਹਰ ਆਉਂਦਾ ਹੈ ਤਾਂ ਉਸ ਨੂੰ ਪੀਣ ਲਈ ਪਾਣੀ ਜ਼ਰੂਰ ਦਿਓ।
ਬੱਚਿਆਂ ਤੇ ਬਜ਼ੁਰਗਾਂ ਨੂੰ ਘਰੋਂ ਬਾਹਰ ਨਿਕਲਣ ਨਾ ਦਿਓ
ਜਿੱਥੇ ਵੱਧਦੀ ਗਰਮੀ ’ਚ ਸਾਨੂੰ ਆਪਣਾ ਧਿਆਨ ਰੱਖਣ ਦੀ ਲੋੜ ਹੈ। ਇਸ ਦੇ ਨਾਲ ਹੀ ਸਾਨੂੰ ਆਪਣੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਵੀ ਪੂਰਾ ਖਿਆਲ ਰੱਖਣਾ ਚਾਹੀਦਾ ਹੈ। ਸਾਨੂੰ ਬੱਚਿਆਂ ਤੇ ਬਜ਼ੁਰਗਾਂ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਘਰ ਤੋਂ ਬਾਹਰ ਨਹੀਂ ਜਾਣ ਦੇਣਾ ਚਾਹੀਦਾ ਕਿਉਂਕਿ ਇਸ ਗਰਮੀ ਦਾ ਉਨ੍ਹਾਂ ਦੀ ਸਿਹਤ ’ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।
ਇਹ ਵੀ ਪੜ੍ਹੋ- PM ਮੋਦੀ ਦੀ ਰੈਲੀ ਦੌਰਾਨ PAP ਫਲਾਈਓਵਰ ’ਤੇ ਨਹੀਂ ਚੱਲਣਗੇ ਹੈਵੀ ਤੇ ਕਮਰਸ਼ੀਅਲ ਵਾਹਨ, ਰੂਟ ਰਹੇਗਾ ਡਾਇਵਰਟ
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਹਾਲਾਂਕਿ ਗਰਮੀ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਵਿਸ਼ੇਸ਼ ਐਡਵਾਈਜਰੀ ਵੀ ਜਾਰੀ ਕੀਤੀ ਜਾਂਦੀ ਹੈ, ਜਿਨ੍ਹਾਂ ਅਨੁਸਾਰ ਅਸੀਂ ਕੁਝ ਗੱਲਾਂ ਦਾ ਧਿਆਨ ਰੱਖ ਕੇ ਇਸ ਭਿਆਨਕ ਗਰਮੀ ਦੇ ਕਹਿਰ ਤੋਂ ਬਚ ਸਕਦੇ ਹਾਂ।
-ਸਾਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ।
- ਸੂਰਜ ਦੀ ਰੌਸ਼ਨ ਦੇ ਸਿੱਧੇ ਸੰਪਰਕ ਤੋਂ ਬਚਣ ਲਈ ਬਾਹਰ ਜਾਂਦੇ ਸਮੇਂ ਛੱਤਰੀ ਦੀ ਵਰਤੋਂ ਕਰੋ।
-ਬਾਹਰ ਜਾਂਦੇ ਸਮੇਂ ਐਨਕਾਂ ਜ਼ਰੂਰ ਲਗਾਓ।
-ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਰੱਖੋ।
-ਸਰੀਰ ’ਚ ਪਾਣੀ ਦੀ ਕਮੀ ਹੋਣ ’ਤੇ ਗੁਲੂਕੋਜ਼, ਨਿੰਬੂ ਪਾਣੀ ਆਦਿ ਦਾ ਸੇਵਨ ਕਰੋ।
-ਪਤਲੇ ਤੇ ਹਵਾਦਾਰ ਕੱਪੜੇ ਪਾਓ।
ਇਹ ਵੀ ਪੜ੍ਹੋ-ਖਹਿਰਾ ਦੇ ਪ੍ਰਵਾਸੀਆਂ ਵਾਲੇ ਬਿਆਨ 'ਤੇ ਬੋਲੇ ਪ੍ਰਤਾਪ ਸਿੰਘ ਬਾਜਵਾ, ਕਿਹਾ-ਇਹ ਪਾਰਟੀ ਦਾ ਵਿਊ ਨਹੀਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8